ਜਦੋਂ ਸੰਨ 1998 ਵਿੱਚ ਮੇਰੀ ਬਦਲੀ ਬਟਾਲੇ ਹੋਈ, ਮੈਂ ਆਪਣੀ ਰਿਹਾਇਸ਼ ਅਰਬਨ ਇਸਟੇਟ ਬਟਾਲਾ ਵਿਖੇ ਕਰ ਲਈ। ਓਥੋਂ ਗੁਰੂਦਵਾਰਾ ਕੰਧ ਸਾਹਿਬ ਨੇੜੇ ਹੀ ਸੀ, ਪੈਦਲ ਜਾਕੇ ਗੁਰੂ ਘਰ ਦੇ ਦਰਸ਼ਨ ਕਰ ਆਈ ਦੇ ਸਣ। ਇਕ ਦਿਨ ਵੀਚਾਰ ਬਣਾਇਆ ਕਿ ਆਪਣੀ ਬਟਾਲੇ ਦੀਆਂ ਯਾਦਾਂ ਤਾਜ਼ਾ ਕਰਾਂ। ਮੈਂ ਆਪਣੇ ਮਿੱਤਰ ਕੁਲਵੰਤ ਸਿੰਘ ਬੇਦੀ ਹੁਰਾਂ ਨੂੰ, ਜਿਹੜੇ ਬਟਾਲੇ ਦੇ ਹਣ ਅਤੇ ਅਸੀਂ ਇਕੱਠੇ ਨੌਕਰੀ ਕੀਤੀ ਹੈ, ਫੋਨ ਕਰਕੇ ਗੁਰੂਦਵਾਰਾ ਕੰਧ ਸਾਹਿਬ ਬਾਰੇ ਜਾਣਕਾਰੀ ਦੇਣ ਲਈ ਬੇਨਤੀ ਕੀਤੀ।
ਗੁਰੂ ਨਾਨਕ ਦੇਵ ਜੀ ਦੀ ਮੰਗਨੀ ਬਟਾਲੇ ਰਹਿਣ ਵਾਲੇ ਖੱਤਰੀ ਮੂਲ ਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸਪੁੱਤਰੀ (ਮਾਤਾ) ਸੁਲੱਖਣੀ ਨਾਲ ਹੋ ਗਈ। ਭਾਦੋਂ ਸੂਦੀ ਸੱਤਵੀਂ ਸੰਮਤ 1544 ( ਸੰਨ 1487 ) ਨੂੰ ਗੁਰੂ ਜੀ ਬਰਾਤੀਆਂ ਸਮੇਤ ਸੁਲਤਾਨਪੁਰ ਲੋਧੀ ਤੋਂ ਬਟਾਲੇ ਪਹੁੰਚੇ। ਉਸ ਸਮੇਂ ਭਾਰੀ ਬਾਰਿਸ਼ ਹੋ ਰਹੀ ਸੀ, ਲਾੜੇ ਦੇ ਰੂਪ ਵਿੱਚ ਬਰਾਤ ਦੇ ਨਾਲ ਇਕ ਕੱਚੀ ਕੰਧ ਦੇ ਨਾਲ ਬਹਿ ਗਏ। ਉਦੋਂ ਇਕ ਮਾਈੇ ਨੇ ਗੁਰੂ ਸਾਹਿਬ ਨੂੰ ਕਿਹਾ ਕਿ ਬੱਚਾ ਇਹ ਕੰਧ ਡਿੱਗਣ ਵਾਲੀ ਹੈ, ਇੱਥੋਂ ਉੱਠ ਕੇ ਪਰੇ ਹੋ ਜਾ। ਗੁਰੂ ਸਾਹਿਬ ਨੇ ਆਖਿਆ ਮਾਤਾ ਭੋਲੀਏ ਇਹ ਕੰਧ ਹਮੇਸ਼ਾ ਕਾਇਮ ਰਹੇਗੀ ਅਤੇ ਇਹ ਕੰਧ ਸਾਡੇ ਵਿਆਹ ਦੀ ਯਾਦਗਾਰ ਹੋਵੇਗੀ।
ਗੁਰੂ ਨਾਨਕ ਜੀ ਨੇ ਪੁਰਾਣੀ ਰੀਤ ਮੁਤਾਬਕ ਅਗਨੀ ਦੁਆਲੇ ਫੇਰੇ ਲੈਣ ਤੋ ਇਨਕਾਰ ਕਰ ਦਿੱਤਾ। ਲਾਵਾਂ ਕਾਗਜ ਤੇ ਮੂਲ ਮੰਤਰ ਲਿਖ ਕੇ ਉਸਦੇ ਦੁਆਲੇ ਲਈਆਂ। ਗੁਰੂ ਜੀ ਨੇ ਸ਼ਬਦ ਗੁਰੂ ਨੂੰ ਤਰਜੀਹ ਦਿੱਤੀ। ਜਿਸ ਜਗਾਹ ਤੇ ਵਿਆਹ ਦੀਆਂ ਰਸਮਾਂ ਪੂਰੀਆਂ ਹੋਇਆ ਸਨ ਉਥੇ ਹੁਣ ਯਾਦਗਾਰ ਦੇ ਰੂਪ ਵਿੱਚ ਗੁਰੂਦਵਾਰਾ ਡੇਹਰਾ ਸਾਹਿਬ ਬਣਿਆ ਹੈ।
ਜਦੋਂ ਗੁਰੂ ਹਰਗੋਬਿੰਦ ਜੀ ਸੰਮਤ 1681 ਵਿੱਚ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹੁਣ ਬਟਾਲੇ ਆਏ, ਤਾਂ ਆਪ ਜੀ ਨੇ ਕੰਧ ਸਾਹਿਬ ਵਾਲਾ ਅਸਥਾਨ ਪਰਗਟ ਕੀਤਾ। ਬਾਬਾ ਗੁਰਦਿੱਤਾ ਜੀ ਦਾ ਵਿਆਹ ਭਾਈ ਰਾਮਾ ਮਲ ਖੱਤਰੀ ਦੀ ਸਪੁੱਤਰੀ ਅਨੰਤੁ ਜੀ ( ਬਾਦ ਵਿੱਚ ਇਹਨਾਂ ਦਾ ਨਾਮ ਨਿਹਾਲ ਕੌਰ ਰਖਿਆ ਗਿਆ) ਨਾਲ ਹੋਇਆ ਸੀ। ਇਥੇ ਹੁਨ ਗੁਰੂਦਵਾਰਾ ਸਤਕਰਤਾਰੀਆ ਸੂਸ਼ੋਬਿਤ ਹੈ।
ਪਾਕਿਸਤਾਨ ਬਣਨ ਤੋਂ ਪਹਿਲਾ ਇਕ ਮਾਤਾ ਜਿਸਦਾ ਨਾਮ ਜਮਨਾ ਦੇਵੀ ਦੱਸਿਆ ਜਾਂਦਾ ਹੈ ਉਹ ਕੱਚੀ ਕੰਧ ਕੋਲ ਚਰਖਾ ਕੱਤਦੀ ਸੀ ਅਤੇ ਆਏ ਗਏ ਨੂੰ ਫੁਲੀਆਂ ਦਾ ਪ੍ਰਸ਼ਾਦ ਦਿੰਦੀ ਸੀ। ਪਾਕਿਸਤਾਨ ਬਣਨ ਤੋਂ ਬਾਅਦ ਇਕ ਨਿਹੰਗ ਜਿਸਦਾ ਨਾਮ ਸੂਰਤ ਸਿੰਘ ਪਾਕਿਸਤਾਨ ਤੋਂ ਵੰਡ ਵੇਲੇ 1947 ਵਿਚ ਬਟਾਲਾ ਆਇਆ ਸੀ। ਉਸਨੇ ਮਾਤਾ ਦੀ ਸੇਵਾ ਵੇਖਕੇ, ਉਸ ਕੋਲੋਂ ਪੂਰੀ ਜਾਣਕਾਰੀ ਲਈ ਉਹ ਵੀ ਸੇਵਾ ਕਰਨ ਲਗ ਪਿਆ।
ਸੰਨ 1952 ਵਿੱਚ ਇਕ ਕਮੇਟੀ ਬਣਾਈ ਗਈ, ਮਾਤਾ ਤੋਂ ਜਗਾਹ ਖਰੀਦ ਕੇ, ਮੌਜੂਦਾ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਗਿਆ। ਕੱਚੀ ਕੰਧ ਦੁਆਲੇ ਸ਼ੀਸ਼ੇ ਦੀਆਂ ਕੰਧਾਂ ਕਰ ਦਿੱਤੀਆਂ ਹਨ। ਹੁਣ ਇਹ ਗੁਰੂਦਵਾਰਾ ਸਾਹਿਬ ਦਾ ਪ੍ਰਬੰਧ ਸ੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਚਲ ਰਿਹਾ ਹੈ।
ਬਟਾਲਾ ਸ਼ਹਿਰ ਵਿਖੇ ਹਰ ਸਾਲ ਬਾਬੇ ਦਾ ਵਿਆਹ ਪੁਰਬ ਵੱਡੇ ਪੱਧਰ ਤੇ ਮਨਾਇਆ ਜਾਂਦਾ ਹੈ। ਪਹਿਲਾਂ ਬਰਾਤ ਅੰਮ੍ਰਿਤਸਰ ਤੋਂ ਰੇਲ ਰਾਹੀਂ ਆਉਂਦੀ ਸੀ ਅਤੇ ਪੂਰੇ ਜੋਸ਼ ਨਾਲ ਬਟਾਲਾ ਰੇਲਵੇ ਸਟੇਸ਼ਨ ਉਤੇ ਬਰਾਤ ਦਾ ਸਵਾਗਤ ਕੀਤਾ ਜਾਂਦਾ ਸੀ। ਸੰਨ 2000 ਤੋਂ ਬਰਾਤ ਇਕ ਨਗਰ ਕੀਰਤਨ ਦੇ ਰੂਪ ਵਿੱਚ ਸੁਲਤਾਨਪੁਰ ਲੋਧੀ ਤੋਂ ਆਉਂਦੀ ਹੈ। ਬਟਾਲਾ ਸ਼ਹਿਰ ਵਿੱਚ ਨਗਰ ਕੀਰਤਨ ਦੇ ਰੂਪ ਵਿੱਚ ਗੁਰੂਦਵਾਰਾ ਕੰਧ ਸਾਹਿਬ ਤੋਂ ਚਲਦਾ ਹੈ ਅਤੇ ਪੂਰੇ ਸ਼ਹਿਰ ਦਾ ਚੱਕਰ ਲਾ ਕੇ ਗੁਰੂਦਵਾਰਾ ਡੇਹਰਾ ਸਾਹਿਬ ਤਕ ਜਾਂਦਾ ਹੈ।
ਇਸ ਸਾਲ ਇਹ ਪੂਰਬ 22.09.2023 ਨੂੰ ਮਨਾਇਆ ਜਾਵੇਗਾ।
ਗੁਰੂਦਵਾਰਾ ਸਾਹਿਬ ਦੀ ਜਾਣਕਾਰੀ ਜੀ ਮੈਂ ਆਪ ਦਰਸ਼ਨ ਕਿਤੇ ਸਣ ਅਤੇ ਆਪਣੇ ਮਿੱਤਰ ਤੋਂ ਇਕੱਠੀ ਕੀਤੀ ਹੈ। ਭੁੱਲ ਚੁੱਕ ਦੀ ਅਗਾਊਂ ਮਾਫ਼ੀ ਦਾ ਜਾਚਕ ਹਾਂ ਅਤੇ ਸੁਝਾਓ ਵਾਸਤੇ ਵੀ ਸੰਗਤਾਂ ਅੱਗੇ ਬੇਨਤੀ ਕਰਦਾ ਹਾਂ ਜੀ।
ਗੁਰੂਦਵਾਰਾ ਕੰਧ ਸਾਹਿਬ ਦੀ ਪੁਰਾਣੀ ਤਸਵੀਰ ਨੱਥੀ ਹੈ ਜੀ।
ਵਿਰੇਂਦਰ ਜੀਤ ਸਿੰਘ ਬੀਰ