ਨੀ ਹੁਣ ਤੂੰ ਮੇਰੀ ਗੱਲ ਹੀ ਨਹੀ ਸੁਣਦੀ।ਮੈ ਤੈਨੂੰ ਜਨਮ ਦਿੱਤਾ ਹੈ। ਨੋ ਮਹੀਨੇ ਤੈਨੂੰ ਆਪਣੇ ਪੇਟ ਚ ਰੱਖਿਆ। ਕਿਉਕਿ ਮੈਨੂੰ ਇੱਕ ਧੀ ਦੀ ਰੀਝ ਸੀ ਤੇ ਧੀ ਦੀ ਮਾਂ ਬਨਣ ਖਾਤਰ ਹੀ ਮੈ ਚਾਰ ਮੁਡਿਆਂ ਦੇ ਬਾਦ ਵੀ ਤੈਨੂੰ ਜਨਮ ਦਿੱਤਾ ਤ। ਖੁਸ਼ੀਆਂ ਮਨਾਈਆਂ। ਸਿਰਫ ਇਸ ਲਈ ਕਿ ਤੂੰ ਮੇਰੀ ਬੁਢਾਪੇ ਚ ਗੱਲ ਸੁਣੇਗੀ ਮੇਰਾ ਦੁੱਖ ਵੰਡਾਵੇਗੀ। ਮੈ ਤੈਨੂੰ ਪੜਾਇਆ ਲਿਖਾਇਆ।ਕੋਰਸ ਕਰਵਾਇਆ ਤੇ ਫਿਰ ਤੂੰ ਨੋਕਰੀ ਲੱਗ ਗਈ।ਕਿੰਨੇ ਮੁੰਡੇ ਵੇਖੇ ਤੇਰੇ ਲਈ। ਪਰ ਮੈਨੂੰ ਇਹੀ ਸੀ ਕਿ ਮੁੰਡਾ ਸੋਹਣਾ ਸੁਨੱਖਾ ਹੋਵੇ ਤੇ ਕਿਤੇ ਲਿਵੇ ਹੀ ਰਹਿੰਦਾ ਹੋਵੇ। ਰੱਬ ਨੇ ਮੇਰੀ ਸੁਣ ਲਈ ਤੈਨੂੰ ਨਾਲ ਦੀ ਮੰਡੀ ਵਿੱਚ ਹੀ ਵਿਆਹਤਾ। ਅਸਲ ਗੱਲ ਇਹੀ ਸੀ ਕਿ ਮਿਲਣ ਗਿਲ੍ਹਣ ਚ ਕੋਈ ਦਿੱਕਤ ਨਾ ਆਵੇ।ਤੂੰ ਹਰ ਦਸੀ ਪੰਦਰੀ ਦਿਨੀ ਗੇੜਾ ਮਾਰਦੀ ਰਹੇ। ਜੇ ਤੈਥੋ ਨਾ ਆ ਹੋਵੇ ਤਾਂ ਮੈ ਪੰਹੁਚ ਜਾਵਾਂ ਤੇਰੇ ਕੋਲ ਇਕੱਲੀ ਹੀ। ਮੈਨੂੰ ਉਡੀਕਣਾ ਨਾ ਪਵੇ ਕਿਸੇ ਨੂੰ। ਦੂਰ ਦੀਆਂ ਕਾਹਦੀਆਂ ਰਿਸ਼ਤੇਦਾਰੀਆਂ ਹੁੰਦੀਆਂ ਹਨ ਜਦੋ ਬੰਦਾ ਸੁਖ ਦੁੱਖ ਤੇ ਸਮੇ ਸਿਰ ਪਹੁੰਚ ਨਹੀ ਸਕਦਾ। ਪਰ ਤੂੰ ਤਾਂ ਜਵਾਂ ਹੀ ਬਦਲ ਗਈ। ਉਸਦੇ ਮਗਰ ਹੀ ਲੱਗ ਗਈ। ਭੁੱਲ ਗਈ ਮਾਂ ਨੂੰ । ਬਸ ਤੈਨੂੰ ਮੇਰਾ ਨਹੀ ਉਸੇ ਦਾ ਫਿਕਰ ਹੈ। ਓਸੇ ਦੀ ਬੋਲੀ ਬੋਲਦੀ ਹੈ ਤੂੰ। ਵਾਹ ਧੀਏ ਵਾਹ। ਮੇਰੀ ਮਾਂ ਦੇ ਉਲਾਂਭੇ ਜਾਰੀ ਸਨ। ਜਦੋ ਦੇ ਪਿਤਾ ਜੀ ਗਏ ਹਨ ਮਾਂ ਦੀਆਂ ਸਿ਼ਕਵੇ ਸ਼ਕਾਇਤਾਂ ਵੱਧ ਗਈਆਂ ਹਨ। ਮਾਂ ਦੀ ਘਰੇ ਉਹ ਪੁੱਛ ਪ੍ਰਤੀਤ ਨਹੀ ਸੀ ਰਹੀ ।ਉਸਦਾ ਰਾਜ ਭਾਗ ਚਲਾ ਗਿਆ ਸੀ। ਮੈਨੂੰ ਲੱਗਦਾ ਜਿਵੇ ਮਾਂ ਦੀ ਚੋਧਰ ਹੀ ਖੁੱਸ ਗਈ ਸੀ ਤੇ ਪਿਤਾ ਜੀ ਦੇ ਜਾਣ ਤੋ ਬਾਅਦ ਉਹ ਮੁਥਾਜ ਜਿਹੀ ਹੋ ਗਈ। ਤੇ ਉਸਦਾ ਹੋਰ ਕਿਸੇ ਤੇ ਵੱਸ ਨਹੀ ਸੀ ਚਲਦਾ ਬਸ ਸਾਰਾ ਜੋਰ ਹੁਣ ਮੇਰੇ ਤੇ ਹੀ ਸੀ।
ਤੇ ਉਸ ਦਿਨ ਜਦੋ ਮੈਨੂੰ ਵਿਆਹੀ ਨੂੰ ਅਜੇ ਜੁੰਮਾਂ ਜੁੰਮਾਂ ਅੱਠ ਦਿਨ ਹੀ ਹੋਏ ਹੋਣਗੇ। ਮੈ ਇਹਨਾ ਨੇ ਨਾਲ ਘਰ ਫੇਰਾ ਪਾਉਣ ਆਈ ਸੀ। ਵੇਹੜੇ ਦੀਆਂ ਜਨਾਨੀਆਂ ਦੇ ਜਾਣ ਤੋ ਬਾਦ ਜਦੋ ਮਾਂ ਨੂੰ ਥੋੜੀ ਜਿਹੀ ਫੁਰਸਤ ਮਿਲੀ ਤਾਂ ਉਸਨੇ ਮੈਨੂੰ ਆਪਣੇ ਕੋਲ ਬਿਠਾ ਲਿਆ। ਬੇਟਾ ਵੇਖ ਤੂੰ ਪੜੀ ਲਿਖੀ ਹੈ । ਨੋਕਰੀ ਕਰਦੀ ਹੈ। ਪਰ ਕਦੇ ਮਨ ਚ ਗਰੂਰ ਨਾ ਲਿਆਈ। ਸੋਹਰੇ ਸੋਹਰੇ ਹੀ ਹੁੰਦੇ ਹਨ। ਪੇਕਿਆਂ ਦੀ ਰੀਸ ਨਹੀ ਕਰ ਸਕਦੇ। ਮਾਂ ਪਿਓ ਤੇ ਸੱਸ ਸਹੁਰੇ ਚ ਫਰਕ ਹੁੰਦਾ ਹੈ। ਮਾਂ ਪਿਓ ਦੀ ਲਾਜ ਰੱਖੀ। ਕਿਸੇ ਅੱਗੇ ਜੁਬਾਨ ਨਾ ਚਲਾਈ। ਵਰ ਸੰਜੋਗ ਧੁਰ ਦਰਗਾਹੋਂ ਲਿਖੇ ਹੁੰਦੇ ਹਨ। ਤੈਨੂੰ ਰੱਬ ਨੇ ਬਹੁਤ ਸੋਹਣਾ ਘਰ ਤੇ ਵਰ ਦਿੱਤਾ ਹੈ। ਮੁੰਡਾ ਸੋਹਣਾ ਸੁਨੱਖਾਂ ਤੇ ਕਮਾਊ ਹੈ । ਕਿਸੇ ਚੀਜ ਦੇ ਵੈਲ ਨਹੀ। ਨਾਲੇ ਉਹ ਤਾਂ ਕਿਸੇ ਬਾਬੇ ਨੂੰ ਮੰਨਦੇ ਹਨ। ਸਰਾਬ ਮਾਸ ਦਾ ਵੀ ਪੂਰਾ ਪ੍ਰਹੇਜ ਹੈ ਓਹਨਾ ਘਰੇ। ਤੇ ਤੂੰ ਹੈ ਵੀ ਨੇੜੇ ਹੀ ਆਹ ਵੀਹ ਬਾਈ ਮੀਲ ।ਰੱਬ ਨੇ ਮੇਰੀਆਂ ਸਾਰੀਆਂ ਰੀਝਾਂ ਪੁਗਾ ਦਿੱਤੀਆਂ। ਕਹਿੰਦੇ ਅੋਰਤ ਦੀ ਜਿਸ ਘਰ ਡੋਲੀ ਜਾਵੇ ਉਸੇ ਘਰੋ ਹੀ ਅਰਥੀ ਉਠਣੀ ਚਾਹੀਦੀ ਹੈ। ਮਤਲਬ ਬਿਨਾ ਕਿਸੇ ਹੰਕਾਰ ਦੇ ਤੇ ਨਿਮਰਤਾ ਨਾਲ ਰਹੀ ਤੇ ਤੂੰ ਰਾਜ ਕਰੇਗੀ। ਤੇਰੀ ਮਾੜੀ ਜਿਹੀ ਵੀ ਗਲਤੀ ਉਸ ਘਰ ਨੂੰ ਨਰਕ ਬਣਾ ਸਕਦੀ ਹੈ।ਤੇ ਇਸ ਘਰ ਨੂੰ ਵੀ। ਮਾਂ ਨੇ ਅੱਖਾਂ ਜਿਹੀਆਂ ਭਰਕੇ ਦਿਲੋ ਆਸੀਰਵਾਦ ਦਿੱਤਾ ਤੇ ਉਠਕੇ ਚਲੀ ਗਈ। ਮਾਂ ਦੀ ਇੱਕ ਇੱਕ ਗੱਲ ਸਹੀ ਸੀ ਚਾਹੇ ਮੈ ਬੋਲੀ ਕੁਝ ਨਾ ਪਰ ਮੇਰੀ ਚੁੱਪ ਹੀ ਮੇਰੀ ਸਹਿਮਤੀ ਸੀ।
ਮੈਨੁੰ ਪਤਾ ਸੀ ਮਾਂ ਪਿਉ ਲਈ ਧੀ ਦੇ ਕਾਰਜ ਸਮੇਟਣੇ ਕਿੰਨੇ ਅੋਖੇ ਹੁੰਦੇ ਹਨ। ਤੇ ਜੇ ਇਹ ਕਾਰਜ ਰਾਸ ਨਾ ਆਉਣ ਜਾ ਕਿਸੇ ਦੀ ਵੀ ਗਲਤੀ ਕਰਕੇ ਮਾਮਲਾ ਉਲਝ ਜਾਵੇ ਤਾਂ ਮਾਂ ਪਿਉ ਦਾ ਬੁਢਾਪਾ ਖਰਾਬ ਹੋ ਜਾਂਦਾ ਹੈ। ਮੈ ਜਾਣਦੀ ਸੀ ਮੇਰੇ ਪਿਉ ਨੇ ਇਕੱਲੇ ਨੇ ਕਿਵੇ ਘਰ ਦਾ ਤੋਰਾ ਤੋਰਿਆ ਹੈ। ਕਿਵੇ ਸਾਨੂੰ ਪੰਜਾਂ ਨੂੰ ਪੜਾਇਆ ਤੇ ਕਿਵੇ ਨੋਕਰੀ ਲਵਾਇਆ। ਕਿੰਨੇ ਮੁਸਕਿਲਾਂ ਨਾਲ ਸਾਡੇ ਕਾਰਜ ਕੀਤੇ। ਮੇਰੇ ਕਾਰਜ ਨੇ ਤਾਂ ਉਹਨਾ ਦਾ ਲੱਕ ਹੀ ਤੋੜ ਦਿੱਤਾ ।ਕੁੜਮਾਂ ਤੇ ਵਿਚੋਲੇ ਨਾਲ ਤਾਲਮੇਲ ਬਿਠਾਉਣਾ ਕੋਈ ਸੋਖਾ ਕੰਮ ਨਹੀ ਸੀ। ਸਮਾਜ ਵਿੱਚ ਨੱਕ ਰੱਖਣ ਲਈ ਬਹੁਤ ਕੁਝ ਕਰਨਾ ਪੈਂਦਾ ਹੈ। ਉਹ ਵੀ ਆਪਣੀ ਹੈਸੀਅਤ ਤੌ ਵੱਧ। ਆਪਣੀ ਤੇ ਮੇਰੀ ਰੀਝ ਪੂਰੀ ਕਰਨ ਲਈ ਪਤਾ ਨਹੀ ਉਹਨਾ ਨੇ ਕੀ ਕੀ ਨਹੀ ਕੀਤਾ।ਮੇਰੇ ਵਿਆਹ ਤੋ ਪਹਿਲਾਂ ਮੇਰੇ ਪਿਤਾ ਜੀ ਦੇ ਮਨ ਤੇ ਇਹੀ ਬੋਝ ਸੀ। ਉਹਨਾ ਦੀ ਸਿਆਣਪ ਤੇ ਨਵੇ ਪੁਰਾਣੇ ਰਿਸ਼ਤੇਦਾਰਾਂ ਦੀ ਹੱਲਾ ਸ਼ੇਰੀ ਨਾਲ ਇਹ ਕਾਰਜ ਨਿਪਟ ਹੀ ਗਿਆ ਤੇ ਅੰਦਰੋ ਮੇਰੇ ਭਵਿੱਖ ਨੂੰ ਲੈ ਕੇ ਚਿੰਤਾ ਵੀ ਕਰਦੇ ਪਰ ਕਿਸੇ ਨੂੰ ਜਾਹਿਰ ਨਾ ਹੋਣ ਦਿੰਦੇ। ਉਂਜ ਉਹ ਸੁਰਖਰੂ ਜਿਹੇ ਹੋ ਗਏ ਸਨ।ਤੇ ਉਹਨਾ ਦੇ ਚੇਹਰੇ ਤੇ ਸਦਾ ਰੋਣਕ ਰਹਿੰਦੀ। ਉਹ ਹਮੇਸਾ ਖੁਸ਼ ਰਹਿੰਦੇ। ਜੋਰ ਜੋਰ ਦੀ ਹੱਸਦੇ। ਉਹਨਾਂ ਨੂੰ ਹੱਸਦਿਆਂ ਨੂੰ ਵੇਖ ਕੇ ਮੇਰੀ ਰੂਹ ਵੀ ਖਿੜ ਜਾਂਦੀ।
ਪਰ? ਪਰ ਪਰ ਕੀ? ਜਿੰਦਗੀ ਦਾ ਇਹ ਮੋੜ ਇੰਨਾ ਸੋਖਾਲਾ ਨਹੀ ਸੀ ਮੇਰੇ ਵਾਸਤੇ । ਆਪਣੇ ਆਪ ਨੂੰ ਨਵੇ ਘਰ ਵਿੱਚ ਸੈਟ ਕਰਨਾ ਕੋਈ ਬਹੁਤਾ ਸੋਖਾ ਕੰਮ ਨਹੀ ਸੀ। ਇੱਧਰ ਨਵੇ ਘਰ ਦਾ ਮਾਹੋਲ ਵੀ ਬਹੁਤ ਬਦਲਵਾਂ ਸੀ।ਕਈ ਵਾਰੀ ਬੇਵਜਂਾ ਦੀ ਨੁਕਤਾਚੀਨੀ ਮੇਰਾ ਗੁੱਸਾ ਵਧਾ ਦਿੰਦੀ ਤੇ ਇਸੇ ਕਰਕੇ ਨਨਾਣ ਤੇ ਸੱਸ ਨਾਲ ਮੇਰੀ ਕਿਸੇ ਨਾ ਕਿਸੇ ਮੁੱਦੇ ਤੇ ਅੜਫਸ ਹੋਈ ਰਹਿੰਦੀ। ਉਹ ਕਦੇ ਗਲਤ ਵੀ ਬੋਲ ਦਿੰਦੀਆਂ । ਤੇ ਕਦੇ ਕਦੇ ਅੱਗੋ ਮੈ ਵੀ ਚਾਰ ਸੁਣਾ ਦਿੰਦੀ। ਸਾਡਾ ਗੁੱਸਾ ਦੁੱਧ ਦੇ ਉਬਾਲ ਵਾਗੂ ਪਲਾਂ ਵਿੱਚ ਠੰਡਾ ਹੋ ਜਾਂਦਾ।ਜੇ ਇੱਕ ਪਾਸੇ ਮੈ ਬਹੁਤ ਦੁੱਖ ਵੇਖਿਆ ਤਾਂ ਦੂਜੇ ਪਾਸੇ ਸੁੱਖ ਵੀ ਬਹੁਤ ਭੋਗਿਆ। ਜੇ ਮੈਨੂੰ ਤੰਗ ਕੀਤਾ ਗਿਆ ਤਾਂ ਮੈਨੂੰ ਲਾਡ ਵੀ ਬਹੁਤ ਲਡਾਏ ਗਏ। ਜਿੱਥੇ ਦੋ ਭਾਂਡੇ ਹੋਣਗੇ ਤਾਂ ਉਹ ਖੜਕਣਗੇ ਵੀ। ਕਈ ਵਾਰੀ ਮੈਨੰ ਬਿਨਾ ਗੱਲ ਤੋ ਨਿਸ਼ਾਨਾ ਬਣਾਇਆ ਜ਼ਾਂਦਾ। ਤੇ ਕਈ ਵਾਰੀ ਸਾਰਿਆਂ ਦੇ ਖਿਲਾਫ ਜਾਕੇ ਵੀ ਮੇਰੀ ਵਾਰ੍ਹ ਲਈ ਜਾਂਦੀ। ਮੈ ਗੁੱਸੇ ਚ ਭਰੀ ਬਿਨਾਂ ਕੁਝ ਖਾਧੇ ਪੀਤੇ ਭੁਖਣ ਭਾਣੀ ਕੰਮ ਤੇ ਲੱਗੀ ਰਹਿੰਦੀ। ਤੇ ਫਿਰ ਬੀਮਾਰ ਹੋ ਜਾਂਦੀ। ਤੇ ਕਈ ਵਾਰੀ ਮੇਰੇ ਅੰਦਰ ਇੰਨਾ ਜੋਸ਼ ਆ ਜਾਂਦਾ ਤੇ ਮੈ ਅੰਨਾ ਕੰਮ ਕਰਦੀ। ਦੱਸ ਆਦਮੀਆਂ ਜਿੰਨਾ ਤੇ ਮੈ ਜਵਾਂ ਵੀ ਨਾ ਥੱਕਦੀ। ਮੈ ਬਹੁਤ ਉਤਾੜ ਚੜਾਵ ਦੇਖੇ ਪਰ ਕੁਲ ਮਿਲਾਕੇ ਜਿੰਦਗੀ ਵਧੀਆ ਰਿੜੀ ਆਉਂਦੀ ਸੀ ।ਚਾਹੇ ਮੇਰੇ ਪੇਕੇ ਸੀ ਜਾ ਸਹੁਰੇ ਬਜੁਰਗਾਂ ਦਾ ਅਸੀਰਵਾਦ ਜੋ ਨਾਲ ਸੀ।ਤੇ ਉਹਨਾ ਦੀ ਛੱਤਰ ਛਾਇਆ ਵਿੱਚ ਅਸੀ ਸੋਹਣੇ ਦਿਨ ਕੱਟ ਰਹੇ ਸੀ। ਉਮਰ ਦੇ ਤਕਾਜੇ ਅਨੁਸਾਰ ਜਾ ਇਉ ਕਹਿ ਲਵੋ ਆਪਣੀ ਸੁਆਸਾਂ ਦੀ ਪੂੰਜੀ ਭੋਗਦੇ ਹੋਏ ਪਹਿਲਾ ਮੇਰੇ ਪਿਤਾ ਸਮਾਨ ਸਹੁਰਾ ਸਾਹਿਬ ਰੁਖਸਤ ਕਰ ਗਏ ਤੇ ਕੁਝ ਕੁ ਸਾਲਾਂ ਬਾਦ ਮੇਰੇ ਪਿਤਾ ਜੀ। ਤੇ ਫਿਰ ਰੱਬ ਦੇ ਭਾਣੇ ਨੇ ਮੇਰੀ ਮਾਤਾ ਸਮਾਨ ਮੇਰੀ ਸੱਸ ਨੂੰ ਸਾਡੇੋ ਜੁਦਾ ਕਰ ਦਿੱਤਾ। ਤੇ ਸਾਡੀ ਜਿੰਦਗੀ ਵਿੱਚ ਇੱਕ ਖਲਾ ਜਿਹਾ ਆ ਗਿਆ।
ਮੇਰੇ ਪਿਤਾ ਜੀ ਦੇ ਜਾਣ ਤੋ ਬਾਦ ਮੇਰੀ ਮਾਂ ਆਪਣੇ ਆਪ ਨੂੰ ਇਕੱਲਾ ਜਿਹਾ ਮਹਿਸੂਸ ਕਰਨ ਲੱਗੀ। ਉਸਦੀ ਇੱਕਲਤਾ ਦੂਰ ਕਰਨ ਲਈ ਹੀ ਮੈ ਮੇਰੀ ਮਾਂ ਦੇ ਹਰ ਸੁੱਖ ਦੁੱਖ ਚ ਸਰੀਕ ਹੋਣ ਲੱਗੀ। ਮੇਰੇ ਨਿੱਤ ਦੇ ਵੱਧਦੇ ਪੇਕਿਆਂ ਦੇ ਗੇੜਿਆਂ ਜਾ ਉਹਨਾ ਅਨੁਸਾਰ ਮੇਰੀ ਬੇਲੋੜੀ ਦਖਲ ਅੰਦਾਜੀ ਨੇ ਮੈਨੂੰ ਓਥੋ ਥੋੜਾ ਦੂਰ ਕਰ ਦਿੱਤਾ। ਮੈ ਇੱਕ ਪਾਸੇ ਮਾਂ ਵਰਗੀ ਸੱਸ ਤੋਂ ਸੱਖਣੀ ਤੇ ਦੂਜਾ ਜਨਮਦਾਤੀ ਤੌ ਵੀ ਦੂਰ ਕਰ ਦਿੱਤੀ ਗਈ। ਭਰਾਵਾਂ ਤੇ ਭਰਜਾਈਆਂ ਦੀਆਂ ਘੂਰਦੀਆਂ ਅੱਖਾਂ ਮੇਰੀ ਤੇ ਮੇਰੀ ਮਾਂ ਨਾਲ ਮਨ ਹੋਲਾ ਕਰਨ ਵਿੱਚ ਰੁਕਾਵਟ ਬਨਣ ਲੱਗੀਆਂ। ਚਾਹੇ ਉਹ ਮਾਂ ਦਾ ਬਹੁਤ ਖਿਆਲ ਰੱਖਦੇ ਸਨ ਪਰ ਕਦੇ ਕਦੇ ਉਸ ਦੀ ਸੰਘੀ ਵੀ ਘੁਟਦੇ। ਮੇਰੀ ਮਾਂ ਦਿਲ ਦੀ ਭੜਾਸ ਕੱਢਣ ਨੂੰ ਤਰਸਦੀ ਰਹਿੰਦੀ । ਨੂੰਹਾ ਚਾਹੇ ਕਿੰਨੀਆਂ ਵੀ ਚੰਗੀਆਂ ਹੋਣ । ਕਦੇ ਧੀਆਂ ਨਹੀ ਬਣ ਸਕਦੀਆਂ । ਮਨ ਹੋਲਾ ਤਾਂ ਧੀਆਂ ਕੋਲ ਹੀ ਹੁੰਦਾ ਹੈ।ਕਹਿੰਦੇ ਇੱਕ ਪਾਸੇ ਪਈ ਤਾਂ ਰੋਟੀ ਵੀ ਸੜ ਜਾਂਦੀ ਹੈ। ਮਾਂ ਵੀ ਬੈਠੀ ਬੈਠੀ ਅੱਕ ਜਾਂਦੀ । ਮਾਂ ਦਾ ਪਾਸਾ ਥੱਲਣ ਦਾ ਕੋਈ ਹੀਲਾ ਨਾ ਕਰਦਾ । ਮੇਰੀ ਮਾਂ ਸਿਰਫ ਮੇਰੇ ਤੇ ਹੀ ਗੁੱਸਾ ਕਰਦੀ।ਕਿਉਕਿ ਮੈ ਧੀ ਸੀ ਤੇ ਮੈ ਹੀ ਉਸ ਦੇ ਗੁੱਸੇ ਨੂੰ ਸਮਝਦੀ ਸੀ। ਇਸ ਲਈ ਉਹ ਸਾਰੀਆਂ ਗੱਲਾਂ ਦੀ ਦੋਸੀ ਮੈਨੂੰ ਹੀ ਗਰਨਾਦਦੀ। ਜਦੋ ਮਾਂ ਦੀਆਂ ਸਿਕਾਇਤਾਂ ਸੁਣ ਕੇ ਮੈ ਭਰਾਵਾਂ ਨੂੰ ਕੁਝ ਕਹਿੰਦੀ ਤਾਂ ਉਸ ਇਸ ਨੂੰ ਮੇਰੀ ਬੇਲੋੜੀ ਦਖਲ ਅੰਦਾਜੀ ਕਹਿੰਦੇ ਤੇ ਮੈਨੂ ਚੁੱਪ ਰਹਿਣ ਦਾ ਕਹਿ ਦਿੰਦੇ । ਪਰ ਮੇਰੀ ਮਾਂ ਮੇਰੇ ਭਰਾਵਾਂ ਨੂੰ ਕੁਝ ਨਾ ਕਹਿੰਦੀ।ਖੋਰੇ ਉਹਨਾ ਤੋ ਡਰਦੀ ਸੀ ਜ਼ਾ ਘਰ ਦੀ ਸਾਂਤੀ ਲਈ ਚੁੱਪ ਰਹਿਣਾ ਉਸ ਲਈ ਜਰੂਰੀ ਸੀ।। ਉਲਟਾ ਕਦੇ ਕਦੇ ਉਹਨਾ ਦੀ ਭੜਕਾਈ ਮੇਰੇ ਼ਤੇ ਵਰ੍ਹ ਜਾਂਦੀ ਹੈ। ਹੋਰ ਤਾਂ ਹੋਰ ਇਹਨਾ ਦਾ ਗੁੱਸਾ ਵੀ ਮੇਰੇ ਤੇ ਹੀ ਕੱਢ ਦਿੰਦੀ । ਪਰ ਮੇਰੇ ਸਮਝਾਉਣ ਤੇ ਤਾਂ ਉਹ ਝੱਟ ਸਮਝ ਜਾਂਦੀ ਤੇ ਚੁੱਪ ਕਰ ਜਾਂਦੀ।ਖੋਰੇ ਇਹੀ ਮਾਂ ਧੀ ਦੇ ਰਿਸ਼ਤੇ ਦਾ ਅਧਾਰ ਸੀ।
ਪੁੱਤ ਧੀ ਧੀ ਹੀ ਹੁੰਦੀ ਹੈ। ਤੇ ਨੂੰਹ ਨੂੰਹ। ਸੱਸ ਕਦੇ ਮਾਂ ਨਹੀ ਬਣ ਸਕਦੀ ਤੇ ਨੂੰਹ ਕਦੇ ਧੀ ਨਹੀ ਬਣ ਸਕਦੀ। ਇਹ ਰਿਸ਼ਤੇ ਹੀ ਅਜਿਹੇ ਕੁਦਰਤ ਨੇ ਬਨਾਏ ਹਨ। ਤੈਨੂੰ ਮੇਰੀਆਂ ਗੱਲਾਂ ਅੱਜ ਕੋੜੀਆਂ ਲੱਗਦੀਆਂ ਹੋਣ ਗੀਆਂ ਪਰ ਕੀ ਕਰਾ ਮੈ। ਮੈ ਇੱਕ ਮਾਂ ਹਾਂ ਤੇ ਇੱਕ ਸੱਸ ਵੀ । ਤੂੰ ਬੇਸੱਕ ਇੱਕ ਨੂੰੰਹ ਵੀ ਹੈ ਤੇ ਧੀ ਵੀੇ । ਪਰ ਜਦੋ ਤੂੰ ਇੱਕ ਸੱਸ ਬਣੇਗੀ ਤਾਂ ਤੈਨੂੰ ਧੀ ਦੀ ਕਮੀ ਰੜਕੂਗੀ।ਤੈਨੂੰ ਧੀ ਤੇ ਨੂੰਹ ਦਾ ਫਰਕ ਪਤਾ ਚੱਲੂਗਾ। ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ ਤੇ ਆਪਣਾ ਰੁਤਬਾ। ਕੋਈ ਕਿੰਨਾ ਵੀ ਚੰਗਾ ਬਣ ਜਾਵੇ ਦੂਜੇ ਰਿਸ਼ਤੇ ਦੀ ਜਗ੍ਹਾ ਨਹੀ ਲੈ ਸਕਦਾ। ਲੋਕ ਜਵਾਈ ਨੂੰ ਵੀ ਪੁੱਤ ਕਹਿ ਦਿੰਦੇ ਹਨ । ਤੇ ਕਹਿੰਦੇ ਹਨ ਇਹ ਤਾਂ ਧੀ ਦੇ ਕੇ ਪੁੱਤ ਬਣਾਇਆ ਹੈ ਪਰ ਜਵਾਈ ਪੁੱਤ ਨਹੀ ਬਣ ਸਕਦਾ ਹਾਂ ਪੁੱਤਾ ਵਰਗਾ ਹੋ ਸਕਦਾ ਹੈ ਤੇ ਕਈ ਵਾਰੀ ਜਵਾਈ ਪੁੱਤਾਂ ਤੋ ਵੀ ਚੰਗੇ ਨਿਕਲਦੇ ਹਨ।ਬਹੁਤਾ ਆਪਣੇ ਹੱਥ ਵੱਸ ਵੀ ਹੁੰਦਾ ਹੈ।ਤੇ ਜਾ ਕਿਸਮਤ ਦੇ ।
ਤੂੰ ਮੇਰੀਆਂ ਗੱਲਾਂ ਦਾ ਗੁੱਸਾ ਨਾ ਕਰਿਆ ਕਰ। ਤੇ ਮੇਰੀ ਮਾਂ ਦੀਆਂ ਅੱਖਾਂ ਭਰ ਆਈਆਂ। ਮੈਨੂੰ ਵੀ ਲੱਗਿਆ ਅੱਜ ਮੇਰੀ ਮਾਂ ਨਹੀ ਬੋਲਦੀ ਸਗੋਂ ਉਸ ਦਾ ਤਜੁਰਬਾ ਬੋਲਦਾ ਹੈ। ਮੈਥੋ ਹੋਰ ਬੈਠਿਆ ਨਾ ਗਿਆ ਤੇ ਮੈ ਉਠਕੇ ਤੁਰ ਆਈ।
#ਰਮੇਸ਼ਸੇਠੀਬਾਦਲ