ਵਹਿਮ ਭਰਮ ਤੇ ਅੰਧਵਿਸ਼ਵਾਸ ਕਈ ਲੋਕਾਂ ਨੂੰ ਲੱਖੋਂ ਕੱਖ ਬਣਾ ਦਿੰਦੇ ਹਨ। ਸਾਡੇ ਇਕ ਰਿਸ਼ਤੇਦਾਰੀ ਵਿਚੋਂ ਬੜਾ ਵਧੀਆ ਖੇਤੀ ਦਾ ਕਾਰੋਬਾਰ ਚੰਗਾ ਘਰਬਾਰ ਸੀ। ਬੜੇ ਚਾਅ ਨਾਲ ਮੁੰਡੇ ਦਾ ਵਿਆਹ ਕੀਤਾ , ਮੁੰਡਾ ਘੱਟ ਪੜ੍ਹਿਆ ਸੀ ਤੇ ਵਹੁਟੀ ਚੰਗੀ ਪੜ੍ਹੀ ਲਿਖੀ ਮਿਲ਼ ਗਈ, ਥੋੜ੍ਹੇ ਸਮੇਂ ਚ ਹੀ ਵਹੁਟੀ ਦਾ ਸਾਰੇ ਟੱਬਰ ਤੇ ਰੋਹਬ ਚੱਲਣ ਲੱਗ ਪਿਆ, ਘਰ ਦਾ ਕੰਮ ਕਰਕੇ ਰਾਜੀ ਨਹੀਂ ਸੀ ਅਖੇ ਮੈਂ ਤਾਂ ਅੱਗੇ ਹੋਰ ਪੜ੍ਹਨਾ ਚਾਹੁੰਦੀ ਹਾਂ ਤੇ ਜੋਰ ਪਾ ਕੇ ਪੜ੍ਹਨ ਲੱਗ ਪਈ, ਸਵੇਰੇ ਉੱਠ ਕੇ ਪੱਕੀਆਂ ਪਕਾਈਆਂ ਖਾ ਕੇ ਚਲੀ ਜਾਂਦੀ ਤੇ ਤਕਾਲ਼ਾਂ ਨੂੰ ਆ ਕੇ ਕੱਪੜੇ ਲਾਹ ਕੇ ਮਸ਼ੀਨ ਤੇ ਰੱਖ ਦੇਣੇ ਸੱਸ ਦੇ ਧੋਣ ਲਈ, ਦੋ ਕੁ ਸਾਲ ਏਦਾਂ ਚਲਦਾ ਰਿਹਾ, ਪੜ੍ਹਨ ਨਹੀਂ ਟਾਈਮ ਪਾਸ ਕਰਨ ਜਾਂਦੀ ਸੀ, ਫੇਲ੍ਹ ਫੂਲ੍ਹ ਹੋ ਕੇ ਪੜ੍ਹਨੋ ਤ ਹੱਟ ਗਈ, ਫਿਰ ਆਦਮੀ ਨੂੰ ਕੰਮ ਕਰਨ ਨਾ ਦੇਵੇ ਰੋਜ਼ਾਨਾ ਕਦੇ ਸ਼ਹਿਰ ਨੂੰ ਕਦੀ ਪੇਕਿਆਂ ਦੇ ਕਦੇ ਕਿਸੇ ਬਾਬੇ ਦੇ ਕਦੇ ਕਿਸੇ ਬਾਬੇ ਦੇ ਭਦਾੜੀਆਂ ਭਰਨ ਲੱਗ ਪਏ,
ਢਾਈ ਸਾਲ ਹੋ ਗਏ ਸੀ ਬੱਚਾ ਨਹੀਂ ਸੀ ਹੋਇਆ, ਖੇਤੀ ਦਾ ਕੰਮ ਪਛੜਦਾ ਗਿਆ ਤੇ ਉਹ ਆਦਮੀ ਨੂੰ ਲੈ ਕੇ ਬਡਭਾਗ ਸਿੰਘ ਦੇ ਡੇਰੇ 15-15 ਦਿਨ ਭਦਾੜੀਆਂ ਭਰਦੀ ਰਹਿੰਦੀ । ਸਿਆਣੇ ਕਹਿੰਦੇ ਹਨ ਕਿ (ਖੇਤੀ ਖਸਮਾ ਸੇਤੀ) ਇਸ ਸਾਲ ਫਸਲ ਬਿੱਲਕੁੱਲ ਹੋਈ ਨਾ ਤੇ ਇਹ ਸਭ ਕੁਝ ਦੇਖ ਕੇ ਪਿਓ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ, ਪਿਓ ਤੋਂ ਬਾਅਦ ਜਮੀਨ ਵੇਚਣ ਵੱਲ ਨੂੰ ਤੁਰ ਪਏ, ਪਰ ਬਡਭਾਗ ਸਿਓਂ ਦੇ ਡੇਰੇ ਲਗਾਤਾਰ ਜਾਂਦੇ ਰਹੇ ਉਨ੍ਹਾਂ ਦੱਸਿਆ ਕਿ ਤੁਹਾਡੇ ਘਰ ਅੰਦਰ ਬਾਲਕ ਨਾਥ ਦੀ ਜਗ੍ਹਾ ਹੈ ਉਹ ਬਣਾਓ ਤੁਹਾਡਾ ਪਾਰ ਉਤਾਰਾ ਹੋ ਜਾਵੇਗਾ। ਬਹੁਤ ਵਧੀਆ ਖੇਤਾਂ ਵਿੱਚ ਹੀ ਘਰ ਬਣਾਇਆ ਹੋਇਆ ਸੀ, ਲੌਬੀ ਅੰਦਰ ਪੁੱਟ ਕੇ ਜਗਾ ਬਣਾ ਲਈ ਤੇ ਮਾਨਤਾ ਕਰਨ ਲੱਗੇ, ਪਰ ਆਪਣੀ ਕੁਚਾਲ ਨਾ ਬਦਲੀ, ਓਸੇ ਕੁਚਾਲੇ ਤੁਰੇ ਫਿਰਦੇ ਰਹੇ ਤੇ ਤਿੰਨ ਚਾਰ ਸਾਲਾਂ ਵਿਚ ਜਮੀਨ ਵੇਚ ਕੇ ਖਾ ਲਈ, ਅੰਦਰ ਜਗ੍ਹਾ ਹੋਣ ਕਰਕੇ ਘਰ ਨਹੀਂ ਵਿਕਿਆ ਤੇ ਘਰ ਦੇ ਦਰਵਾਜ਼ੇ ਗੇਟ ਕੀ ਟੂਟੀਆਂ ਹਰ ਚੀਜ ਵੇਚ ਦਿੱਤੀ ਤੇ ਸਿਰਫ਼ ਇੱਟਾਂ ਦਾ ਢਾਂਚਾ ਹੀ ਰਹਿ ਗਿਆ। ਹੁਣ ਪਿੰਡ ਛੱਡ ਕੇ ਸ਼ਹਿਰ ਕਿਰਾਏ ਤੇ ਦੋ ਕਮਰੇ ਲੈ ਕੇ ਰਹਿੰਦੇ ਹਨ ਤੇ ਮੁੰਡਾ ਦਿਹਾੜੀ ਤੇ ਕਿਸੇ ਦਾ ਟਰੈਕਟਰ ਚਲਾਉੰਦਾ ਹੈ ਤੇ ਵਹੁਟੀ ਮਾੜੇ ਮੋਟੇ ਕੱਪੜੇ ਸਿਲਾਈ ਕਰਕੇ ਗੁਜਾਰਾ ਕਰਦੇ ਹਨ। ਬਹੁਤ ਸਮਝਾਇਆ ਪਰ ਉਸ ਜਨਾਨੀ ਨੇ ਕਿਸੇ ਦੀ ਨਹੀਂ ਮੰਨੀ, ਇਕ ਮਿਲਣ ਗਏ ਤਾਂ ਉਨ੍ਹਾਂ ਦੇ ਹਾਲਾਤ ਦੇਖ ਕੇ ਬਹੁਤ ਮਨ ਖਰਾਬ ਹੋਇਆ।
✍🏻ਜਿੰਦਰ ਸਿੰਘ!