ਨਾਨਕੇ ਰਹਿੰਦਾ ਕਾਲਾ ਪੜਾਈ ਪੂਰੀ ਕਰਕੇ ਵਾਪਿਸ ਆਪਣੇ ਘਰ ਆ ਗਿਆ।ਵੱਡੇ ਸ਼ਹਿਰ ਵਿੱਚ ਘਰ ਹੋਣ ਕਰਕੇ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਸਰਕਾਰੀ ਨੌਕਰੀ ਮਿਲ ਜਾਵੇਗੀ। ਉਹ ਕੋਸ਼ਿਸ਼ ਕਰਨ ਲਗਿਆ । ਪਰ ਕਾਮਯਾਬੀ ਨਹੀ ਮਿਲੀ। ਇੱਕ ਦਿਨ ਉਦਾਸ ਜਿਹਾ ਬੈਠਾ ਸੀ ਜਿੱਥੇ ਸਾਰੇ ਬਾਬੇ ਤੇ ਰਿਟਾਇਰ ਬੰਦੇ ਇਕੱਠੇ ਹੋ ਕੇ ਬੈਠੇ ਸਨ। ਆ ਬਈ ਪੜਾਕੂ ਕੋਈ ਬਣਿਆ ਹੀਲਾ ਤੇਰੀ ਨੌਕਰੀ ਦਾ? ਬਾਪੂ ਗੋਰੇ ਨੇ ਪੁੱਛਿਆ? ਨਹੀਂ ਤਾਇਆ ਅਜੇ ਕੋਈ ਨਹੀਂ? ਪਰਿਉਂ ਤੁਰੇ ਆਉਂਦੇ ਛਿੰਦੇ ਨੇ ਕਿਹਾ;” ਮੈਂ ਕਰਾਂ ਕੋਈ ਹੀਲਾ? ਕਾਲੇ ਨੂੰ ਆਸ ਬੱਝੀ ਵੇਖ ਉਹ ਮੁਸਕੜੀਏਂ ਹੱਸਦਾ ਬੋਲਿਆ ,”ਚੱਲ ਫਿਰ ਮੇਰੇ ਨਾਲ ਕੱਲ ਨੂੰ ਤੇਰੀ ਇੰਟਰਵਿਊ ਕਰਵਾਈਏ।ਸੱਚ ਇਹ ਦੱਸ ਟਰੈਕਟਰ ਚਲਾਇਆ ਕਦੀ ਤੂੰ ?
ਕਾਲਾ ,”ਹਾਂ ਮੈਂ ਨਾਨਕੀ ਸਾਰੀ ਪੈਲੀ ਆਪ ਹੀ ਵਾਹੁੰਦਾ ਸਾਂ।‘ ਸਾਰੀ ਫਸਲ ਬੀ ਆੜਤੀਏ ਦੇ ਮੈਂ ਹੀ ਲਈ ਕੇ ਜਾਂਦਾ ਸਾਂ। ਇੱਕ ਵਾਰ ਤੇ ਪਹਿਲੀ ਟਰਾਲੀ ਉਸਦੀ ਦੁਕਾਨ ਤੇ ਲਾਹੁਣ ਉਸ ਨੇ ਮੈਨੂੰ ਪੱਗ ਤੇ ਡੱਬਾ ਮਿਠਾਈ ਦਾ ਦਿੱਤਾ ਸੀ।”
ਅੱਛਾ ਫਿਰ ਤਾਂ ਤੂੰ ਕੰਮ ਦਾ ਬੰਦਾ ਹੈ। ਸ਼ਾਮ ਨੂੰ ਛੋਟੀ ਗੱਡੀ ਦੀ ਟਰਾਈ ਕਰਾ ਕੇ ਕੱਲ ਤੈਨੂੰ ਗੱਡੀ ਤੇ ਚਾੜ ਦਿਆਂਗੇ।” ਨਾਲੇ ਦੰਦੀਆਂ ਕੱਢੀ ਜਾਵੇ।ਏਨੇ ਨੂੰ ਕੂੜੇ ਚੁੱਕਣ ਵਾਲੀ ਗੱਡੀ ਆ ਗਈ। ਉੱਚੀ ਸਾਰੀ ਕਹਿੰਦਾ,” ਓਏ ਰਮਰਖਿਆ ਕਲ੍ਹ ਕੋ ਇਸ ਲੜਕੇ ਕੋ ਅਪਨੇ ਸਾਥ ਲੇ ਜਾਨਾ। ਯੇ ਨਇਆ ਲੜਕਾ ਆਇਆ ਹੈ ਪੰਜਾਬ ਸੇ ਇਸ ਕੋ ਨੌਕਰੀ ਚਾਈਏ ਸਰਕਾਰੀ।ਤੇਰੇ ਕੰਮ ਕਾ ਬੰਦਾ ਹੈ।”
“ਕਿਉਂ ਬੀ ਕਾਲੇ ਤਿਆਰ ਏ?
ਫੱਟੇ ਤੇ ਬੈਠੇ ਕੁਝ ਤਮਾਸ਼ਬੀਨ ਹੱਸ ਪਏ ।ਤੇ ਕੁਝ ਨੇ ਝਾੜ ਪਾਈ ਛਿੰਦੇ ਨੂੰ।ਪਰ ਉਹ ਆਪਣੇ 10 ਟਰੱਕਾਂ ਦੀ ਮਾਲਕੀ ਤੇ ਹੰਕਾਰ ਵਿੱਚ ਟਿੱਚਰ ਕਰ ਇੱਕ ਮਾਸੂਮ ਜਿਹੇ ਦਿਲ ਨੂੰ ਡੂੰਘੀ ਸੱਟ ਮਾਰ ਗਿਆ। ਕਾਲਾ ਚੁੱਪ ਕਰਕੇ ਕਲੇਜੇ ਵਿੰਨਦੇ ਬੋਲ ਸੁਣ ਕੇ ਘਰ ਆ ਗਿਆ। ਕੂੜੇ ਵਾਲੀ ਗੱਡੀ ਚਲੀ ਗਈ ਪਰ ਕਾਲੇ ਦੇ ਮਨ ਵਿਚ ਛਿੰਦੇ ਪ੍ਰਤੀ ਸੜਆਂਦ ਭਰ ਗਈ ।
ਸਮਾਂ ਬੀਤਦਾ ਗਿਆ। ਵਕਤ ਨੇ ਪਰਵਾਜ਼ ਐਸੀ ਭਰੀ ਪਰਿਵਾਰ ਵਧਿਆ ਪਰ ਬਹੁਤੀ ਆਰਥਿਕਤਾ ਸੁਧਾਰ ਨਾ ਹੋਇਆ । ਜੀਵਕਾ ਚਲਦੀ ਰਹੀ।ਅੱਕ ਕੇ ਕਾਲਾ ਪਰਿਵਾਰ ਸਮੇਤ ਪੰਜਾਬ ਪਰਤ ਆਇਆ। ਕਈ ਕੰਮ ਕੀਤੇ ਅਖੀਰ ਆੜਤੀਆ ਬਣ ਸਫਲ ਹੋਇਆ। ਘਰ ਬਣਿਆ ਸੁੱਖ ਸਹੂਲਤਾਂ ਮਿਲੀਆਂ । ਕੋਈ ਵੀਹ ਕਿ ਸਾਲ ਬੀਤ ਗਏ।
ਨਵੇਂ ਘਰ ਦੀ ਖੁਸ਼ੀ ਵਿੱਚ ਕੁਝ ਪੁਰਾਣਾ ਸਮਾਨ ਉੱਥੇ ਹੀ ਛੱਡਣ ਦੀ ਬਜਾਏ ਕਿਸੇ ਲੋੜਵੰਦ ਨੂੰ ਦੇਣਾ ਚਾਹਿਆ ।ਕੁਝ ਦੇ ਦਿੱਤਾ ਵਾਧੂ ਕੂੜੇ ਵਾਲੀ ਗੱਡੀ ਨੂੰ ਚੁਕਾਉਣ ਮੰਨ ਬਣਾ ਲਿਆ। ਮੁੰਡੇ ਬੜਾ ਆਦਰ ਕਰਦੇ ਸਨ। ਕਿਹਾ ਕੱਲ੍ਹ ਨੂੰ ਲਈ ਜਾਇਓ। ਗੱਡੀ ਆਈ ਪਰ ਡਰਾਈਵਰ ਹੋਰ ਸੀ ਹੈਲਪਰ ਕੱਲ ਵਾਲੇ ਸਨ। ਡਰਾਈਵਰ ਵਾਹੋ ਦਾਹੀ ਘਰ ਵੱਲ ਅਹੁੜਿਆ। ਕਹਿੰਦਾ ਸਮਾਨ ਤਾਂ ਠੀਕ ਹੈ । ਜਦ ਬਰਾਂਡੇ ਵਿੱਚ ਅੱਗੇ ਖਲੋਤੇ ਕਾਲੇ ਨੂੰ ਖਲੋਤਾ ਵੇਖਿਆ ਤੇ ਪਛਾਣ ਵੇਖ ਮੁੜਨ ਲੱਗਾ। ਤਾਂ ਕਾਲਾ ਬੋਲਿਆ,” ਭਾਊ ਤੂੰ ਛਿੰਦਾ ਹੀ ਏਂ ਨਾ!” ਸਤਿ ਸ੍ਰੀ ਆਕਾਲ।
ਹਾਂ ਨਿੱਕੇ ਵੀਰ ਮੈਂ ਹੀ ਹਾਂ। ਬਾਹਰ ਜਾਣ ਲਗੇ ਨੂੰ ,” ਆ ਫਿਰ ਚਾਹ ਪੀਏ।
ਨਹੀ ਡਿਊਟੀ ਤੇ ਹਾਂ। ਫਿਰ ਕਦੇ ਸਹੀ । ਚਿਹਰੇ ਤੇ ਭਾਵ ਲੁਕਾਉਂਦਿਆਂ ਬੋਲਿਆ। ਤਦ ਤੱਕ ਮੁੰਡੇ ਸਮਾਨ ਲੱਦ ਚੁੱਕੇ ਸਨ।ਤੇ ਸਟੈਰਿੰਗ ਤੇ ਬੈਠ ਗੀਅਰ ਲਾ ਜਾ ਚੁੱਕਾ ਸੀ।
ਪਰ ਕਾਲੇ ਦੇ ਸਾਹਮਣੇ ਉਹ ਮੰਜਰ ਆ ਖਲੋਤਾ ਸੀ।ਜੌ ਉਹ ਕਦੀ ਨਹੀਂ ਸੀ ਭੁੱਲ ਸਕਿਆ ਸੀ। ਹਾਸੜ ਅਜੇ ਵੀ ਉਸਦੇ ਕੰਨਾਂ ਵਿਚ ਗੂੰਜਦੇ ਰਹਿੰਦੀ ਸੀ। ਪਰ ਅੱਜ ਛਿੰਦੇ ਨੂੰ ਵੇਖ ਖੁਸ਼ ਨਹੀਂ ਉਦਾਸ ਹੋਇਆ ਸੀ। ਫਿਰ ਉਸ ਉਪਰਲੇ ਮਾਲਿਕ ਵੱਲ ਦੁਆ ਲਈ ਹੱਥ ਜੋੜ ਦਿੱਤੇ।
“ਤੇਰੇ ਰੰਗ ਨਿਆਰੇ ਦਾਤਿਆ”।