ਸੰਨ 1995 ਦੇ ਫਰਵਰੀ ਮਹੀਨੇ ਦੇ ਪਹਿਲੇ ਹਫਤੇ ਦੀ ਗੱਲ ਏ ਜਦੋਂ ਅਸੀਂ ਸਾਡੇ ਸਰਕਾਰੀ ਮਿਡਲ ਸਕੂਲ ਈਨਾ ਬਾਜਵਾ ਤੋਂ ਅੱਠਵੀਂ ਦੇ ਸਲਾਨਾ ਬੋਰਡ ਇਮਤਿਹਾਨਾਂ ਲਈ ਫਰੀ ਹੋਣਾ ਸੀ। ਕਿਉਂਕਿ ਇਸ ਸਕੂਲ ਵਿੱਚ ਸਾਡੀ ਇਹ ਆਖਰੀ ਜਮਾਤ ਸੀ। ਇਸ ਲਈ ਵਿਦਾਇਗੀ ਪਾਰਟੀ ਤੇ ਗਰੁੱਪ ਫੋਟੋ ਬਾਰੇ ਜਮਾਤ ਇੰਚਾਰਜ ਮਾਸਟਰ ਕ੍ਰਿਸ਼ਨ ਲਾਲ ਜੀ ਨੇ ਕਈ ਦਿਨ ਪਹਿਲਾਂ ਹੀ ਸਾਰੀ ਜਮਾਤ ਨੂੰ ਦੱਸ ਦਿੱਤਾ ਸੀ
ਇਸ ਦੇ ਨਾਲ ਹੀ ਪਾਰਟੀ ਤੇ ਗਰੁੱਪ ਫੋਟੋ ਲਈ ਹਰ ਵਿਦਿਆਰਥੀ ਨੇ ਜਿੰਨੇ-ਜਿੰਨੇ ਰੁਪਏ ਜਮ੍ਹਾਂ ਕਰਵਾਉਣੇ ਸਨ ਉਸ ਲਈ ਵੀ ਸਾਰਿਆਂ ਨੂੰ ਕਹਿ ਦਿੱਤਾ ਸੀ ਤੇ ਇਹ ਸਖਤ ਹਦਾਇਤ ਵੀ ਸੀ ਕਿ ਹਰ ਵਿਦਿਆਰਥੀ ਨੇ ਇਸ ਦਿਨ ਹਰ ਹਾਲਤ ਵਿੱਚ ਸਕੂਲ ਵਿੱਚ ਹਾਜ਼ਰ ਰਹਿਣਾ ਹੈ।
ਅਸੀਂ ਅੱਠਵੀਂ ਚ ਕੁੱਲ ਛੱਤੀ ਵਿਦਿਆਰਥੀ ਸੀ ਸਾਨੂੰ ਵਿਦਾਇਗੀ ਪਾਰਟੀ ਦੇ ਰਹੀ ਸੱਤਵੀਂ ਜਮਾਤ ਵਿੱਚ ਲੱਗਭੱਗ ਤੀਹ ਤੋਂ ਪੈਂਤੀ।
ਪਾਰਟੀ ਵਾਲੇ ਦਿਨ ਅਸੀਂ ਸਹੀ ਸਮੇਂ ਤੋਂ ਪਹਿਲਾਂ ਹੀ ਸਕੂਲ ਪਹੁੰਚ ਗਏ ਤੇ ਇਸ ਤਰ੍ਹਾਂ ਹੀ ਸੱਤਵੀਂ ਜਮਾਤ ਦੇ ਮੋਢੀ ਵਿਦਿਆਰਥੀ ਤੇ ਵਿਦਿਆਰਥਣਾਂ ਜਿੰਨਾ ਨੇ ਅੱਗੇ ਹੋ ਕੇ ਇਸ ਸਮਾਗਮ ਨੂੰ ਕਰਨਾ ਸੀ ਉਹ ਵੀ ਸਭ ਆਉਣ ਸਾਰ ਤਿਆਰੀਆਂ ਵਿੱਚ ਜੁੱਟ ਗਏ।
ਇਸੇ ਤਰ੍ਹਾਂ ਨੌਂ ਕੁ ਵਜੇ ਜਿਵੇਂ ਹੀ ਸਰਦਾਰ ਬਹਾਲ ਸਿੰਘ ਹੁਣਾਂ ਨੇ ਸਕੂਲ ਲੱਗਣ ਤੋਂ ਪਹਿਲਾਂ ਦੀ ਘੰਟੀ ਮਾਰੀ ਉਦੋਂ ਤੱਕ ਸਾਰੇ ਵਿਦਿਆਰਥੀ ਤੇ ਅਧਿਆਪਕ ਸਾਹਿਬਾਨ ਸਕੂਲ ਵਿੱਚ ਹਾਜ਼ਰ ਹੋ ਚੁੱਕੇ ਸਨ। ਸਵੇਰ ਦੀ ਸਭਾ ਤੋਂ ਬਾਅਦ ਸਾਰੀਆਂ ਜਮਾਤਾਂ ਦੇ ਵਿਦਿਆਰਥੀ ਆਪਣੇ-ਆਪਣੇ ਕਮਰਿਆਂ ਵਿੱਚ ਚਲੇ ਗਏ ਤੇ ਛੇਵੀਂ ਜਮਾਤ ਨੂੰ ਉਸ ਦਿਨ ਅੱਧੀ ਛੁੱਟੀ ਸਾਰੀ ਕਰਨ ਬਾਰੇ ਪਹਿਲਾਂ ਹੀ ਦੱਸ ਦਿੱਤਾ ਗਿਆ ਸੀ।
ਅਸੀਂ ਉਸ ਦਿਨ ਪਹਿਲੀ ਵਾਰ ਸਕੂਲ ਬਿਨਾਂ ਝੋਲਿਆਂ ਤੋਂ ਆਏ ਸੀ ਤੇ ਸਭ ਨੇ ਸਕੂਲ ਵਰਦੀ ਦੀ ਥਾਂ ਆਪੋ-ਆਪਣੀ ਪਸੰਦ ਦੇ ਕੱਪੜੇ ਪਹਿਨੇ ਹੋਏ ਸਨ ਤੇ ਠੰਡ ਕਾਫੀ ਹੋਣ ਕਾਰਨ ਸਾਰਿਆਂ ਨੇ ਕੋਟੀਆਂ ਸਵਾਟਰ ਪਾਏ ਹੋਏ ਸਨ। ਮੈਂ,ਸਵਰਨ ਤੇ ਹਰਬੰਤ ਤਿੰਨਾਂ ਨੇ ਕਾਲੇ ਰੰਗ ਦੀਆਂ ਕਢਾਈ ਵਾਲੀਆਂ ਜਾਕਟਾਂ ਪਾਈਆਂ ਸਨ। ਜਿਹੜੀਆਂ ਕਿ ਸਾਡੀਆਂ ਭੈਣਾਂ ਨੇ ਆਪਣੇ ਲਈ ਪਿੰਡ ਫਿਰਦੇ ਕਸ਼ਮੀਰੀਆਂ ਤੋਂ ਲਈਆਂ ਸਨ ਪਰ ਅਸੀਂ ਤਿੰਨੇ ਜਿੱਦ ਕਰਕੇ ਉਹ ਪਾ ਕੇ ਆਏ ਸੀ ਤਾਂ ਜੋ ਸਾਡੀ ਟੌਹਰ ਬਣੇ।
ਸਾਡੀ ਸਾਰੀ ਜਮਾਤ ਦੇ ਮੁੰਡੇ ਪਾਰਟੀ ਸ਼ੁਰੂ ਹੋਣ ਤੋਂ ਪਹਿਲਾਂ ਗਰਾਊਂਡ ਵਿੱਚ ਚਹਿਲ-ਕਦਮੀ ਕਰਦੇ ਫਿਰ ਰਹੇ ਸੀ। ਸਭ ਨੂੰ ਗਰੁੱਪ ਫੋਟੋ ਤੋਂ ਪਹਿਲਾਂ ਹੋਣ ਵਾਲੇ ਰੰਗਾਂ-ਰੰਗ ਪ੍ਰੋਗਰਾਮ,ਤੇ ਪਾਰਟੀ ਵਿੱਚ ਚਾਹ ਨਾਲ ਮਿਲਣ ਵਾਲੇ ਸਮੋਸੇ,ਬਰਫੀ,ਤੇ ਕੇਲਿਆਂ ਦਾ ਬਹੁਤ ਚਾਅ ਸੀ।
ਸਕੂਲ ਦੀ ਸੜਕ ਨਾਲ ਲੱਗਦੀ ਕੰਧ ਉਤੋਂ ਦੀ ਮੈਨੂੰ ਇੱਕ ਗੁਲਾਬੀ ਰੰਗੀ ਪੱਗ ਦਿਖਾਈ ਦੇ ਰਹੀ ਸੀ, ਮੈਂ ਵੀ ਦੂਰੋਂ ਹੀ ਉਸਨੂੰ ਪਹਿਚਾਣ ਲਿਆ ਸੀ।ਉਸਨੇ ਆਪਣਾ ਸਾਇਕਲ ਰਾਜਾ ਰਾਮ ਦੀ ਹੱਟੀ ਤੇ ਖੜਾ ਕਰ ਦਿੱਤਾ ਸੀ ਤੇ ਆਪ ਕਿਸੇ ਝਿਜਕ ਵਿੱਚ ਸਕੂਲ ਅੰਦਰ ਆਉਣ ਦੀ ਬਜਾਇ ਬਾਹਰ ਹੀ ਗੇੜੇ ਕੱਢ ਰਿਹਾ ਸੀ।
ਉਹ ਸਕੂਲ ਅਕਸਰ ਨੰਗੇ ਸਿਰ ਹੀ ਆਉਂਦਾ ਹੁੰਦਾ ਸੀ ਕਿਉਂਕਿ ਉਸ ਦੇ ਸਿਰ ਵਾਲੇ ਵਾਲ ਕੱਟੇ ਹੋਏ ਸਨ। ਪਰ ਅੱਜ ਉਹ ਪੱਗ ਬੰਨਕੇ ਆਇਆ ਸੀ ਤੇ ਪੱਗ ਵੀ ਉਹ ਜਿਹੜੀ ਅਜੇ ਕੁਝ ਦਿਨ ਪਹਿਲਾਂ ਉਸਨੇ ਆਪਣੇ ਭਰਾ ਦੀ ਜੰਞ ਵਿੱਚ ਸਰਬਾਲਾ ਬਣਨ ਵੇਲੇ ਬੰਨੀ ਸੀ। ਪੱਗ ਦੇ ਥੱਲੇ ਉਹ ਹੀ ਖੱਦਰ ਦਾ ਤੌਲੀਆ ਜਿਹੜਾ ਸਰਬਾਲ੍ਹੇ ਬਣੇ ਦੇ ਉਸਦੇ ਗਲ ਵਿੱਚ ਪਾਇਆ ਹੋਇਆ ਸੀ ਅੱਜ ਫਿਫਟੀ ਬਣਕੇ ਪੱਗ ਦੀ ਟੂਟੀ ਵਿੱਚੋਂ ਦੀ ਦਿਖਾਈ ਦੇ ਰਿਹਾ ਸੀ।
ਅਸੀਂ ਗੇਟ ਤੇ ਜਾ ਕੇ ਉਸਨੂੰ ਆਪਣੇ ਨਾਲ ਗਰਾਉਂਡ ਵਿੱਚ ਲੈ ਆਏ। ਸਾਹਮਣੇ ਦਫਤਰ ਮੂਹਰੇ ਬੈਠੇ ਅਧਿਆਪਕਾਂ ਨੂੰ ਦੇਖ ਕੇ ਉਹ ਅੰਦਰ ਆਉਣ ਤੋਂ ਡਰ ਰਿਹਾ ਸੀ।
ਗੁਲਾਬੀ ਪੱਗ ਤੇ ਨਵੇਂ ਕੱਪੜਿਆਂ ਵਿੱਚ ਉਹ ਬਹੁਤ ਫਬ ਰਿਹਾ ਸੀ। ਮੈਂ ਉਸ ਨੂੰ ਪਹਿਲਾਂ ਕਦੇ ਇਸ ਤਰ੍ਹਾਂ ਸਕੂਲ ਆਏ ਨੂੰ ਨਹੀਂ ਸੀ ਦੇਖਿਆ।
ਉਸਨੂੰ ਅੱਜ ਹੋਣ ਵਾਲੀ ਗਰੁੱਪ ਫੋਟੋ ਬਾਰੇ ਆਪਣੇ ਪਾਸੇ ਦੇ ਜਮਾਤੀ ਮੁੰਡਿਆਂ ਤੋਂ ਪਤਾ ਲੱਗਿਆ ਸੀ। ਉਸਨੂੰ ਬਹੁਤ ਚਾਅ ਸੀ ਕਿ ਉਹ ਵੀ ਗਰੁੱਪ ਫੋਟੋ ਵਿੱਚ ਸ਼ਾਮਲ ਹੋਵੇ।
ਜਦੋਂ ਉਸਨੇ ਆਪਣੀ ਇਸ ਇੱਛਾ ਬਾਰੇ ਸਾਨੂੰ ਦੱਸਿਆ ਤਾਂ ਅਸੀਂ ਉਸਨੂੰ ਇਹ ਕਿਹਾ ਕਿ ਪਹਿਲਾਂ ਜਮਾਤ ਇੰਚਾਰਜ ਸਾਹਿਬ ਨਾਲ ਇਸ ਬਾਰੇ ਗੱਲ ਕਰਨੀ ਜ਼ਰੂਰੀ ਹੈ ਤੇ ਕਿਤੇ ਇਹ ਨਾ ਹੋਵੇ ਕਿ ਐਨ ਮੌਕੇ ਤੇ ਉਸਨੂੰ ਫੋਟੋ ਚੋਂ ਬਾਹਰ ਕੱਢ ਦਿੱਤਾ ਜਾਵੇ।
ਉਹ ਸੁਭਾਅ ਦਾ ਬਹੁਤ ਨਰਮ ਤੇ ਸੰਗਾਊ ਕਿਸਮ ਦਾ ਹੋਣ ਕਰਕੇ ਮਾਸਟਰ ਜੀ ਦੇ ਮੱਥੇ ਲੱਗਣ ਤੋਂ ਝਿਜਕ ਰਿਹਾ ਸੀ ਪਰ ਸਾਡੇ ਵਾਰ-ਵਾਰ ਕਹਿਣ ਤੇ ਉਹ ਮਾਸਟਰ ਜੀ ਕੋਲ ਚਲਾ ਗਿਆ ਤੇ ਆਪਣੀ ਇੱਛਾ ਬੈਠੇ ਸਾਰੇ ਅਧਿਆਪਕ ਸਾਹਿਬਾਨ ਕੋਲ ਰੱਖ ਦਿੱਤੀ।
ਉਸ ਦੀ ਗੱਲ ਸੁਣਕੇ ਜਮਾਤ ਇੰਚਾਰਜ ਮਾਸਟਰ ਕ੍ਰਿਸ਼ਨ ਲਾਲ ਜੀ ਤੇ ਬਾਕੀ ਅਧਿਆਪਕਾਂ ਨੇ ਇਹ ਕਹਿੰਦੇ ਹੋਏ ਇਸ ਲਈ ਜਵਾਬ ਦੇ ਦਿੱਤਾ ਕਿ ਹੁਣ ਉਹ ਇਸ ਜਮਾਤ ਤੇ ਸਕੂਲ ਦਾ ਵਿਦਿਆਰਥੀ ਨਹੀਂ ਹੈ ਤੇ ਇਸ ਕਰਕੇ ਉਹ ਅੱਠਵੀਂ ਜਮਾਤ ਦੀ ਗਰੁੱਪ ਫੋਟੋ ਵਿੱਚ ਸ਼ਾਮਲ ਨਹੀਂ ਹੋ ਸਕਦਾ, ਹਾਂ ਪਰ ਜੇਕਰ ਗਰੁੱਪ ਫੋਟੋ ਤੋਂ ਬਿਨਾਂ ਕੋਈ ਹੋਰ ਫੋਟੋ ਆਪਣੀ ਜਮਾਤ ਦੇ ਵਿਦਿਆਰਥੀਆਂ ਨਾਲ ਕਰਵਾਉਣਾ ਚਾਹੁੰਦਾ ਹੈ ਤਾਂ ਉਹ ਕਰਵਾ ਸਕਦਾ ਹੈ ਇਸ ਲਈ ਉਸਨੂੰ ਕੋਈ ਰੋਕ ਨਹੀਂ।
ਅਸਲ ਵਿੱਚ ਅਧਿਆਪਕ ਸਾਹਿਬਾਨ ਆਪਣੀ ਥਾਂ ਤੇ ਸਹੀ ਸਨ ਕਿਉਂਕਿ ਕੁਝ ਸਮਾਂ ਪਹਿਲਾਂ ਹੀ ਉਸਦਾ ਲੰਮੀ ਗੈਰਹਾਜ਼ਰੀ ਕਾਰਨ ਸਕੂਲ ਵਿੱਚੋਂ ਨਾਂ ਕੱਟਿਆ ਗਿਆ ਸੀ। ਪਹਿਲਾਂ ਤਾਂ ਉਹ ਸ਼ਾਇਦ ਕਿਸੇ ਘਰੇਲੂ ਕਾਰਨ ਕਰਕੇ ਕਦੇ-ਕਦੇ ਸਕੂਲ ਚੋਂ ਗੈਰ ਹਾਜ਼ਰ ਰਹਿੰਦਾ ਸੀ ਪਰ ਆਪਣੇ ਭਰਾ ਦੇ ਵਿਆਹ ਤੋਂ ਬਾਅਦ ਉਹ ਲਗਾਤਾਰ ਗੈਰਹਾਜ਼ਰ ਚਲਦਾ ਰਿਹਾ,ਮਾਸਟਰ ਜੀ ਨੇ ਉਸਨੂੰ ਕਈ ਸੁਨੇਹੇ ਭੇਜੇ ਪਰ ਊਹ ਸਕੂਲ ਨਾ ਆਇਆ ਤੇ ਅੱਕ ਕੇ ਉਸਦਾ ਨਾਂ ਹੀ ਕੱਟ ਦਿੱਤਾ।
ਮੇਰਾ ਉਹ ਖ਼ਾਸ ਮਿੱਤਰ ਸੀ ਤੇ ਅੱਜ ਵੀ ਹੈ।ਪਰ ਘਰ ਦੀਆਂ ਮਜ਼ਬੂਰੀਆਂ ਕਾਰਨ ਉਸ ਦੀ ਪੜ੍ਹਾਈ ਵਿੱਚ ਬਹੁਤੀ ਰੁਚੀ ਨਹੀਂ ਸੀ ਤੇ ਇਸ ਕਾਰਨ ਹੀ ਉਹ ਅੱਠਵੀਂ ਦੀ ਪੜ੍ਹਾਈ ਅੱਧ ਵਿਚਕਾਰੋਂ ਛੱਡ ਗਿਆ ਸੀ।
ਜਦੋਂ ਉਸ ਨੂੰ ਮਾਸਟਰ ਜੀ ਨੇ ਫੋਟੋ ਲਈ ਜਵਾਬ ਦੇ ਦਿੱਤਾ ਤਾਂ ਉਸ ਦਾ ਚਿਹਰਾ ਇੱਕ ਦਮ ਬੁਝ ਗਿਆ। ਉਸ ਦੀਆਂ ਅੱਖਾਂ ਵਿੱਚ ਪਾਣੀ ਸੀ ਤੇ ਇੱਕ ਪਛਤਾਵਾ ਵੀ ਕਿ ਜੇਕਰ ਉਹ ਪੜ੍ਹਾਈ ਵਿਚਕਾਰੋਂ ਨਾ ਛੱਡਦਾ ਤਾਂ ਉਸ ਨੂੰ ਫੋਟੋ ਲਈ ਤਰਲਾ ਨਹੀਂ ਸੀ ਕਰਨਾ ਪੈਣਾ।
ਰੰਗਾਂ-ਰੰਗ ਪ੍ਰੋਗਰਾਮ ਤੇ ਫੇਰ ਚਾਹ ਪਾਰਟੀ ਤੋਂ ਬਾਅਦ ਸਾਰੇ ਵਿਦਿਆਰਥੀ ਤੇ ਵਿਦਿਆਰਥਣਾਂ, ਤੇ ਅਧਿਆਪਕ ਸਾਹਿਬਾਨ ਗਰਾਊਂਡ ਵਿੱਚ ਆ ਗਏ ਤੇ ਸਭ ਤੋਂ ਪਹਿਲੀ ਕਤਾਰ ਵਿੱਚ ਕੁਝ ਕੁੜੀਆਂ ਦਰੀ ਵਿਛਾ ਕੇ ਬੈਠ ਗਈਆਂ ਤੇ ਫੇਰ ਕੁਰਸੀਆਂ ਤੇ ਅਧਿਆਪਕ ਸਾਹਿਬਾਨ ਬੈਠ ਗਏ ਤੇ ਉਸ ਤੋਂ ਪਿੱਛੋਂ ਫੇਰ ਕੁੜੀਆਂ ਦੀ ਇੱਕ ਕਤਾਰ ਤੋਂ ਸਭ ਤੋਂ ਪਿੱਛੋਂ ਦੋ ਕਤਾਰਾਂ ਵਿੱਚ ਬੈਚਾਂ ਤੇ ਮੁੰਡੇ ਖੜ ਗਏ ਨਾਲ ਹੀ ਸਫ਼ਾਈ ਸੇਵਕ ਸੋਨੀ ਰਾਮ ਤੇ ਸੇਵਾਦਾਰ ਸ੍ਰ ਬਹਾਲ ਸਿੰਘ।
ਫੋਟੋ ਹੋਣ ਵੇਲੇ ਵੀ ਉਹ ਸਾਹਮਣੇ ਹੀ ਖੜਾ ਸੀ ਤੇ ਉਸ ਦੇ ਚਿਹਰੇ ਉਤੇ,ਇਸ ਵਿੱਚ ਸ਼ਾਮਲ ਨਾ ਹੋਣ ਦਾ ਦਰਦ ਸਾਫ ਦਿਖਾਈ ਦੇ ਰਿਹਾ ਸੀ। ਤੇ ਮੇਰੇ ਸਮੇਤ ਬਾਕੀ ਵਿਦਿਆਰਥੀਆਂ ਦੇ ਮਨ ਵਿੱਚ ਉਸ ਨਾਲ ਹਮਦਰਦੀ ਸੀ ਕਿ ਕਾਸ਼..! ਉਹ ਅੱਜ ਸਾਡੇ ਨਾਲ ਖੜਾ ਹੁੰਦਾ।
ਬਾਅਦ ਵਿੱਚ ਅਸੀਂ ਸਾਰਿਆਂ ਨੇ ਆਪਣੇ ਆਪਣੇ ਮਿੱਤਰਾਂ ਨਾਲ ਫੋਟੋਆਂ ਕਰਵਾਈਆਂ ,ਜਿੰਨਾ ਵਿੱਚ ਉਹ ਵੀ ਸ਼ਾਮਲ ਸੀ। ਇਹ ਸਾਡੇ ਸਭ ਲਈ ਸਕੂਨ ਦੇਣ ਵਾਲਾ ਸੀ ਤੇ ਫੇਰ ਅਸੀਂ ਸਾਰੇ ਉਸ ਦਿਨ ਸਕੂਲ ਤੋਂ ਬੋਰਡ ਦੇ ਇਮਤਿਹਾਨਾਂ ਲਈ ਫਰੀ ਹੋ ਕੇ ਆਪੋ ਆਪਣੇ ਘਰਾਂ ਨੂੰ ਆ ਗਏ।
ਅੱਜ ਵੀ ਜਦੋਂ ਉਹ ਗਰੁੱਪ ਫੋਟੋ ਦੇਖਦਾਂ ਹਾਂ ਤਾਂ ਉਸ ਦਿਨ ਦਾ ਵਾਕਿਆਤ ਮੇਰੀਆਂ ਅੱਖਾਂ ਅੱਗੇ ਫਿਲਮ ਬਣਕੇ ਘੁੰਮ ਜਾਂਦਾ ਹੈ। ਕਾਸ਼..! ਉਹ ਵੀ ਉਸ ਯਾਦਗਾਰੀ ਗਰੁੱਪ ਫੋਟੋ ਦਾ ਹਿੱਸਾ ਹੁੰਦਾ।
ਹਰਜੀਤ ਸਿੰਘ ਖੇੜੀ
16-09-23