ਕਾਂਤਾ ਮੈਡਮ ਛੋਟੇ ਕੱਦ ਦੀ ਪਤਲੀ ਜਿਹੀ ਮੈਡਮ ਸੀ।ਜਿਸਦਾ ਸਾਡੇ ਪਿੰਡ ਵਿੱਚ ਇੱਕ ਪ੍ਰਾਈਵੇਟ ਸਕੂਲ ਸੀ। ਮੈਂ ਉਨ੍ਹਾਂ ਕੋਲ ਟਿਊਸ਼ਨ ਪੜ੍ਹਦੀ ਸੀ। ਜਿੱਥੇ ਉਨ੍ਹਾਂ ਨੇ ਸਕੂਲ ਖੋਲ੍ਹਿਆ ਸੀ। ਉਹ ਕਿਸੇ ਦਾ ਖ਼ਾਲੀ ਘਰ ਸੀ। ਉੱਥੇ ਹੀ ਉਹਨਾਂ ਦੇ ਖਾਲੀ ਘਰ ਵਿਚ ਪੱਠੇ ਕੁਤਰਨ ਵਾਲੀ ਮਸ਼ੀਨ ਸੀ। ਜਦੋਂ ਸਾਗ ਦੀ ਰੁੱਤ ਆਉਂਦੀ ਤਾਂ ਮੈਡਮ ਪੱਠਿਆਂ ਵਿਚੋਂ ਸਾਗ ਦੀਆਂ ਕੱਚੀਆਂ ਗੰਦਲਾਂ ਲੱਭ ਕੇ ਖਾਂਦੇ ਰਹਿੰਦੇ ਸਨ। ਸਰਦੀਆਂ ਵਿੱਚ ਮਰੁੰਡੇ ਤੇ ਮੂੰਗਫਲੀਆਂ ਅਕਸਰ ਉਹਨਾਂ ਦੇ ਮੇਜ਼ ਤੇ ਪਈਆਂ ਰਹਿੰਦੀਆਂ ਸਨ।
ਮੇਰੀ ਮਾਂ ਤੇ ਮੈਡਮ ਦੋਨੋਂ ਇੱਕ ਸ਼ਹਿਰ ਦੀਆਂ ਹੋਣ ਕਰ ਕੇ ਸਹੇਲੀਆਂ ਬਣ ਗਈਆਂ ਸਨ ।ਅਸੀਂ ਦੋਨੋਂ ਭੈਣਾਂ ਸਰਕਾਰੀ ਸਕੂਲ ਵਿੱਚ ਪੜ੍ਹੀਆਂ ਪਰ ਮੇਰਾ ਭਰਾ ਪੜਾਈ ਵਿੱਚ ਕਮਜ਼ੋਰ ਹੋਣ ਕਰਕੇ ਕਾਂਤਾ ਮੈਡਮ ਕੋਲ ਪੜਦਾ ਸੀ। ਮੇਰਾ ਭਰਾ ਮੇਰੀ ਮਾਂ ਦਾ ਬਹੁਤ ਲਾਡਲਾ ਸੀ। ਇਕ ਵਾਰ ਮੇਰੀ ਮਾਂ ਉਹ ਨੂੰ ਸਕੂਲ ਛੱਡ ਕੇ ਵਾਪਸ ਆ ਰਹੀ ਸੀ , ਤਾਂ ਰਸਤੇ ਵਿੱਚ ਕਿਸੇ ਨੇ ਕਹਿ ਦਿੱਤਾ ਕਿ ਭੁਚਾਲ ਆਉਣ ਵਾਲਾ ਹੈ । ਮੇਰੀ ਮਾਂ ਓਹਨੀਂ ਪੈਰੀ ਵਾਪਸ ਗਈ ਤੇ ਕਹਿੰਦੀ ਇਹਨੂੰ ਛੁੱਟੀ ਦੇ ਦਿਓ । ਕਾਂਤਾ ਮੈਡਮ ਹੱਸੀ ਜਾਣ ਤੇ ਕਹਿਣ ਲੱਗੇ ਵੀ ਇੱਥੇ ਹੋਰ ਵੀ ਤਾਂ ਬੱਚੇ ਹਨ । ਪਰ ਮੇਰੀ ਮਾਂ ਕਹਿੰਦੀ ,ਨਹੀਂ ਤੇ ਉਹ ਨੂੰ ਵਾਪਸ ਘਰ ਲੈ ਆਈ।
ਉਦੋਂ ਉਹ ਸਕੂਟਰੀ ਤੇ ਸਾਡੇ ਪਿੰਡ ਪੜਾਉਣ ਆਉਂਦੀ ਸੀ। ਸ਼ਾਇਦ ਉਹ ਸਾਡੇ ਪਿੰਡ ਦੀ ਪਹਿਲੀ ਔਰਤ ਸੀ ਜੋ ਸਕੂਟਰੀ ਚਲਾਉਂਦੀ ਸੀ। ਉਨ੍ਹਾਂ ਨੂੰ ਵੇਖ ਕੇ ਹੀ ਮੈਨੂੰ ਅਧਿਆਪਕ ਬਣਨ ਦਾ ਖਿਆਲ ਆਉਂਦਾ ਸੀ।
ਕਦੇ ਕਦੇ ਸਕੂਲ ਵਿਚ ਮੈਡਮ ਨੂੰ ਲੈਣ ਉਹਨਾਂ ਦਾ ਦਿਉਰ ਆਉਂਦਾ ਸੀ। ਜਿੰਨਾ ਚਿਰ ਉਹ ਸਕੂਲ ਵਿੱਚ ਰਹਿੰਦਾ ਉਹ ਆਪਣੇ ਹੱਥ ਦੀ ਉਂਗਲ ਤੇ ਆਪਣੇ ਸਕੂਟਰ ਦੀ ਚਾਬੀ ਨੂੰ ਕ੍ਰਿਸ਼ਨ ਜੀ ਦੇ ਸੁਦਰਸ਼ਨ ਚੱਕਰ ਵਾਂਗ ਘੁਮਾਈ ਜਾਂਦਾ । ਇੱਕ ਪਲ ਵੀ ਬੰਦ ਨਾ ਕਰਦਾ ਅਸੀਂ ਅਕਸਰ ਉਸ ਵੱਲ ਵੇਖ ਕੇ ਹੈਰਾਨ ਹੋਣਾ ਕਿ ਇਹ ਕਿਵੇਂ ਕਰ ਲੈਂਦਾ।
ਜਦੋਂ ਵੀ ਕਦੀ ਇਮਤਿਹਾਨਾਂ ਦੇ ਦਿਨ ਆਉਣੇ , ਅਸੀਂ ਉਨ੍ਹਾਂ ਨੂੰ ਕਹਿਣਾ ਕਿ ਮੈਡਮ ਜੀ ਇਨ੍ਹਾਂ ਸਿਲੇਬਸ ਰਹਿ ਗਿਆ। ਤਾਂ ਉਨ੍ਹਾਂ ਨੇ ਹੱਸ ਕੇ ਹਮੇਸ਼ਾ ਇਕ ਹੀ ਜੁਵਾਬ ਦੇਣਾ ਕੋਈ ਨਾ ਹੁਣ ਤਾਂ ਹਾਥੀ ਲੰਘ ਗਿਆ ਤੇ ਪੂਛ ਰਹਿ ਗਈ ਤੇ ਅਸੀਂ ਖੁਸ਼ ਹੋ ਜਾਣਾ।
ਮੈਡਮ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਸਕੂਲ ਤਾਂ ਹੁਣ ਉਨ੍ਹਾਂ ਦਾ ਬੰਦ ਹੋ ਗਿਆ ਪਰ ਫਿਰ ਵੀ ਜਦੋਂ ਕਦੇ ਪਿੰਡ ਜਾਈਏ ਤਾਂ ਉਨ੍ਹਾਂ ਦੇ ਉਸ ਸਕੂਲ ਅੱਗੋ ਲੰਘਦੇ ਸਮੇਂ ਸਿਰ ਸ਼ਰਧਾ ਨਾਲ਼ ਝੁੱਕ ਜਾਂਦਾ ਹੈ।
ਰਮਨਦੀਪ ਕੌਰ