ਮੁੱਲਾ ਨਸਰੂਦੀਨ ਨੇ ਮੀਟ ਲੈ ਆਂਦਾ..ਘਰਦੀ ਨੂੰ ਰਿੰਨ੍ਹਣ ਲਈ ਆਖ ਆਪ ਨਦੀ ਤੇ ਨਹਾਉਣ ਚਲਾ ਗਿਆ..!
ਮਗਰੋਂ ਤਿਆਰ ਹੋਇਆ ਸਵਾਦ ਸਵਾਦ ਵਿਚ ਸਾਰਾ ਆਪ ਹੀ ਖਾ ਗਈ..ਮੁੱਲਾ ਵਾਪਿਸ ਪਰਤਿਆ ਤਾਂ ਆਖਣ ਲੱਗੀ ਬਿੱਲੀ ਸਾਰਾ ਮੀਟ ਖਾ ਗਈ..ਨਸਰੂਦੀਨ ਨੇ ਬਿੱਲੀ ਪਹਿਲੋਂ ਹੀ ਤੋਲ ਕੇ ਰੱਖੀ ਹੋਈ ਸੀ..ਅੱਜ ਫੇਰ ਜੋਖੀ ਤਾਂ ਪੂਰੀ ਕਿੱਲੋ ਦੀ ਹੀ ਨਿੱਕਲੀ..ਪੁੱਛਣ ਲੱਗਾ ਭਾਗਵਾਨੇ ਜੇ ਇਹ ਸਾਰੀ ਦੀ ਸਾਰੀ ਬਿੱਲੀ ਹੀ ਏ ਤਾਂ ਫੇਰ ਖਾਦਾ ਕਿਲੋ ਮੀਟ ਕਿਥੇ ਗਿਆ..ਤੇ ਜੇ ਇਹ ਪੂਰੇ ਦਾ ਪੂਰਾ ਮੀਟ ਹੀ ਏ ਤਾਂ ਫੇਰ ਬਿੱਲੀ ਕਿਥੇ ਗਈ?
ਪਿੱਛੇ ਜਿਹੇ ਜੀ 20 ਹੋ ਹਟਿਆ..ਪੂਰਾ ਪੰਜ ਹਜਾਰ ਕਰੋੜ ਮਿੱਟੀ ਹੋ ਗਿਆ..ਸੋਨੇ ਚਾਂਦੀ ਦੇ ਭਾਂਡੇ ਵੀ ਵਾਪਿਸ ਪਰਛੱਤੀਆਂ ਤੇ ਜਾ ਵਿਰਾਜੇ..ਗੋਦੀ ਮੀਡਿਆ ਪੱਬਾਂ ਭਾਰ ਹੋਇਆ ਪਿਆ..ਅਖ਼ੇ ਹੁਣ ਭਾਰਤ ਵਿਸ਼ਵ ਗੁਰੂ ਹੋ ਗਿਆ..ਚਾਹ ਵਾਲਾ ਦੁਨੀਆਂ ਦੀ ਪਹਿਲੀ ਪਸੰਦ ਬਣ ਗਿਆ..!
ਅੱਜ ਉੱਪਰੋਂ ਥੱਲੇ ਕਿੰਨੀਆਂ ਖਬਰਾਂ ਆਈਆਂ..ਕਨੇਡਾ ਪਾਰਲੀਮੈਂਟ ਵਿਚ ਐਲਾਨ ਹੋਇਆ ਕੇ ਭਾਈ ਨਿੱਜਰ ਹਿੰਦੁਸਤਾਨੀ ਏਜੰਸੀਆਂ ਨੇ ਮੁਕਾਇਆ..ਤਾੜਨਾ ਕੀਤੀ ਇੰਝ ਦੀਆਂ ਕਾਰਵਾਈਆਂ ਦਾ ਜੁਆਬ ਦੇਣਾ ਪਵੇਗਾ..ਅੰਬੈਸਡਰ ਵੀ ਰਾਅ ਦਾ ਏਜੰਟ ਗਰਦਾਨ ਦਿੱਲੀ ਵਾਲੇ ਜਹਾਜ ਚਾੜ ਦਿੱਤਾ..ਪੂਰੀ ਪਾਰਲੀਮੈਂਟ ਇੱਕਜੁੱਟ ਸੀ..!
ਓਧਰ ਆਸਟ੍ਰੇਲੀਆ ਏਜੰਸੀਆਂ ਨੇ ਵੀ ਤੱਤ ਕੱਢ ਮਾਰਿਆ ਕੇ ਇੱਕ ਫਿਰਕੇ ਦੇ ਧਾਰਮਿਕ ਸਥਾਨਾਂ ਦੇ ਬਾਹਰ ਲਿਖੇ ਕਥਿਤ ਖਾਲਿਸਤਾਨੀ ਨਾਹਰੇ ਵੀ ਇਹਨਾਂ ਆਪ ਹੀ ਲਿਖੇ ਸਨ..ਆਪ ਹੀ ਪਹਿਲੋਂ ਕੈਮਰੇ ਹਟਾਏ ਅਤੇ ਫੇਰ ਆਪ ਹੀ ਜਾਂਚ ਵਿਚ ਕੋਈ ਖਾਸ ਮਦਦ ਨਹੀਂ ਦਿੱਤੀ..!
ਅਮਰੀਕਨ ਅਖਬਾਰਾਂ ਨੇ ਵੀ ਚਾਦਰਾਂ ਪਿੱਛੇ ਲੁਕੀ ਗਰੀਬੀ ਅਤੇ ਉਸ ਗੱਲ ਤੇ ਰੱਜ ਕੇ ਚਟਕਾਰੇ ਲਏ ਜਿਥੇ ਜੋਅ ਬੀਡੇਨ ਦੀ ਗੱਲ ਬਿਲਕੁਲ ਵੀ ਸਮਝ ਨਾ ਪਈ ਤਾਂ ਵੀ ਜਨਾਬ ਜ਼ਾਰੋ-ਜਾਰ ਹੱਸੀ ਜਾ ਰਹੇ..!
ਹੁਣ ਸਵਾਲ ਇਹ ਉੱਠਦਾ ਕੇ ਜੇ ਵਾਕਿਆ ਹੀ ਵਿਸ਼ਵ ਗੁਰੂ ਬਣ ਗਿਆ ਸੀ ਤਾਂ ਏਦਾਂ ਦੇ ਬਿਆਨਾਂ ਤੋਂ ਪਹਿਲਾਂ ਪੱਛਮੀ ਤਾਕਤਾਂ ਨੂੰ ਡਰ ਕਿਓਂ ਨਹੀਂ ਆਇਆ..ਤੇ ਜੇ ਰੱਤੀ ਭਰ ਡਰ ਆਇਆ ਹੀ ਨਹੀਂ ਤਾਂ ਫੇਰ ਓਹਨਾ ਵਿਸ਼ਵ ਗੁਰੂ ਦਾ ਲੋਹਾ ਕਿੱਦਾਂ ਮੰਨ ਲਿਆ..!
ਦੱਸਦੇ ਕੇਰਾਂ ਇੱਕ ਭਲਵਾਨ ਨੇ ਤੁਰੇ ਜਾਂਦੇ ਹਮਾਤੜ ਨੂੰ ਚੰਡ ਕੱਢ ਮਾਰੀ..ਅਗਲਾ ਕਾਫੀ ਦੂਰ ਜਾ ਡਿੱਗਾ..ਪਰ ਓਸੇ ਵੇਲੇ ਹੀ ਕੱਪੜੇ ਝਾੜਦਾ ਉੱਠ ਖਲੋਤਾ ਤੇ ਤੁਰੇ ਜਾਂਦੇ ਦਾ ਰਾਹ ਡੱਕ ਲਿਆ..ਆਖਣ ਲੱਗਾ ਓਏ ਭਲਵਾਨਾਂ ਇਹ ਚੰਡ ਗੁੱਸੇ ਨਾਲ ਮਾਰੀ ਕੇ ਮਜਾਕ ਨਾਲ?
ਭਲਵਾਨ ਆਖਣ ਲੱਗਾ ਗੁੱਸੇ ਨਾਲ..ਅੱਗਿਓਂ ਕਹਿੰਦਾ ਫੇਰ ਠੀਕ ਏ..ਮਜਾਕ ਮੈਨੂੰ ਵੈਸੇ ਵੀ ਪਸੰਦ ਨਹੀਂ!
ਹਰਪ੍ਰੀਤ ਸਿੰਘ ਜਵੰਦਾ
ਇੱਥੇ ਵੀ ਆਪਣਾ ਏਜੰਡਾ ਚਾਲੂ । ਆਪਾਂ ਤਾਂ ਕੋਈ ਚੰਗੀ ਕਹਾਣੀ ਪੜਣ ਲਈ ਆਏ ਸੀ । ਨਾ ਕਿ ਕਿਸੇ ਦੇ ਪਰਸਨਲ ਵਿਚਾਰ ਪੜਣ । ਅਫਸੋਸ ਹੋਇਆ ਜਵੰਦਾ ਸਾਹਿਬ ਤੁਹਾਡੀ ਸੋਚ ਤੇ,, ਜੋ ਸ਼ਾਇਦ ਇੱਥੇ ਹੀ ਰੁਕੀ ਹੋਈ ਹੈ ਕਿ ਤੁਰੀ ਜਾਂਦੀ ਦਾ ਲੱਕ ਕਿਉਂ ਹਿਲਦਾ,, ਪਰ ਦੇਖਣ ਵਾਲੇ ਨੂੰ ਸਿਰ ਤੇ ਘੜਾ ਚੁੱਕੀ ਜਾਂਦੀ ਦੀ ਆਪਣੇ ਪਰਿਵਾਰ ਲਈ ਮਿਹਨਤ ਨਹੀਂ ਦਿੱਸਦੀ । ਹੁਣ ਮੇਰੇ ਕਮੇਂਟ ਨੂੰ ਆਪਣੀ ਈਗੋ ਹਰਟ ਹੋਈ ਨਾ ਸਮਝ ਲਇਓ,, ਜਿਹੜੀ ਆਮ ਤੌਰ ਤੇ ਲਿਖਾਰੀਆਂ ਨੂੰ ਆਦਤ ਵਾਂਗ ਹੈ,,ਜੋ ਆਪਣੀ ਰਚਨਾ ਤੇ ਅਲੋਚਨਾ ਨਹੀਂ ਬਰਦਾਸ਼ਤ ਕਰ ਸਕਦੇ । 🙏