ਮੇਰੇ ਦਾਦਾ ਜੀ ਬਹੁਤ ਰੋਅਬੀਲੇ ਸੁਭਾਅ ਦੇ ਮਾਲਕ ਸਨ ਤੇ ਨਾਮ ਵੀ ਮਾਲਕ ਰਾਮ ਸੀ ।ਕਿੱਤੇ ਤੋਂ ਉਹ ਡੈਂਟਿਸਟ ਸਨ ਤੇ ਰੱਬ ਨੇ ਹੱਥ ਜੱਸ ਤੇ ਸਵੈਭਰੋਸਾ ਵੀ ਬਹੁਤ ਬਖਸ਼ਿਆ ਸੀ ਤੇ ਇਲਾਕੇ ਵਿੱਚ ਉਹਨਾਂ ਦਾ ਨਾਂਓ ਚਲਦਾ ਸੀ ਜਿਸ ਕਰਕੇ ਸ਼ਖਸੀਅਤ ਵਿੱਚ ਹੋਰ ਵੀ ਨਿਖਾਰ ਆ ਗਿਆ ਸੀ ਵੰਡ ਤੋਂ ਬਾਅਦ ਦੇ ਆਪਣੇ ਓਸ ਸਮੇਂ ਵਿੱਚ ਵੀ ਉਹਨਾਂ ਨੇ ਪਾਕਿਸਤਾਨ ਤੋਂ ਇੱਧਰ ਆ ਕੇ ਆਪਣੇ ਹੁਨਰ ਨਾਲ ਘਰ-ਬਾਰ ਪੂਰਾ ਸਾਂਭ ਲਿਆ ਸੀ !
ਮੇਰੀ ਦਾਦੀ ਜੀ ਦੱਸਦੇ ਸਨ ਕਿ ਮਾਂ ਬਾਪ ਨੇ ਬਹੁਤ ਮੰਨਤਾਂ ਮੰਗ ਮੰਗ ਲਿਆ ਸੀ ਸੋ ਲਾਡ ਪਿਆਰ ਵਿੱਚ ਥੋੜਾ ਵੀ ਨਹੀਂ ਜ਼ਿਆਦਾ ਜਿੱਦੀ ਸੁਭਾਅ ਹੋ ਗਿਆ ਸੀ ਪਰ ਵਰ੍ਹਦੇ ਵੀ ਸਾਡੀ ਦਾਦੀ ਮਤਲਬ ਬੇਜੀ ਤੇ ਸਨ ਤੇ ਮੌਕਾ ਸਾਂਭਣਾ ਵੀ ਬੇਜੀ ਨੂੰ ਹੀ ਆਉਂਦਾ ਸੀ ।ਕਿਸੇ ਹੋਰ ਦੀ ਜੁਰਅੱਤ ਨਹੀਂ ਹੁੰਦੀ ਸੀ ਕਿ ਉਹਨਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਵੇਖ ਸਕੇ । ਉਹਨਾਂ ਦਾ ਰੋਅਬਦਾਰ ਅਕਸ ਜੋ ਮੇਰੇ ਮਨ ਤੇ ਓਸ ਸਮੇਂ ਉੱਕਰਿਆ ਓਸ ਤੋਂ ਬਾਅਦ ਮੈਂ ਕਿਸੇ ਹੋਰ ਦੀ ਉਸ ਤਰਾਂ ਦੀ ਰੋਅਬ ਵਾਲੀ ਸ਼ਖਸੀਅਤ ਨਹੀਂ ਵੇਖੀ !
ਸਾਡਾ ਸਾਂਝਾ ਪਰਿਵਾਰ ਸੀ ਤੇ ਤਿੰਨੋ ਨੂੰਹਾਂ ਤੇ ਪੋਤੇ ਪੋਤੀਆਂ ਨੂੰ ਬਹੁਤ ਪਿਆਰ ਕਰਦੇ ਸਨ ਤੇ ਕਿਸੇ ਨੂੰ ਵੀ ਅਸਲ ਨਾਮ ਨਾਲ ਨਹੀਂ ਬੁਲਾਉਂਦੇ ਸਨ…ਸਭ ਦੇ ਮਨ ਮੁਤਾਬਕ ਲਾਡਲੇ ਜਿਹੇ ਨਾਮ ਰੱਖੇ ਸਨ ਤੇ ਦੁਕਾਨ ਤੋਂ ਵਾਪਸੀ ਵੇਲੇ ਬੱਚਿਆਂ ਲਈ ਫਲ ਲਿਆਉਣਾ ਨਹੀਂ ਭੁੱਲਦੇ ਸਨ ਤੇ ਸਵੇਰੇ ਸਕੂਲ ਜਾਣ ਵੇਲੇ ਓਸ ਸਮੇ ਮੁਤਾਬਕ ਕੋਈ ਸਿੱਕਾ ਜਾਂ ਰੁਪਇਆ ਜ਼ਰੂਰ ਦਿੰਦੇ ਸਨ ਤੇ ਗੁਰੂ ਨਾਨਕ ਦੇਵ ਜੀ ਸਾਖੀ ਪੋਥੀ ਵਿੱਚੋਂ ਪੜ੍ਹ ਕੇ ਸੁਨਾਉਣ ਦੇ ਪੰਜ ਰੁਪਏ ਮਿਲਦੇ ਸਨ ਜਿਸ ਕਰਕੇ ਸਾਡੇ ਸਾਰੇ ਬੱਚਿਆਂ ਵਿੱਚ ਲੜਾਈ ਛਿੜ ਜਾਂਦੀ ਸੀ !
ਗੱਲ ਮੇਰੇ ਸਕੂਲ ਦੀ ਹੈ …ਮੇਰਾ ਸਕੂਲ ਪ੍ਰਾਈਵੇਟ ਸਕੂਲ ਸੀ ਤੇ ਪ੍ਰਿੰਸੀਪਲ ਜਿੰਨਾ ਨੂੰ ਸਭ ਪ੍ਰਧਾਨ ਜੀ ਕਹਿੰਦੇ ਸਨ ਬਹੁਤ ਸਖ਼ਤ ਸੁਭਾਅ ਦੇ ਸਨ ਜਾਂ ਦੂਜੀ ਜਾਂ ਤੀਜੀ ਜਮਾਤ ਸੀ ਮੇਰੀ ਤੇ ਮੈਨੂੰ ਉਹਨਾਂ ਤੋਂ ਬਹੁਤ ਡਰ ਲੱਗਦਾ ਸੀ ਤੇ ਉਹਨਾਂ ਦੇ ਦਫ਼ਤਰ ਸਾਹਮਣਿਓਂ ਜੇ ਭੁੱਲ ਭੁਲੇਖੇ ਕਦੇ ਮੈਨੂੰ ਲੰਘਣਾ ਵੀ ਪੈ ਜਾਂਦਾ ਸੀ ਤਾਂ ਮੈਂ ਸ਼ੂਟ ਵੱਟ ਲੈਂਦੀ ਸੀ । ਮੇਰੇ ਪੈਰ ਦੇ ਪਿੱਛੇ ਚਮੜੇ ਦੇ ਬੂਟ ਪਾਉਣ ਕਾਰਨ ਜਖਮ ਹੋ ਗਿਆ ਸੀ ਤੇ ਚੱਪਲ ਪਾ ਕੇ ਜਾਣ ਤੋਂ ਮੇਰੇ ਮਨ ਵਿੱਚ ਬਹੁਤ ਡਰ ਬੈਠ ਗਿਆ ਸੀ ਤੇ ਪ੍ਰਧਾਨ ਜੀਂ ਦੇ ਡੰਡੇ ਦੇ ਡਰ ਤੋਂ ਮੈਂਨੂੰ ਸਕੂਲ ਜਾਣਾ ਤੋਂ ਖੌਫ ਆਉਂਦਾ ਸੀ ਸੋ ਆਪਣੇ ਰਿਕਸ਼ੇ ਤੇ ਨਾ ਭੇਜ ਮੈਨੂੰ ਮੇਰੀ ਮੰਮੀ ਨੇ ਭਾਪਾ ਜੀ ਦੇ ਰਿਕਸ਼ੇ ਤੇ ਜੋ ਰੋਜ਼ਾਨਾ ਉਹਨਾਂ ਨੂੰ ਦੁਕਾਨ ਕੋ ਲਿਆਂਦਾ ਤੇ ਲੈ ਕੇ ਜਾਂਦਾ ਸੀ ਭੇਜ ਦਿੱਤਾ ਤਾਂ ਕਿ ਉਹ ਮੈਨੂੰ ਗੇਟ ਪਾਰ ਕਰਵਾ ਆਉਣ ।
ਥੋੜਾ ਲੇਟ ਵੀ ਸੀ ਤੇ ਗੇਟ ਦੇ ਬਾਹਰ ਕਤਾਰ ਲੱਗੀ ਸੀ ਦੇਰ ਨਾਲ ਆਉਣ ਵਾਲਿਆਂ ਦੀ ਤੇ ਯੂਨੀਫ਼ਾਰਮ ਦੀ ਘਾਟ ਵਾਲਿਆਂ ਦੀ ।ਮੇਰੀ ਵਾਰੀ ਆਈ ਤਾਂ ਪ੍ਰਧਾਨ ਜੀ ਨੇ ਰੋਕ ਲਿਆ …ਸਾਦਗੀ ਸੀ..ਖਬਰੇ ਰੋਅਬ ਸੀ ਜਾਂ ਅੜਬਾਈ ..ਭਾਪਾ ਜੀ ਨੇ ਮੈਨੂੰ ਗੇਟ ਤੋਂ ਅੰਦਰ ਵੱਲ ਧੱਕਦਿਆਂ ਉੱਚੀ ਆਵਾਜ਼ ਵਿੱਚ ਕਿਹਾ ..ਦਿੱਖਦਾ ਨਹੀਂ ਕੁੜੀ ਦੇ ਕਿੰਨੀ ਸੱਟ ਲੱਗੀ ਏ ਤੇ ਕੁੱਝ ਸ਼ਬਦ ਮੂੰਹ ਵਿੱਚ ਹੀ ਬੋਲ ਗਏ ਸਨ …ਜੋ ਮੈਨੂੰ ਤਾਂ ਪਤਾ ਸਨ ਉਹਨਾਂ ਦਾ ਮੈਨੂੰ ਅੰਦਾਜ਼ਾ ਨਹੀਂ …ਤੇ ਉਹਨਾਂ ਨੇ ਬੇਮਨੇ ਮੈਨੂੰ ਅੰਦਰ ਜਾਣ ਦਿੱਤਾ ਕਿਉ ਕਿ ਅਨੁਸ਼ਾਸਨ ਦੇ ਨਾਮ ਤੇ ਉਹਨਾਂ ਨੇ ਵੀ ਬਿਨਾ ਮਤਲਬ ਬੱਚਿਆਂ ਦੇ ਮਨ ਵਿੱਚ ਡਰ ਬਿਠਾਇਆ ਹੋਇਆ ਸੀ …ਚਾਹੇ ਅੱਜ ਅਧਿਆਪਕ ਹੋਣ ਦੇ ਨਾਤੇ ਭਾਪਾ ਜੀ ਦੇ ਇਸ ਬਰਤਾਵ ਤੋਂ ਮੈਂ ਸਹਿਮਤ ਨਹੀਂ ਹਾਂ ਪਰ ਬਾਲਮਨ ਤੇ ਉਹ ਮੇਰੇ ਲਈ ਇੱਕ ਹੀਰੋ ਬਣ ਗਏ ਸਨ ਜਿੰਨਾ ਨੇ ਮੈਨੂੰ ਜ਼ੁਲਮ ਤੋਂ ਬਚਾਇਆ ਸੀ !
ਸੱਚਮੁੱਚ ਦਾਦਾ ਦਾਦੀ ਅਤੇ ਨਾਨਾ ਨਾਨੀ ਦਾ ਪਿਆਰ ਵੀ ਇੱਕ ਅਨਮੋਲ ਸਰਮਾਇਆ ਹੈ ..ਤੇ ਅੱਜ ਉਹਨਾਂ ਦੇ ਦੁਨੀਆ ਤੋਂ ਜਾਣ ਤੋਂ ਕਈ ਵਰ੍ਹੇ ਬਾਅਦ ਵੀ ਉਂਵੇ ਹੀ ਉੱਕਰਿਆ ਹੋਇਆ ਹੈ ਹਲਕਾ ਜਿਹਾ ਬੁੱਲਾ ਆਇਆ ਕਿ ਆਇਆ ਤੇ ਮੁੜ ਪ੍ਰਤੱਖ ਆ ਸੁਰਜੀਤ ਹੋ ਜਾਂਦਾ ਹੈ !
ਕਿਰਨ ਅਰੋੜਾ
11/9/2023