ਕੁਝ ਦਲੀਲ ਦਿੰਦੇ ਹੁਣ ਖਹਿੜਾ ਛੱਡੋ..ਗੱਲ ਪੁਰਾਣੀ ਹੋ ਗਈ..ਪਰ ਓਹਨਾ ਲਈ ਤੇ ਨਹੀਂ ਜਿਹਨਾਂ ਆਪਣਾ ਜੀ ਗਵਾਇਆ..ਭੰਗ ਦੇ ਭਾੜੇ..ਬਿਨਾ ਕਿਸੇ ਕਸੂਰ ਦੇ..ਇੱਕ ਬਾਪ ਇਨਸਾਫ ਉਡੀਕਦਾ ਚਲਾ ਗਿਆ..!
ਪਰ ਓਦੋਂ ਗੁੱਡੀ ਹਵਾ ਵਿਚ ਸੀ..ਬੱਦਲਾਂ ਤੋਂ ਕਿਤੇ ਉੱਚੀ..ਜਮੀਨ ਦਿਸਣੋਂ ਹਟ ਗਈ..ਤਿੰਨੋਂ ਸੋਚਣ ਲੱਗੇ ਅਸੀਂ ਰੱਬ ਹਾਂ ਸਰਬਵਿਆਪਕ..ਕੁਝ ਵੀ ਕਰ ਸਕਦੇ ਹਾਂ..ਹਰੇਕ ਚੀਜ ਨੂੰ ਸਾਡੇ ਮੁਤਾਬਿਕ ਹੀ ਜਿਉਣਾ ਮਰਨਾ ਪਵੇਗਾ..!
ਅਜੇ ਤਾਂ ਸਿਰਫ ਇੱਕ ਹੀ ਅੱਗੇ ਆਇਆ ਹੋਰ ਪਤਾ ਨੀ ਕਿੰਨੇ ਮਾਰ ਮੁਕਾਏ ਹੋਣੇ..ਮਾਵਾਂ ਵੀ ਤੇ ਬਲੀ ਦੇ ਬੱਕਰੇ ਬਣਨ ਜਾ ਰਹੇ ਪੁੱਤ ਵੀ ਤਰਲੇ ਕੱਢਦੇ ਹੋਣੇ..ਨਿੱਕੇ ਨਿੱਕੇ ਬੱਚਿਆਂ ਦਾ ਵਾਸਤਾ..ਓਹਨਾ ਖਾਤਿਰ ਬਕਸ਼ ਦੇਵੋ..ਪਰ ਪਰਦਾ ਪਿਆ ਸੀ..ਅੱਖਾਂ ਤੇ..ਤਾਕਤ ਦਾ..ਹੁਕੂਮਦ ਦਾ..ਅਹੁਦਿਆਂ ਦਾ..ਨਾਲੇ ਵੱਡੀ ਥਾਪੀ ਸੀ ਉੱਪਰ ਬੈਠਿਆਂ ਦੀ..ਫੇਰ ਪੌੜੀ ਦੇ ਸਿਖਰ ਵਾਲੇ ਡੰਡੇ ਤੇ ਜਾ ਅੱਪੜੇ..ਲੋਹੇ ਦੀ ਬੌਛਾੜ ਕੀਤੀ ਸਾਮਣੇ ਵਾਲੇ ਸਭ ਸ਼ਾਂਤ ਹੋ ਗਏ..ਪਰ ਫੇਰ ਅਚਾਨਕ ਕੀ ਵੇਖਿਆ ਥੱਲਿਓਂ ਤਾਂ ਪੌੜੀ ਹੀ ਗਾਇਬ ਸੀ..ਹੁਣ ਚੁਬਾਰੇ ਤੋਂ ਥੱਲੇ ਕਿੱਦਾਂ ਉੱਤਰਨਾ..ਪਰ ਉੱਤਰਨਾ ਤੇ ਪੈਣਾ ਹੀ ਸੀ..ਫੇਰ ਕਿਸੇ ਤਰਾਂ ਥੱਲੇ ਉੱਤਰੇ ਤਾਂ ਸੁਫਨਾ ਟੁੱਟ ਚੁੱਕਾ ਸੀ..ਸੁਵੇਰ ਹੋ ਚੁਕੀ ਸੀ..ਆਲੇ ਦਵਾਲੇ ਬੱਸ ਅਦਾਲਤਾਂ ਸੰਮਣ ਮੁਚੱਲਕੇ ਕਚਹਿਰੀਆਂ ਖਾਕੀ ਬਹਿਸਾਂ ਵਕੀਲ ਦਲੀਲ ਅਤੇ ਅਖੀਰ ਅਪੀਲ..!
ਅਸੀਂ ਹੁਣ ਬੁੱਢੇ ਹੋ ਗਏ ਹਾਂ..ਦੇਸ਼ ਸੇਵਾ ਕੀਤੀ..ਅਮਨ ਕਨੂੰਨ ਦੀ ਬਹਾਲੀ ਲਈ ਹੀ ਸਭ ਕੁਝ ਕੀਤਾ..ਫਲਾਣੇ ਦੇ ਆਖਿਆ ਕੀਤਾ..ਪਰ ਜਾਗਦੀ ਜਮੀਰ ਵਾਲੇ ਜੱਜ ਵਕੀਲ ਨਾ ਮੰਨੇ..ਬਚੇ ਖੁਚੇ ਕਨੂੰਨ ਦਾ ਹਵਾਲਾ ਦਿੰਦੇ ਆਖਣ ਲੱਗੇ ਹੁਣ ਭੁਗਤਣਾ ਤੇ ਪੈਣਾ ਮਿੱਤਰੋ..ਉਹ ਅਗਿਓਂ ਹਾੜੇ-ਤਰਲੇ ਕੱਢਦੇ ਰਹੇ ਤਾਂ ਵੀ ਉਮਰ ਕੈਦ ਸੁਣਾ ਦਿੱਤੀ..!
ਇੱਕ ਡੀ.ਐੱਸ.ਪੀ,ਇੱਕ ਇੰਸਪੈਕਟਰ ਅਤੇ ਇੱਕ ਸਿਪਾਹੀ..ਇੱਕ ਅਜੇ ਵੀ ਦੱਸਦੇ ਭਗੌੜਾ ਏ ਤੇ ਬਾਕੀ ਦੇ ਚਾਰ ਕੁਦਰਤੀ ਮੌਤੇ ਮੁੱਕ ਗਏ..ਮੁੱਕ ਤਾਂ ਸਾਰਿਆ ਹੀ ਜਾਣਾ ਇੱਕ ਦਿਨ..ਪਰ ਥੋੜੀ ਕੀਤਿਆਂ ਕਿਥੇ ਯਾਦ ਰਹਿੰਦਾ..ਫੇਰ ਅਦਾਲਤ ਵਿਚ ਹੀ ਰੋ ਪਏ..ਪਿੱਛੇ ਜਿਹੇ ਖੁਦ ਨੂੰ ਸੂਬਾ ਸਰਹੰਦ ਅਖਵਾਉਂਦੇ ਇੱਕ ਦਾ ਤਾਂ ਓਥੇ ਮੂਤਰ ਵੀ ਨਿੱਕਲ ਗਿਆ ਸੀ ਅਦਾਲਤ ਵਿਚ..ਰੱਸੀ ਸੜ ਗਈ ਪਰ ਵੱਟ ਨਹੀਂ ਸੀ ਗਿਆ..ਆਖਦਾ ਬਾਹਰ ਆ ਕੇ ਕੱਲੇ ਕੱਲੇ ਨੂੰ ਵੇਖ ਲਊ..!
ਇਹਨਾਂ ਤਿੰਨਾਂ ਦੀਆਂ ਵਾਕਿਆ ਹੀ ਚਿੱਟੀਆਂ ਦਾਹੜੀਆਂ..ਹੱਡੀਆਂ ਦੀ ਮੁੱਠ..ਸੂਗਰ..ਬਲੱਡ ਪ੍ਰੈਸ਼ਰ..ਅਲਸਰ..ਬਿਮਾਰੀਆਂ ਅਤੇ ਹੋਰ ਵੀ ਕਿੰਨਾ ਕੁਝ..ਉੱਤੋਂ ਐਸ ਉਮਰੇ ਲੰਮੀ ਜੇਲ..ਕਿੱਦਾਂ ਝੱਟ ਲੰਘੂ..ਘੜੀ ਦੀ ਘੜੀ ਮੈਨੂੰ ਵੀ ਤਰਸ ਜਿਹਾ ਆ ਗਿਆ ਪਰ ਫੇਰ ਹਰਜੀਤ ਸਿੰਘ ਦੀ ਫੋਟੋ ਵੇਖ ਲਈ..ਉਸ ਗਰੀਬ ਦੀ ਮਾਨਸਿਕਤਾ..ਹਮਾਤੜ ਪਰਿਵਾਰ..ਇੱਕ ਸਾਲ ਦਾ ਪੁੱਤਰ..ਨਾਲਦੀ..ਮਾਪੇ..ਰਿਸ਼ਤੇਦਾਰ..ਗਰੀਬੀ..ਮਜਲੁਮੀ..ਬੇਬਸ..ਪਤਾ ਨੀ ਕਿੰਨੇ ਦਰ ਖੜਕਾਏ ਹੋਣੇ ਪਰ ਅਮਨ ਕਨੂੰਨ ਦੀ ਦੁਹਾਈ ਦੇ ਕੇ ਸਾਰੇ ਭੱਠੀ ਵਿਚ ਝੋਕ ਦਿੱਤੇ..ਜਿਸ ਤੇ ਬੀਤਦੀ ਓਹੀ ਜਾਣਦਾ..!
ਖੈਰ ਹੁਣ ਮਹਿਕਮੇਂ ਵਿਚ ਕੰਮ ਕਰਦੇ ਜਰੂਰ ਤੌਬਾ ਕਰਨਗੇ..ਅਸਾਂ ਨੀ ਕਰਨਾ ਇੰਝ..ਦੋ ਦੋ ਅਦਾਲਤਾਂ ਵਿੱਚੋਂ ਦੀ ਨਹੀਂ ਲੰਘਿਆ ਜਾਣਾ..ਵਹੀ ਖਾਤੇ ਚੈਕ ਕਰ ਓਥੇ ਹੀ ਦੁੱਧ ਦਾ ਦੁੱਧ ਪਾਣੀ ਦਾ ਪਾਣੀ..ਓਥੇ ਅਮਲਾਂ ਦੇ ਹੋਣ ਗਏ ਨਿਬੇੜੇ..ਜਾਤ ਕਿਸੇ ਪੁੱਛਣੀ ਨਹੀਂ..ਖੈਰ ਹਰ ਬਿਰਤਾਂਤ ਤੋਂ ਕੁਝ ਨਾ ਕੁਝ ਸਿੱਖਣਾ ਚਾਹੀਦਾ..ਬੱਦਲਾਂ ਦੇ ਐਨ ਉਪਰ ਉੱਡਦੇ ਹੋਏ ਨੂੰ ਵੀ ਕੁਝ ਘੰਟਿਆਂ ਬਾਅਦ ਭੋਏਂ ਤੇ ਆਉਣਾ ਹੀ ਪੈਂਦਾ..ਦੇਰ ਸੁਵੇਰ..ਸਦੀਵੀਂ ਅੰਬਰ ਕਿਸੇ ਨੂੰ ਨਸੀਬ ਨਹੀਂ ਹੁੰਦੇ..ਸਿਵਾਏ ਉਸ ਸਿਰਜਣਹਾਰ ਤੋਂ..!
ਹਰਪ੍ਰੀਤ ਸਿੰਘ ਜਵੰਦਾ