ਅਭੁੱਲ ਯਾਦ | abhul yaad

ਅੱਜ ਸਾਡੇ ਘਰ ਕਿਸੇ ਦੇ ਵਿਆਹ ਦਾ ਸੱਦਾ ਪੱਤਰ ਆਇਆਂ ਜਿਸ ਨੂੰ ਵੇਖ ਕੇ ਮੈਨੂੰ ਆਪਣੀ ਭੂਆਂ ਜੀ ਦੀ ਕੁੜੀ ਦੇ ਵਿਆਹ ਦੀ ਯਾਦ ਆ ਗੀ ਕਿ ਅੱਜ ਕੱਲ੍ਹ ਦੇ ਵਿਆਹਾਂ ਵਿਚ ਬਸ ਜਿਸ ਦਿਨ ਜਾਣਾ ਹੁੰਦਾ ਹੈ। ਉਸ ਦਿਨ ਦਾ ਕੰਮ ਹੁੰਦਾ ਹੈ। ਬਸ ਸਵੇਰੇ ਜਾਉ ਤੇ ਦੋ ਘੰਟਿਆਂ ਵਿੱਚ ਵਿਆਹ ਨਿੱਬੜ ਜਾਂਦਾ ਹੈ। ਕੁੱਝ ਲੋਕਾਂ ਦੇ ਰੁਝੇਵੇਂ ਵਧ ਗਏ ਤੇ ਬਾਕੀ ਮੋਹ ਪਿਆਰ ਵੀ ਘਟ ਗਏ।
ਹਾਂ ਤੇ ਮੈਂ ਗੱਲ ਕਰ ਰਹੀ ਸੀ ਮੇਰੇ ਭੂਆਂ ਜੀ ਦੇ ਬੇਟੀ ਦੇ ਵਿਆਹ ਬਾਰੇ
ਉਸ ਵੇਲੇ ਕੀ ਸੀ ਕਿ ਮੇਰੇ ਭੂਆਂ ਜੀ ਤੇ ਫੁੱਫੜ ਜੀ ਵਿਆਹ ਤੋਂ ਮਹੀਨਾ ਪਹਿਲਾਂ ਹੀ ਵਿਆਹ ਦੀ ਗੰਡ ਦੇ ਗਏ ਸੀ ਕਿਉਂ ਜਿਓਂ ਅਸੀਂ ਨਾਨਕੇ ਸੀ। ਉਨ੍ਹਾਂ ਦੇ ਜਾਣ ਤੋਂ ਅਗਲੇ ਹੀ ਦਿਨ ਸਾਡੇ ਘਰ ਵੀ ਵਿਆਹ ਦੀ ਤਿਆਰੀ ਸ਼ੁਰੂ ਹੋ ਗਈ।
ਕਿਸੇ ਵੀ ਦੋਹਤੇ ਜਾਂ ਦੋਹਤੀ ਦਾ ਵਿਆਹ ਹੋਵੇ ਤਾਂ ਨਾਨਕਿਆਂ ਦਾ ਪਹਿਲਾਂ ਕੰਮ ਨਾਨਕੀ ਛੱਕ ਦਾ ਹੁੰਦਾ ਹੈ। (ਖਾਸ ਕਰਕੇ ਦੋਹਤੀ ਦੇ ਵਿਆਹ ਵਿਚ) ਓਸੇ ਤਰ੍ਹਾਂ ਸਾਡੇ ਘਰ ਵੀ ਜੀਤ ਭੈਣ ਲਈ ਨਾਨਕੀ ਛੱਕ ਦੀ ਤਿਆਰੀ ਸ਼ੁਰੂ ਹੋ ਗਈ। ਜਿਸ ਦਿਨ ਕੱਪੜੇ ਬਨਾਉਣ ਸ਼ਹਿਰ ਜਾਣਾ , ਮੰਮੀ ਹੋਣੀ ਵੇਲੇ ਸਿਰ ਹੀ ਕੰਮ ਨਿਬੇੜ ਕੇ ਵੇਹਲੀਆਂ ਹੋ ਗਈਆਂ । ਟਰੈਕਟਰ ਟਰਾਲੀ ਜੋੜ ਕੇ ਸਾਰਾ ਪਰਿਵਾਰ ਇਕੱਠੇ ਹੋ ਕੇ ਕੱਪੜੇ- ਲੱਤੇ ਲੈਣ ਗਏ। ਇਹਨਾਂ ਚਾਅ ਵੀ ਸ਼ਹਿਰ ਜਾਣਾ ਹੈ। ਐਵੇਂ ਹੀ ਸਾਰੀ ਤਿਆਰੀ ਕੀਤੀ ਗਈ। ਘਰੇ ਹੀ ਦਰਜ਼ੀ ਬੁਲਾਇਆ ਗਿਆ। ਸਭ ਦੇ ਕੱਪੜੇ ਸਲਾਈ ਕਰਨ ਨੂੰ।
ਭੂਆਂ ਦੇ ਘਰ ਤਾਂ ਜਿਹੜੀ ਰੌਣਕ ਹੋਣੀ ਹੀ ਸੀ, ਸਾਡੇ ਘਰ ਵੀ ਬਹੁਤ ਰੌਣਕ ਸੀ। ਘਰੇ ਰਹਿਣ ਲਈ ਨਾਨਕਿਆਂ ਵਿਚੋਂ ਮਾਮਾ ਮਾਮੀ ਬੁਲਾਏ ਗਏ ਤਾਂ ਜੁ ਸਾਰੇ ਜਣੇ ਆਰਾਮ ਨਾਲ ਵਿਆਹ ਵੇਖ ਕੇ ਆ ਸਕੀਏ, ਪਸ਼ੂਆਂ ਨੂੰ ਚੁਆ ਕੇ ਵੇਖਿਆਂ ਜਾਣ ਲੱਗਾ ਵੀ ਪਿੱਛੋਂ ਕੋਈ ਮੁਸ਼ਕਿਲ ਨਾ ਆਵੇ।
ਜਿਸ ਦਿਨ ਅਸੀ ਵਿਆਹ ਜਾਣਾ ਉਸ ਦਿਨ ਉਸ ਤੋਂ ਵੀ ਦੁੱਗਣਾ ਚਾਅ,
ਸਵੇਰੇ ਹੀ ਟਰੈਕਟਰ ਟਰਾਲੀ ਤਿਆਰ ਕੀਤੇ ਗਏ। ਟਰਾਲੀ ਵਿਚ ਫੂਸ ਵਿਛਾ ਕੇ ਉਤੇ ਵੱਡਾ ਸਾਰਾ ਪਲੜ (ਰੇਹ ਵਾਲੇ ਖ਼ਾਲੀ ਗੱਟੇ ਜੋੜ ਕੇ ਬਣਾਈ ਵੱਡੀ ਪੱਲੀ) ਵਿਛਾ ਦਿੱਤਾ। ਡੈਡੀ ਹੋਣੀ ਸਾਰੇ ਟਰੈਕਟਰ ਤੇ ਅਸੀਂ ਬੱਚੇ ਤੇ ਮੰਮੀ ਹੋਣੀਆਂ ਟਰਾਲੀ ਵਿਚ ਬੈਠ ਗਏ। ਇਸ ਤਰ੍ਹਾਂ ਅਸੀਂ ਵਿਆਹ ਵੇਖਣ ਗਏ।
ਅੱਜ ਕੱਲ੍ਹ ਜਦੋਂ ਕੋਈ ਵਿਆਹ ਹੁੰਦਾ ਹੈ। ਬਸ ਸਭ ਨਕਲੀ ਪਰਤੀਤ ਹੁੰਦਾ ਹੈ। ਤੇ ਉਹ ਮੇਰੀ ਜਿੰਦਗੀ ਦਾ ਇਹੋ ਜਿਹਾ ਵਿਆਹ ਸੀ।ਜਿਹੜਾ ਕਦੇ ਵੀ ਮੇਰੇ ਦਿਮਾਗ ਵਿਚੋਂ ਨਿੱਕਲ ਨਹੀਂ ਸਕਦਾ ।
ਰਮਨਦੀਪ ਕੌਰ

Leave a Reply

Your email address will not be published. Required fields are marked *