ਸੱਚੀ ਪਤਾ ਹੀ ਨਹੀਂ ਲੱਗਿਆ ਕਦੋਂ ਜਵਾਈ ਤੋਂ ਜੀਜਾ ਜੀ ਤੇ ਕਦੋ ਜੀਜਾ ਜੀ ਤੋਂ ਫੁਫੜ ਜੀ ਬਣ ਗਿਆ।ਫੁਫੜ ਜੀ ਤੋਂ ਫੁਫੜਾ। ਉਹ ਕੁਝ ਕ਼ੁ ਸਾਲ ਪਹਿਲੇ ਪਹਿਰ ਦੇ ਸੁਫ਼ਨੇ ਵਾਂਗ ਗੁਜਰ ਗਏ। ਰਮੇਸ਼ ਕੁਮਾਰ ਆਖਣ ਵਾਲੇ ਸਹੁਰਾ ਸਾਹਿਬ ਦੇ ਗੁਜਰ ਜਾਣ ਤੋਂ ਕੁੱਝ ਕ਼ੁ ਸਾਲ ਬਾਅਦ ਸਾਸੂ ਮਾਂ ਵੀ ਦਿਨ ਜਿਹੇ ਪੂਰੇ ਕਰਕੇ ਤੁਰ ਗਈ। ਘਰੇ ਮਾਂ ਪਿਓ ਦੀ ਗੈਰ ਮੌਜੂਦਗੀ ਦੀ ਕਸਕ ਤਾਂ ਹੈਗੀ ਹੀ ਹੈ। ਵੱਡਿਆਂ ਬਿਨਾਂ ਘਰ ਬਿਨਾਂ ਛੱਤ ਵਾਲਾ ਮਕਾਨ ਨਜ਼ਰ ਆਉਂਦਾ ਹੈ। ਜਦੋਂ ਕਦੇ ਦਿਲ ਬਾਹਲਾ ਉਦਰੇਵਾਂ ਜਿਹਾ ਫੜ੍ਹ ਲੈਂਦਾ ਹੈ ਤੇ ਘਰੋਂ ਮਨ ਉਡੂ ਉਡੂ ਕਰਦਾ ਹੈ। ਕਿਸੇ ਆਪਣੇ ਕੋਲੇ ਜਾਣ ਦੀ ਸਿਕ ਜਿਹੀ ਉਠਦੀ ਹੈ। ਮਨ ਵੈਰਾਗ ਫੜ੍ਹ ਲੈਂਦਾ ਹੈ। ਤਾਂ ਫਿਰ
“ਚੱਲ ਆਪਾਂ ਤਾਈ ਜੀ ਘਰੇ ਚਲੀਏ।”
ਆਪ ਮੁਹਾਰਾ ਹੀ ਮੂੰਹੋ ਨਿਕਲ ਜਾਂਦਾ ਹੈ। ਤੇ ਮੇਰੀ ਸ਼ਰੀਕ ਏ ਹਯਾਤ ਚੁਪ ਜਿਹਾ ਕਰ ਜਾਂਦੀ ਹੈ।
“ਨਿੱਤ ਨਿੱਤ ਕੋਈ ਚੰਗਾ ਲਗਦਾ ਹੈ ਓਹਨਾ ਘਰੇ ਜਾਣਾ।” ਆਖਕੇ ਕੇਰਾਂ ਨਾ ਜੀ ਜਰੂਰ ਕੁਰੂ। ਤੇ ਫਿਰ ਹੱਥ ਵਿਚ ਫੜ੍ਹੇ ਰੁਮਾਲ ਵਿੱਚ ਮੋਬਾਈਲ ਰੱਖਕੇ ਝੱਟ ਤਿਆਰ ਹੋ ਜਾਂਦੀ ਹੈ।
ਤਾਈ ਸੀਤਾ ਦੇਵੀ ਕੋਈ ਮੇਰੀ ਸਕੀ ਤਾਈ ਨਹੀਂ ਹੈ । ਉਹ ਤਾਂ ਸਾਹਿਬਾਂ ਦੀ ਤਾਈ ਲਗਦੀ ਹੈ। ਮੇਰੇ ਤਾਂ ਸੱਸਾਂ ਦੀ ਥਾਂ ਲਗਦੀ ਹੈ। ਥਾਂ ਨਹੀਂ ਸੱਸ ਹੀ ਸਮਝੋ। ਇੱਕੋ ਦਾਦੇ ਪੜਦਾਦੇ ਦਾ ਖਾਨਦਾਨ ਹੈ। ਜਦੋਂ ਤਾਈ ਜੀ ਮੇਰਾ ਦੋਹਾਂ ਹੱਥਾਂ ਨਾਲ ਸਿਰ ਪਲੂਸਦੀ ਹੈ ਤਾਂ ਸਰੀਰ ਵਿੱਚ ਹਜ਼ਾਰਾਂ ਘੰਟੀਆਂ ਇੱਕਠੀਆਂ ਵੱਜ ਜਾਂਦੀਆਂ ਹਨ। ਚੇਹਰੇ ਦੀ ਸ਼ਿਕਨ ਗਾਇਬ ਹੋ ਜਾਂਦੀ ਹੈ। ਉਸ ਘਰ ਦੇ ਹਰ ਜੀਅ ਦੇ ਚੇਹਰੇ ਤੇ ਵੀ ਮੁਸਕਾਨ ਆ ਜਾਂਦੀ ਹੈ। ਕੋਈ ਕਿਸੇ ਦੇ ਖਾਣ ਨਹੀਂ ਜਾਂਦਾ। ਬਸ ਮਾਣ ਤਾਣ ਤੇ ਮਿਲਣ ਤੇ ਖੁਸ਼ੀ ਦੂਣ ਸਵਾਈ ਹੋ ਜਾਂਦੀ ਹੈ। ਮੇਰੀ ਹੀ ਨਹੀਂ ਸਾਹਿਬਾਂ ਦੀ ਰਮਜ਼ ਵੀ ਆਪਣੀ ਤਾਈ ਜੀ ਨਾਲ ਬਹੁਤ ਮਿਲਦੀ ਹੈ। ਗੱਲਾਂ ਦੇ ਗਲੋਟੇ ਕਰਦਿਆਂ ਸਮਾਂ ਰੁੱਕ ਜਾਂਦਾ ਹੈ। ਠੇਠ ਪੰਜਾਬੀ ਮਲਵਈ ਭਾਸ਼ਾ ਦੇ ਸ਼ਬਦ ਮੋਤੀਆਂ ਵਾਂਗ ਮੂਹੋਂ ਕਿਰਦੇ ਹਨ। ਸ਼ਬਦੀ ਅਦਬ ਸਲੀਕੇ ਤੋਂ ਕੋਹਾਂ ਦੂਰ ਹਰਫ਼ਾਂ ਦੀ ਤਹਿਜ਼ੀਬ ਤੋਂ ਸੱਖਣੀ ਅਪਣੱਤ ਦੀ ਭਾਸ਼ਾ ਕਲੇਜੇ ਨੂੰ ਠੰਡਾ ਸੀਤ ਕਰ ਦਿੰਦੀ ਹੈ। ਮਨ ਵਿਚਲੇ ਗੁਭ ਗੁਬਾਹਤ ਪਲਾਂ ਦੀ ਦੇਰੀ ਕੀਤਿਆਂ ਛੂ ਮੰਤਰ ਹੋ ਜਾਂਦੇ ਹਨ। ਭਾਰੀ ਭਰਕਮ ਜਿਸਮ ਹਲਕਾ ਫੁੱਲ ਵਰਗਾ ਹੋਕੇ ਉਡਾਰੀਆਂ ਮਾਰਨ ਲੱਗ ਜਾਂਦਾ ਹੈ। ਚਾਹ ਦੁੱਧ ਦੇ ਨਾਲ ਬਿਸਕੁਟ ਭੂਜੀਆ ਤੇ ਕਦੇ ਲਿਮਕੇ ਦਾ ਗਿਲਾਸ ਮਨ ਨੂੰ ਅਥਾਹ ਤਾਜ਼ਗੀ ਦਿੰਦਾ ਹੈ। ਇਸ ਤੋਂ ਉਪਰ ਖਵਾਉਣ ਪਿਲਾਉਣ ਦੀ ਨਿਸਵਾਰਥ ਭਾਵਨਾ ਆਪਣਾ ਅਸਰ ਵਿਖਾਉਂਦੀ ਹੈ। ਮਹੀਨਿਆਂ ਦੀ ਖੁਰਾਕ ਲੈ ਕੇ ਤੇ ਫਿਰ ਜਲਦੀ ਆਉਣ ਦਾ ਵਾਅਦਾ ਕਰਕੇ ਅਸੀਂ ਘਰ ਪਰਤ ਆਉਂਦੇ ਹਾਂ। ਸਿਆਣੀ ਉਮਰ ਦੇ ਜੀਅ ਦੀ ਘਾਟ ਪੈਸੇ ਤੇ ਆਪਣੀ ਸਿਆਣਪ ਨਾਲ ਪੂਰੀ ਨਹੀਂ ਕੀਤੀ ਜਾ ਸਕਦੀ। ਇਹ ਤਾਂ ਵਡੇਰੀ ਉਮਰ ਦੇ ਬਜ਼ੁਰਗਾਂ ਦੇ ਪਰਛਾਂਵੇ ਤੋਂ ਹੀ ਮਿਲਦੀ ਹੈ। ਇਹ ਬਜ਼ੁਰਗ ਜਿਥੇ ਹਨ ਉਥੇ ਓਹਨਾ ਦੀ ਉਹ ਕਦਰ ਨਹੀਂ। ਜਿਥੇ ਨਹੀਂ ਹਨ ਉਹਨਾਂ ਨੂੰ ਹੀ ਪਤਾ ਹੁੰਦਾ ਹੈ ਇਹਨਾਂ ਦੀ ਮੌਜੂਦਗੀ ਦਾ ਮੁੱਲ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ