ਜਿੰਦਗੀ ਦੇ ਸਤਵੰਜਵੇਂ ਸਾਲ ਯਾਨੀ 21 ਮਈ 2017 ਨੂੰ ਮੈਂ ਮੇਰੀ ਵੱਡੀ ਬੇਟੀ ਗਗਨ ਨੂੰ ਪਹਿਲੀ ਵਾਰੀ ਮਿਲਿਆ ਸੀ। ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਮੈਂ ਤੇ ਮੇਰੀ ਹਮਸਫਰ ਨੇ ਚਾਂਦੀ ਦਾ ਇੱਕ ਰੁਪਈਆ, ਨਾਰੀਅਲ ਤੇ ਥੋੜ੍ਹਾ ਜਿਹਾ ਫਰੂਟ ਉਸਦੀ ਝੋਲੀ ਪਾ ਕੇ ਉਸਨੂੰ ਬੇਟੀ ਬਣਾਇਆ। ਉਸ ਦਿਨ ਚਿਰਾਂ ਦੀ ਲਟਕਦੀ ਮੇਰੀ ਬੇਟੀ ਦੀ ਕਮੀ ਵਾਲੀ ਚਾਹਤ ਪੂਰੀ ਹੋਈ ਸੀ। ਫਿਰ 10 ਨਵੰਬਰ ਨੂੰ ਮੈਂ ਪੂਰੀ ਗਲੀ ਵਿੱਚ ਦੇਸੀ ਘਿਉ ਦੇ ਦੀਵੇ ਜਗਾਕੇ ਉਸਦੇ ਕਦਮ ਮੇਰੇ ਘਰ ਦੇ ਵੇਹੜੇ ਵਿੱਚ ਟਿਕਾਉਣ ਦੀ ਖੁਸ਼ੀ ਜਾਹਿਰ ਕੀਤੀ। ਇਸੇ ਤਰ੍ਹਾਂ ਬੇਟੀ ਨੂੰ ਹਾਥੀ ਤੇ ਸਵਾਰ ਕਰਕੇ ਮੈਂ ਆਪਣਿਆਂ ਕੋਲ੍ਹ “ਬੇਟੀ ਲਾਧੋ ਰੇ, ਬੇਟੀ ਲਾਧੋ ਰੇ” ਪੁਕਾਰਿਆ। ਸੱਚੀ ਇਸਨੂੰ ਮੈਂ ਮੇਰੀ ਜਿੰਦਗੀ ਦੀ ਬਹੁਤ ਵੱਡੀ ਪ੍ਰਾਪਤੀ ਮੰਨਦਾ ਹਾਂ। ਬੇਟੀ ਦਾ ਬਾਪ ਬਣਨਾ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ।
ਉਂਜ ਭਾਵੇਂ ਬੇਟੀ #ਗਗਨਦੀਪ ਦਾ ਜਨਮ ਦਿਨ ਇੱਕ ਫਰਬਰੀ ਦਾ ਹੁੰਦਾ ਹੈ ਪਰ ਪਿਛਲੇ ਕੁਝ ਸਾਲਾਂ ਤੋਂ ਇਹ ਆਪਣਾ ਜਨਮ ਦਿਨ ਇਕੱਤੀ ਜਨਵਰੀ ਨੂੰ ਹੀ ਮਨਾਂ ਲੈਂਦੀ ਹੈ ਤੇ ਮੇਰੇ ਬੇਟੇ ਦਾ ਜਨਮ ਦਿਨ ਅੱਠ ਫਰਬਰੀ ਦਾ ਹੈ। ਇਸ ਬਹਾਨੇ ਖੁਸ਼ੀਆਂ ਜਨਵਰੀ ਵਿੱਚ ਹੀ ਮਨਾਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਮਾਰਚ ਵਿੱਚ ਵੱਡੀ ਪੋਤੀ ਦਾ ਜਨਮ ਦਿਨ ਹੁੰਦਾ ਹੈ।
ਬੇਟੀ ਗਗਨ ਨੂੰ ਰਿਸ਼ਤਿਆਂ ਦਾ ਸਤਿਕਾਰ ਤੇ ਸਨਮਾਨ ਕਰਨ ਦੇ ਸੰਸਕਾਰ ਬਚਪਣ ਤੋਂ ਹੀ ਉਸਦੀ ਦਾਦੀ ਜੀ ਅਤੇ ਦਾਦਾ ਜੀ ਤੋਂ ਮਿਲੇ ਹਨ ਜਿੰਨਾਂ ਨੂੰ ਉਹ ਅੱਜ ਵੀ ਪਿਆਰ ਨਾਲ ‘ਦਾਰ ਜੀ’ ਕਹਿਕੇ ਯਾਦ ਕਰਦੀ ਹੈ। ਉਹ ਉਹਨਾਂ ਨੂੰ ਯਾਦ ਕਰਦੀ ਕਰਦੀ ਭਾਵੁਕ ਹੋ ਜਾਂਦੀ ਹੈ। ਹਰ ਰੋਜ ਕਿਸੇ ਨਾ ਕਿਸੇ ਬਹਾਨੇ ਉਹਨਾਂ ਨੂੰ ਯਾਦ ਕਰਦੀ ਹੀ ਹੈ। ਆਪਣੇ ਇਸ ਘਰ ਵਿੱਚ
ਪਹਿਲੇ ਦਿਨ ਤੋਂ ਹੀ ਇਸਨੇ ਬੇਟੀ ਵਾਲੇ ਫਰਜ਼ ਨਿਭਾਉਣੇ ਸ਼ੁਰੂ ਕਰ ਦਿੱਤੇ ਸਨ।
“ਪਾਪਾ ਜੀ ਸਮਾਰਟ ਬਣਕੇ ਰਿਹਾ ਕਰੋ। ਕੁੜਤਾ ਪਜਾਮਾ ਨਹੀਂ, ਜੀਨਸ ਤੇ ਟੀ ਸ਼ਰਟ ਪਹਿਨਿਆ ਕਰੋ।” ਉਹ ਇਸ ਵਿਸ਼ੇ ਤੇ ਵਾਰ ਵਾਰ ਮੈਨੂੰ ਹਦਾਇਤਾਂ ਦਿੰਦੀ ਰਹਿੰਦੀ ਹੈ। ਮੇਰੇ ਨੋਇਡਾ ਪਰਵਾਸ ਦੌਰਾਨ ਉਸਨੇ ਮੈਨੂੰ ਬਹੁਤ ਸਾਰੀਆਂ ਬ੍ਰਾਂਡਡ ਟੀ ਸ਼ਰਟਾਂ ਅਤੇ ਲੋਅਰ ਲਿਆਕੇ ਦਿੱਤੇ। ਮੇਰੇ ਬਾਹਰ ਜਾਣ ਵੇਲੇ ਉਹ ਹਮੇਸ਼ਾ ਮੇਰੇ ਤੇ ਆਪਣਾ ਡ੍ਰੇਸ ਕੋਡ ਲਾਗੂ ਕਰਨ ਦੀ ਸਖਤੀ ਕਰਦੀ। ਇਕੱਲੇ ਪਾਪਾ ਨਾਲ ਹੀ ਨਹੀਂ, ਉਸਦਾ ਆਪਣੀ ਮੰਮੀ ਪ੍ਰਤੀ ਵੀ ਇਹੀ ਰਵਈਆ ਅੱਜ ਵੀ ਬਾਦਸਤੂਰ ਜਾਰੀ ਹੈ।
“ਪਾਪਾ ਤੁਸੀਂ ਸਾਰੀ ਉਮਰ ਇੰਨੀ ਕਮਾਈ ਕੀਤੀ ਹੈ। ਹੁਣ ਤੁਹਾਡੀ ਉਮਰ ਜਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣ ਦੀ ਹੈ।” ਜਦੋਂ ਵੀ ਮੌਕਾ ਮਿਲਦਾ ਹੈ ਉਹ ਆਪਣੀ ਇਹ ਗੱਲ ਜ਼ਰੂਰ ਦੁਰਾਉਂਦੀ ਹੈ। ਗਗਨ ਨੂੰ ਕਪੜੇ ਦੀ ਪਹਿਚਾਣ ਹੈ। ਇਹ ਆਮਜਿਹੇ ਸੂਟ ਨੂੰ ਆਪਣੀ ਡਿਜ਼ਾਈਨਿੰਗ ਕਲਾ ਨਾਲ ਵਧੀਆ ਬਣਾ ਦਿੰਦੀ ਹੈ। ਇਸ ਗੱਲ ਨੂੰ ਇਸ ਦੀਆਂ ਬੂਟੀਕ ਵਾਲੀਆਂ ਵੀ ਮੰਨਦੀਆਂ ਹਨ।
“ਮੰਮੀ ਤੁਸੀਂ ਇੰਨੇ ਸਾਲ ਸਰਕਾਰੀ ਸਰਵਿਸ ਕੀਤੀ ਹੈ। ਵਧੀਆ ਸੂਟ ਪਾਇਆ ਕਰੋ। ਟੀਚਰ ਰਹੇ ਹੋ ਹੁਣ ਵੀ ਟੀਚਰਾਂ ਵਾੰਗੂ ਨਜ਼ਰ ਆਇਆ ਕਰੋ। ਕੀ ਫਿੱਕੇ ਜਿਹੇ ਰੰਗ ਪਾ ਲੈਂਦੇ ਹੋ।” ਉਹ ਆਪਣੀ ਮੰਮੀ ਦੇ ਸੂਟਾਂ ਤੇ ਵੀ ਕੜ੍ਹੀ ਨਜ਼ਰ ਰੱਖਦੀ ਹੈ। ਉਹ ਇਸ ਗੱਲ ਦਾ ਸਿਰਫ ਰੌਲਾ ਹੀ ਨਹੀਂ ਪਾਉਂਦੀ ਸਗੋਂ ਪ੍ਰੈਕਟਿਕਲੀ ਕਰਦੀ ਵੀ ਹੈ। ਉਸਨੇ ਆਪਣੀ ਪਸੰਦ ਦੇ ਕਿੰਨੇ ਹੀ ਵੱਖ ਵੱਖ ਡਿਜ਼ਾਈਨਾਂ ਦੇ ਸੂਟ ਆਪਣੀ ਮੰਮੀ ਨੂੰ ਸਿਲਵਾਕੇ ਦਿੱਤੇ।
ਗਗਨ ਨੂੰ ਦੇਸੀ ਤੇ ਰਿਵਾਇਤੀ ਖਾਣਾ ਪਸੰਦ ਹੈ। ਉਹ ਲੌਕੀ, ਟੀਂਡੇ, ਤੋਰੀ, ਕੱਦੂ ਬਹੁਤ ਖੁਸ਼ ਹੋਕੇ ਖਾਂਦੀ ਹੈ। ਫਰਾਇਡ ਰਾਇਸ ਤਾਂ ਭਾਵੇਂ ਉਸਨੂੰ ਰੋਜ਼ ਹੀ ਮਿਲ ਜਾਣ। ਹੋਟਲ ਤੇ ਉਹ ਪਾਇਨ ਐਪਲ ਦਾ ਰਾਇਤਾ ਲੈਣ ਨੂੰ ਉਹ ਪਹਿਲ ਦਿੰਦੀ ਹੈ। ਉਹ ਹਮੇਸ਼ਾ ਚਾਹ ਨੂੰ ਕਾੜ੍ਹ ਕਾੜ੍ਹਕੇ ਪੀਂਦੀ ਹੈ। ਉਹ ਅਕਸਰ ਮੇਰੇ ਲਈ ਰਾਤ ਨੂੰ ਦੁੱਧ ਗੈਸ ਤੇ ਰੱਖਕੇ ਭੁੱਲ ਜਾਂਦੀ ਤੇ ਹਮੇਸ਼ਾ ਕ਼ੜ੍ਹਿਆ ਦੁੱਧ ਸਰਵ ਕਰਦੀ। ਹੁਣ ਵੀ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਚਾਹ ਪੀਣੀ ਕਦੇ ਨਹੀਂ ਭੁੱਲਦੀ। ਉਸਨੂੰ ਫਾਸਟ ਫੂਡ ਯ ਦੱਖਣ ਭਾਰਤੀ ਖਾਣੇ ਤੋਂ ਵੀ ਪਰਹੇਜ਼ ਨਹੀਂ। ਪਰ ਉਹ ਮਿੱਠਾ ਖਾਣ ਤੋਂ ਨਹੀਂ ਨਫਰਤ ਜਿਹੀ ਹੈ। ਉਹ ਅੰਬ ਅਤੇ ਬਿਸਕੁਟ ਬਿਲਕੁਲ ਨਹੀਂ ਖਾਂਦੀ। ਇਸ ਦਾ ਕਾਰਨ ਵੀ ਉਸ ਦਾ ਪਿਆਰ ਅਤੇ ਤਿਆਗ ਹੀ ਹੈ।
ਗਗਨ ਦਾ ਬਚਪਨ ਮਾਝੇ ਦੇ ਇਲਾਕੇ ਦੇ ਲਾਗੇ ਤਾਂਗੇ ਬੀਤਿਆ ਹੈ। ਉਸਦੇ ਬੋਲੇ ਸ਼ਬਦ ‘ਆਹੀਂ ਚੱਲੇ ਹਾਂ।’ ‘ਆਪਾਂ ਤੇ ਬਾਜ਼ਾਰ ਸੀ।’ ‘ਮੈਂ ਪੜ੍ਹਨ ਡਹੀ ਸੀ।’ ਬਹੁਤ ਖੁਸ਼ੀ ਦਿੰਦੇ ਹਨ। ਬਾਕੀ ਉਸਦਾ ਬੋਲਣ ਦਾ ਵਿਲੱਖਣ ਅੰਦਾਜ਼ ਸਭ ਨੂੰ ਪ੍ਰਭਾਵਿਤ ਕਰਦਾ ਹੈ।
ਉਹ ਮੇਰੇ ਛੋਟੇ ਬੇਟੇ ਨੂੰ ‘ਛੋਟੂ ਭਾਜੀ’ ਕਹਿਕੇ ਬਲਾਉਂਦੀ ਹੈ। ਤੇ ਹੁਣ ਸਾਰੇ ਵੱਡੇ ਛੋਟੇ ਉਸਨੂੰ ਛੋਟੂ ਭਾਜੀ ਹੀ ਕਹਿੰਦੇ ਹਨ। ਪਤਾ ਨਹੀਂ ਇਹ ਉਸਦਾ ਜਾਦੂ ਹੈ ਯ ਉਸਦੇ ਪਿਆਰ ਭਰੇ ਬੋਲਾਂ ਦੀ ਕਸ਼ਿਸ਼।
ਕਈ ਦਿਨ ਹੋਗੇ ਗਗਨ ਮੇਰੇ ਨਾਲ ਖੂਬ ਲੜ੍ਹੀ। ਉਸਨੂੰ ਬਹੁਤ ਗੁੱਸਾ ਚੜਿਆ ਹੋਇਆ ਸੀ। ਮੈਂ ਉਸਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਓਹ ਸ਼ਾਂਤ ਨਾ ਹੋਈ। ਫਿਰ ਮੈਂ ਪਰੇਸ਼ਾਨ ਹੋ ਗਿਆ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। “ਯਾਰ ਧੀਆਂ ਕੋਈਂ ਇੰਜ ਕਰਦੀਆਂ ਹਨ?” ਮੈਨੂੰ ਸਮਝ ਨਹੀਂ ਸੀ ਆ ਰਹੀ। ਮੈਂ ਕਿੱਥੇ ਗਲਤ ਸੀ।
“ਯਾਰ ਧੀ ਜੇ ਆਪਣੇ ਬਾਪ ਕੋਲ੍ਹ ਆਪਣੇ ਗਿਲੇ ਸ਼ਿਕਵੇ ਨਾ ਕਰੇਗੀ ਤਾਂ ਹੋਰ ਕਿਸ ਕੋਲ੍ਹ ਕਰੇਗੀ।” ਸਵੇਰੇ ਸਵੇਰੇ ਮੇਰੇ ਮਨ ਨੇ ਮੈਨੂੰ ਸਮਝਾਇਆ। ਮੇਰਾ ਗੁੱਸਾ ਸ਼ਾਂਤ ਹੋ ਗਿਆ। ਮੈਨੂੰ ਉਸ ਦੀਆਂ ਗੱਲਾਂ ਜਾਇਜ਼ ਲੱਗੀਆਂ ਤੇ ਉਹ ਪਿਆਰੀ ਗੁਡੀਆ ਲੱਗੀ।
“ਪਾਪਾ ਮੈਨੂੰ ਤੁਹਾਡੇ ਨਾਲ ਇਸ ਤਰ੍ਹਾਂ ਨਹੀਂ ਸੀ ਲੜ੍ਹਨਾ ਚਾਹੀਦਾ। ਗੁੱਸੇ ਵਿੱਚ ਪਤਾ ਨਹੀਂ ਮੈਂ ਕੀ ਕੀ ਬੋਲ ਗਈ। ਸੌਰੀ ਪਾਪਾ ਸੌਰੀ।” ਮੈਂ ਅਜੇ ਸੁੱਤਾ ਹੀ ਪਿਆ ਸੀ ਕਿ ਉਸਦਾ ਫੋਨ ਆ ਗਿਆ। ਉਹਨਾਂ ਦਾ ਸਮਾਂ ਆਪਣੇ ਭਾਰਤੀ ਸਮੇਂ ਨਾਲੋਂ ਚਾਰ ਘੰਟੇ ਅੱਗੇ ਹੁੰਦਾ ਹੈ। ਸ਼ਾਇਦ ਫੋਨ ਕਰਨ ਲਈ ਉਹ ਇਧਰਲੀ ਸਵੇਰ ਹੋਣ ਦਾ ਇੰਤਜ਼ਾਰ ਕਰ ਰਹੀ ਸੀ। ਫੋਨ ਸੁਣਦੇ ਹੀ ਮੇਰੀਆਂ ਅੱਖਾਂ ਚੋਂ ਪਰਲ ਪਰਲ ਹੰਝੂ ਡਿੱਗਣ ਲੱਗੇ। ਇਹ ਵੀ ਇੱਕ ਧੀ ਦਾ ਪਿਆਰ ਹੀ ਸੀ। ਸ਼ਾਇਦ ਉਸ ਰਾਤ ਉਹ ਵੀ ਚੈਨ ਨਾਲ ਸੁੱਤੀ ਨਹੀਂ ਹੋਣੀ।
“ਪਾਪਾ ਆਪਾਂ ਬਾਜ਼ਾਰ ਚੱਲੇ ਹਾਂ ਹੁਣੇ ਹੀ ਆਏ ਵਾਪਿਸ।” ਉਹ ਬਜ਼ਾਰ ਜਾਣ ਵੇਲੇ ਜਰੂਰ ਕਹਿੰਦੀ। ਉਸਨੇ ਇਹ ਆਦਤ ਮੇਰੀ ਪੋਤੀ ਸੌਗਾਤ ਨੂੰ ਵੀ ਪਾ ਦਿੱਤੀ।
“ਦਾਦੂ ਆਪਾਂ ਮਾਰਕਿਟ ਚੱਲੇ ਹਾਂ।” ਉਹ ਵੀ ਆਪਣੇ ਮੰਮੀ ਡੈਡੀ ਨਾਲ ਮਾਰਕਿਟ ਜਾਣ ਵੇਲੇ ਅਕਸਰ ਕਹਿੰਦੀ। ਖੈਰ ਇਹ ਓਦੋਂ ਦੀਆਂ ਗੱਲਾਂ ਹਨ ਹੁਣ ਤੇ ਉਹ ਸੱਤ ਸਮੁੰਦਰ ਪਾਰ ਬੈਠੇ ਹਨ। ਪਰ ਓਹ ਮੰਮੀ ਨੇ ਕਿਸ ਫ਼ੰਕਸ਼ਨ ਤੇ ਕੀ ਪਾਇਆ ਯ ਕੀ ਪਾਉਣਾ ਹੈ ਤੇ ਅੱਜ ਵੀ ਨਜ਼ਰ ਰੱਖਦੀ ਹੈ।
“ਪਾਪਾ ਨਾਸ਼ਤਾ ਕਰ ਲਿਆ। ਕੁਝ ਖਾਧਾ?” ਬਾਹਰੋਂ ਆਉਂਦੇ ਫੋਨ ਤੇ ਉਸਦਾ ਪਹਿਲਾ ਸਵਾਲ ਇਹੀ ਹੁੰਦਾ ਹੈ।
ਗਗਨ ਪੈਸੇ ਦਾ ਬਹੁਤਾ ਹਿਸਾਬ ਨਹੀਂ ਰੱਖਦੀ। ਉਸਦਾ ਏਟੀਐਮ ਕਾਰਡ ਵੀ ਬੇਟੇ ਕੋਲ੍ਹ ਹੀ ਹੁੰਦਾ ਹੈ। ਇਸ ਦਾ ਮਤਲਬ ਇਹ ਨਹੀਂ ਕਿ ਉਹ ਖਰਚ ਨਹੀਂ ਕਰਦੀ। ਉਹ ਹੱਥ ਦੀ ਤੇ ਨੀਅਤ ਦੀ ਖੁੱਲ੍ਹੀ ਹੈ। ਉਹ ਸਭ ਦਾ ਖਿਆਲ ਰੱਖਦੀ ਹੈ। ਰਿਸ਼ਤਿਆਂ ਨੂੰ ਨਿਭਾਉਣਾ ਜਾਣਦੀ ਹੈ। ਵੱਡਿਆਂ ਦਾ ਸਨਮਾਨ ਤੇ ਛੋਟਿਆਂ ਨੂੰ ਪਿਆਰ ਦੇਣਾ ਨਹੀਂ ਭੁੱਲਦੀ। ਉਸ ਨੂੰ ਪੇਕਿਆਂ ਤੇ ਸਹੁਰਿਆਂ ਵਿੱਚ ਸੰਤੁਲਨ ਬਣਾਉਣਾ ਆਉਂਦਾ ਹੈ। ਉਹ ਸਭ ਦਾ ਬਣਦਾ ਸਨਮਾਨ ਕਰਨਾ ਤੇ ਕਰਾਉਣਾ ਜਾਣਦੀ ਹੈ। ਆਮ ਔਰਤ ਇੱਥੇ ਮਾਰ ਖਾ ਜਾਂਦੀ ਹੈ। ਇੱਕ ਤਰਫਾ ਖਿਆਲ ਕਈ ਵਾਰੀ ਮੁਸੀਬਤ ਖੜੀ ਕਰ ਦਿੰਦਾ ਹੈ।
ਗਗਨ ਦੀਆਂ ਬਹੁਤੀਆਂ ਆਦਤਾਂ ਮੇਰੀ ਹਮਸਫਰ ਨਾਲ ਮਿਲਦੀਆਂ ਹਨ। ਦੋਨੋ ਦੇ ਕੇ ਰਾਜ਼ੀ ਹਨ। ਇਹ ਕਿਸੇ ਨੂੰ ਵੱਧ ਦਿੱਤੇ ਦਾ ਪਛਤਾਵਾ ਨਹੀਂ ਕਰਦੀਆਂ ਪਰ ਘੱਟ ਦੇਣਾ ਸੋਚ ਵੀ ਨਹੀਂ ਸਕਦੀਆਂ। ਆਪਣੀਆਂ ਕੰਮ ਵਾਲੀਆਂ ਪ੍ਰਤੀ ਇਹਨਾਂ ਦਾ ਵਿਹਾਰ ਅਪਣੱਤ ਵਾਲਾ ਹੁੰਦਾ ਹੈ।
ਗਗਨ ਸਿਰੜੀ ਅਤੇ ਮੇਹਨਤੀ ਹੈ। ਆਪਣੇ ਕੰਮ ਅਤੇ ਲਗਨ ਦੇ ਬਲਬੂਤੇ ਤੇ ਇਹ ਤਰੱਕੀ ਕਰਦੀ ਹੈ। ਮੇਹਨਤ ਕਰਨ ਵਾਲਾ ਹੀ ਮੇਹਨਤ ਕਰਨ ਦਾ ਉਪਦੇਸ਼ ਦੇ ਸਕਦਾ ਹੈ। ਉਹ ਹਮੇਸ਼ਾ ਮੇਰੀ ਪੋਤੀ ਨੂੰ ਸਭ ਨਾਲ ਗੱਲ ਕਰਨ ਬੋਲਣ ਦੀ ਪ੍ਰੇਰਨਾ ਦਿੰਦੀ ਹੈ। ਤੇ ਪੋਤੀ ਉਸਦੇ ਪਾਏ ਪੂਰਨਿਆਂ ਤੇ ਚਲਦੀ ਹੈ।
ਗਗਨ ਦੀ ਸਖਸ਼ੀਅਤ ਤੇ ਹਮੇਸ਼ਾ ਮਾਣ ਹੈ ਤੇ ਰਹੇਗਾ। ਵਾਹਿਗੁਰੂ ਇਸ ਨੂੰ ਲੰਮੀ ਉਮਰ ਤੰਦਰੁਸਤੀ ਭਰਿਆ ਜੀਵਨ ਅਹੁਦੇ ਰੁਤਬੇ ਖੁਸ਼ੀਆਂ ਦੇਵੇ ਤੇ ਇਸੇ ਤਰਾਂ ਹੀ ਮੇਰੀਆਂ ਉਮੀਦਾਂ ਤੇ ਖਰੀ ਉਤਰਨ ਦੀ ਸ਼ਕਤੀ ਦੇਵੇ।
#ਰਮੇਸ਼ਸੇਠੀਬਾਦਲ
ਬਹੁਤ ਵਧੀਅਾ ਕਹਾਣੀ
ਬਹੁਤ ਵਧੀਅਾ ਕਹਾਣੀ