ਲੰਬੜਦਾਰਾਂ ਦੇ ਮੁੰਡੇ ਦਾ ਵਿਆਹ ਸੀ, ਸ਼ਾਮ ਨੂੰ ਲਾਗੀ ਸੁਨੇਹਾ ਲੈ ਕੇ ਆਇਆ ਕਿ ਸਵੇਰੇ ਭੱਠੀ ( ਕੜਾਹੀ ) ਚੜਨੀ ਆ ਜੀ, ਘਰ ਚੋਂ ਇੱਕ ਬੰਦਾ ਹਲਵਾਈ ਕੋਲ ਭੱਠੀ ਤੇ ਕੰਮ ਕਰਨ ਲਈ ਬੁਲਾਇਆ। ਸਵੇਰੇ ਬੇਬੇ ਨੇ ਮੈਨੂੰ ਸਾਜਰੇ ਉਠਾ ਦਿੱਤਾ ਕਿ ਲੰਬੜਦਾਰਾਂ ਦੇ ਭੱਠੀ ਤੇ ਕੰਮ ਕਰਾਉਣ ਲਈ ਜਾਣਾ। ਮੇਰੀ ਉੱਮਰ ਉਦੋਂ 15-16 ਸਾਲ ਦੀ ਹੋਣੀ ਆ ਮੈਂ ਨਾ ਨੁੱਕਰ ਜਿਹੀ ਕੀਤੀ ਪਰ ਬੇਬੇ ਕਹਿੰਦੀ ਕੱਲ੍ਹ ਨੂੰ ਤੇਰਾ ਵਿਆਹ ਵੀ ਤਾਂ ਕਰਨਾ ਫੇਰ ਕਿਸੇ ਨਹੀਂ ਆਉਣਾ ਕੰਮ ਕਰਾਉਣ ਲਈ, ਬੇਬੇ ਦੀ ਨਸੀਹਤ ਸੁਣਨ ਤੋਂ ਬਾਅਦ ਮੈਂ ਹਾਂ ਕਰ ਦਿੱਤੀ। ਬੇਬੇ ਨੇ ਦੁੱਧ ਦਾ ਡੋਲੂ ਭਰਿਆ ਅਤੇ ਮੈਨੂੰ ਲੰਬਰਦਾਰਾਂ ਦੇ ਭੇਜ ਦਿੱਤਾ। ਮੈਂ ਪਹਿਲੀ ਵਾਰ ਕਿਸੇ ਵਿਆਹ ਵਾਲੇ ਘਰ ਕੰਮ ਕਰਨ ਲਈ ਗਿਆ ਸੀ। ਅੱਜ ਕੱਲ੍ਹ ਤਾਂ ਪੈਲਸਾਂ ਦਾ ਜ਼ਮਾਨਾ ਆ ਗਿਆ ਪਰ ਉਨ੍ਹਾਂ ਸਮਿਆਂ ਵਿੱਚ ਪਿੰਡ ਵਾਲੇ ਵਿਆਹ-ਸ਼ਾਦੀ ਵੇਲੇ ਇੱਕ ਦੂਜੇ ਦੀ ਬਹੁਤ ਮਦਦ ਕਰਦੇ ਸਨ ਜਿਵੇਂ ਦੁੱਧ ਪਹੁੰਚਾਉਣਾ, ਮੰਜੇ ਬਿਸਤਰੇ ਦੇਣਾ, ਨਿਉਂਦਾ ਪਾਓਣਾ, ਜਿਸ ਨਾਲ ਵਿਆਹ ਵਾਲਿਆ ਨੂੰ ਬਹੁਤ ਸਹਾਰਾ ਲੱਗ ਜਾਂਦਾ ਸੀ। ਵਿਆਹ ਤੋਂ ਦੋ ਤਿੰਨ ਦਿਨ ਪਹਿਲਾਂ ਭੱਠੀ ਚੜ੍ਹਾਈ ਜਾਂਦੀ ਸੀ। ਪਹਿਲੇ ਦਿਨ ਹਲਵਾਈ ਨੇ ਭੁਜੀਆਂ – ਬੂੰਦੀ, ਲੱਡੂ , ਮੱਠੀਆਂ, ਆਦਿ ਮਠਿਆਈਆਂ ਬਣਾਈਆਂ ਉਹ ਤਾਜ਼ੀਆਂ ਮਠਿਆਈਆਂ ਦੀ ਖੁਸ਼ਬੂ ਅੱਜ ਵੀ ਮੇਰੇ ਦਿਮਾਗ ਵਿੱਚ ਵਸੀ ਹੋਈ ਏ।
ਅਗਲੇ ਦਿਨ ਬੇਬੇ ਨੂੰ ਮੈਨੂੰ ਕਹਿਣ ਦੀ ਲੋੜ ਨਾ ਪਈ, ਮੈਂ ਆਪ ਹੀ ਦੁੱਧ ਦਾ ਡੋਲੂ ਲੈ ਲੰਬਰਦਾਰਾਂ ਦੇ ਘਰ ਪਹੁੰਚ ਗਿਆ ਕੰਮ ਕਰਾਉਣ ਲਈ। ਜਾਂਦਿਆ ਹੀ ਭੁਜੀਆਂ-ਬਦਾਣੇ ਨਾਲ ਗਰਮ- ਗਰਮ ਚਾਹ ਦਾ ਗਿਲਾਸ, ਕੀ ਸਵਾਦ ਸੀ ਅੱਜ ਵੀ ਚੇਤੇ ਆ, ਉਸ ਦਿਨ ਅਸੀਂ “ਮੰਜੇ ਬਿਸਤਰੇ, ਵੀ ਇਕੱਠੇ ਕੀਤੇ ਜਿਸ ਦੇ ਵੀ ਘਰ ਜਾਂਦੇ ਬਹੁਤ ਖੁਸ਼ੀ ਨਾਲ਼ ਮੰਜਾ ਬਿਸਤਰਾ ਦਿੰਦਾਂ ਪਰ ਕਈ ਬੀਬੀਆਂ ਮਜ਼ਾਕ ਚ ਕਹਿ ਵੀ ਦਿੰਦੀਆਂ ਕਿ ਨਵਾਂ ਬਿਸਤਰਾ ਜੀ ਨਿਆਣੇ ਵਾਲੀ ਨੂੰ ਨਾ ਦਿਓ ਗੰਦਾ ਹੋਜੂ।
ਸ਼ਾਮ ਵੇਲੇ ਨਾਨਕਾ ਮੇਲ ਵੀ ਪਹੁੰਚ ਚੁੱਕਿਆ ਸੀ ਰਾਤ ਦੀ ਰੋਟੀ ਨਾਲ਼ ਹਲਵਾਈ ਵੱਲੋਂ ਗਰਮਾ-ਗਰਮ ਜਲੇਬੀਆਂ ਵੀ ਬਣਾਈਆਂ ਗਈਆਂ ਨਾਨਕੇ ਅਤੇ ਦਾਦਕਿਆਂ ਵਲੋਂ ਮਿਲ ਕੇ ਪਿੰਡ ਵਿੱਚ ਜਾਗੋ ਕੱਢੀ ਗਈ, ਇੱਕ ਦੂਜੇ ਨੂੰ ਸਿੱਠਣੀਆਂ ਰਾਹੀਂ ਖ਼ੂਬ ਮਜ਼ਾਕ ਕੀਤਾ ਗਿਆ, ਇਸ ਤਰ੍ਹਾਂ ਦੇਰ ਰਾਤ ਤੱਕ ਖ਼ੂਬ ਰੌਣਕਾਂ ਲੱਗੀਆਂ ਰਹੀਆਂ।
ਸਵੇਰੇ ਬਰਾਤ ਚ ਜਾਣ ਲਈ ਬਾਪੂ ਤਿਆਰ ਸੀ, ਪਰ ਮੈਂ ਜਿਦ ਕਰਕੇ ਬਹਿ ਗਿਆ। ਬੇਬੇ ਦੇ ਕਹਿਣ ਤੇ ਬਾਪੂ ਮਨ ਗਿਆ ਮੈਂ ਤਿਆਰ ਹੋ ਕੇ ਪਹੁੰਚ ਗਿਆ ਲੰਬਰਦਾਰਾਂ ਦੇ ਘਰ, ਮੇਰੇ ਜਾਂਦਿਆ ਨੂੰ ਵਿਆਹ ਵਾਲਾ ਮੁੰਡਾ ਵੀ ਤਿਆਰ ਸੀ, ਸੇਹਰਾ ਬਨਾਈ, ਸੂਰਮਾ ਪਵਾਈ, ਅਤੇ ਸਲਾਮੀ ਦੀਆਂ ਰਸਮਾਂ ਤੋਂ ਬਾਅਦ ਗੁਰੂ ਘਰ ਮੱਥਾ ਟੇਕਿਆ ਅਤੇ ਰੀਬਨਾ ਵਾਲ਼ੀ ਕਾਰ ਚ ਬੈਠ ਤੁਰ ਪਿਆ ਸੋਹਰਿਆਂ ਦੇ ਪਿੰਡ ਵੱਲ ਨੂੰ, ਹੋਰ ਬਰਾਤੀ ਬੱਸ ਚ ਬੈਠ ਪਿੱਛੇ-ਪਿੱਛੇ ਕੁੜੀ ਵਾਲਿਆਂ ਦੇ ਪਿੰਡ ਪਹੁੰਚ ਗਏ।
ਪਿੰਡ ਦੀ ਧਰਮਸ਼ਾਲਾ ਵਿੱਚ ਬਰਾਤ ਦਾ ਉਤਾਰਾ ਸੀ। ਧਰਮਸ਼ਾਲਾ ਚੋਂ ਬਾਜੇ ਗਾਜਿਆ ਨਾਲ ਬਰਾਤ ਕੁੜੀ ਵਾਲਿਆਂ ਦੇ ਘਰ ਪਹੁੰਚੀ, ਮਿਲਣੀ ਦੀਆਂ ਰਸਮਾਂ ਤੋਂ ਬਾਅਦ ਰੀਬਨ ਕਟਾਈ ਤੇ ਲਾੜੇ ਅਤੇ ਸਾਲੀਆਂ ਵਲੋਂ ਇੱਕ ਦੂਜੇ ਬਹੁਤ ਮਜ਼ਾਕ ਕੀਤਾ ਗਿਆ। ਕੁੜੀ ਵਾਲਿਆਂ ਵੱਲੋਂ ਚਾਹ ਪਕੌੜਿਆਂ ਅਤੇ ਹੋਰ ਮਠਿਆਈਆਂ ਨਾਲ ਬਰਾਤ ਦੀ ਖ਼ੂਬ ਸੇਵਾ ਕੀਤੀ ਗਈ। ਉਸ ਤੋਂ ਬਾਅਦ ਆਨੰਦ ਕਾਰਜ ਹੋਏ, ਦੋਵੇਂ ਪਰਿਵਾਰਾਂ ਵੱਲੋਂ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਗਈਆਂ ਲੰਬਰਦਾਰ ਦੇ ਭਾਣਜੇ ਵੱਲੋਂ ਸੇਹਰਾ ਪੜ੍ਹਿਆ ਗਿਆ। ਧਰਮਸ਼ਾਲਾ ਵਿੱਚ ਮੂੰਡੇ ਦੇ ਯਾਰਾਂ, ਦੋਸਤਾਂ, ਨੇ ਵਿਆਹ ਦੀ ਖ਼ੁਸ਼ੀ ਵਿੱਚ ਢੋਲ ਦੇ ਡਗੇ ਤੇ ਭੰਗੜਾ ਪਾਇਆ ਐਨੇ ਵਿੱਚ ਕੁੜੀ ਵਾਲਿਆਂ ਵੱਲੋਂ ਰੋਟੀ ਦਾ ਸੁਨੇਹਾ ਆ ਗਿਆ ਰੋਟੀ ਤੇ ਵੀ ਬਰਾਤ ਦੀ ਸੇਵਾ ਵਿੱਚ ਕੁੜੀ ਵਾਲਿਆਂ ਵੱਲੋਂ ਕੋਈ ਕਸਰ ਨਾ ਰਹੀ।
ਹੁਣ ਵੇਲਾ ਸੀ ਡੋਲੀ ਵਿਦਾ ਹੋਣ ਦਾ ਬਾਜੇ ਵਾਲਿਆਂ ਨੇ ਵੀ ” ਬਾਬੂਲ ਕੀ ਦੁਆਏਂ ਲੈਤੀ ਜਾ , ਵਾਲੀ ਤਰਜ਼ ਵਜਾਉਣੀ ਸ਼ੁਰੂ ਕਰ ਦਿੱਤੀ। ਕੁੱਝ ਰਸਮਾਂ ਤੋਂ ਬਾਅਦ ਨਵ ਵਿਆਹੀ ਜੋੜੀ ਨੂੰ ਕਾਰ ਵਿੱਚ ਬਿਠਾਇਆ ਗਿਆ। ਰੀਬਨਾ ਵਾਲੀ ਕਾਰ ਜਦੋਂ ਨਵੀਂ ਜੋੜੀ ਨੂੰ ਬਿਠਾ ਤੁਰਨ ਲੱਗੀ ਤਾਂ ਲੰਬਰਦਾਰ ਵੱਲੋਂ ਕਾਰ ਉੱਤੋਂ ਦੱਸੀਆਂ -ਪੰਜੀਆਂ ਦੀ ਭਾਨ ਦੀ ਵਰਖਾ ਕੀਤੀ ਗਈ। ਬਰਾਤ ਵਾਪਸ ਪਿੰਡ ਪਹੁੰਚਣ ਤੇ ਲੰਬੜਦਾਰ ਦੇ ਘਰ ਖ਼ੁਸ਼ੀ ਦਾ ਮਾਹੌਲ ਸੀ। ਨਵ ਵਿਆਹੀ ਜੋੜੀ ਨੂੰ ਕਾਰ ਚੋਂ ਉਤਾਰਿਆ ਗਿਆ ਮੁੰਡੇ ਦੀ ਮਾਂ ਵੱਲੋਂ ਪਾਣੀ ਵਾਰ ਕੇ ਜੋੜੀ ਨੂੰ ਘਰ ਅੰਦਰ ਲਿਆਂਦਾ ਗਿਆ ਰਿਸਤੇਦਾਰ ਅਤੇ ਪਿੰਡ ਵਾਲੇ ਲੰਬੜਦਾਰ ਅਤੇ ਉਸ ਦੇ ਘਰਵਾਲੀ ਨੂੰ ਵਧਾਈਆਂ ਦੇ ਰਹੇ ਸਨ।
ਭਾਵੇਂ ਅੱਜ ਕੱਲ੍ਹ ਵਿਆਹਾਂ ਤੇ ਖ਼ਰਚੇ ਜ਼ਿਆਦਾ ਕੀਤੇ ਜਾਂਦੇ ਹਨ ਪਰ ਪਹਿਲਾਂ ਵਾਲੀ ਗੱਲ ਨਹੀਂ ਬਣਦੀ।