ਜਿੰਦਗੀ ਦੇ ਪੜਾਅ | zindagi de praa

ਮੈਂ ਆਪਣੇ ਸਹਿਕਰਮੀ ਦੋਸਤ ਨਾਲ ਮੇਰੇ ਦਫਤਰ ਦੇ ਨਾਲ ਲਗਦੀ ਪੌੜੀਆਂ ਦੇ ਉਪਰ ਬਣੇ ਕਮਰੇ ਵਿੱਚ ਦੁਪਹਿਰ ਨੂੰ ਖਾਣਾ ਖਾ ਰਿਹਾ ਸੀ। ਅਚਾਨਕ ਮੇਰੀਂ ਸਬਜ਼ੀ ਵਿੱਚ ਨਿਚੋੜੇ ਗਏ ਨਿੰਬੂ ਦਾ ਬੀਜ ਡਿੱਗ ਪਿਆ। ਉਸਨੇ ਝੱਟ ਉਹ ਬੀਜ ਕੱਢਕੇ ਬਾਹਰ ਸੁੱਟ ਦਿੱਤਾ।
“ਇਹ ਪੱਥਰੀ ਬਣਾਉਂਦਾ ਹੈ ਤੇਰੇ ਪਹਿਲਾਂ ਹੀ ਗੁਰਦੇ ਵਿੱਚ ਪੱਥਰੀ ਹੈ। ਮੈਂ ਵੇਖਕੇ ਕਿਵੇਂ ਚੁੱਪ ਕਰ ਜਾਵਾਂ।” ਉਸ ਦਾ ਤਰੁੰਤ ਐਕਸ਼ਨ ਵੇਖਕੇ ਮੈਨੂੰ ਉਸਦੀ ਦੋਸਤੀ ਤੇ ਮਾਣ ਜਿਹਾ ਹੋਇਆ। ਉਂਜ ਵੀ ਰੀਂਸੈੱਸ ਵੇਲੇ ਉਸ ਨਾਲ ਅਕਸਰ ਰੋਟੀ ਸ਼ੇਅਰ ਕਰਦਾ ਹੁੰਦਾ ਸੀ। ਕਾਫੀ ਸਮਾਂ ਉਸਦੀ ਬੇਗਮ ਆਪਣੇ ਘਰੋਂ ਸਾਡੇ ਲਈ ਰੋਟੀ ਬਣਾਕੇ ਲਿਆਉਂਦੀ ਰਹੀ ਤੇ ਅਸੀਂ ਕਈ ਸਟਾਫ ਮੈਂਬਰ ਮਿਲਕੇ ਰੋਟੀ ਖਾਂਦੇ। ਖੂਬ ਹੱਸਦੇ।
ਸੰਸਥਾ ਵਿੱਚ ਸਾਡੀ ਜੋੜੀ ਦੇ ਚਰਚੇ ਸਨ। ਅਸੀਂ ਬਹੁਤਾ ਇਕੱਠੇ ਹੀ ਵਿਚਰਦੇ ਸੀ। ਹਰ ਕੰਮ ਇੱਕ ਦੂਜੇ ਦੀ ਰਾਇ ਨਾਲ ਕਰਦੇ। ਸਾਡੀ ਰਮਜ਼ ਵਾਹਵਾ ਮਿਲਦੀ ਸੀ। ਬਹੁਤੇ ਸਟਾਫ ਮੈਂਬਰ, ਬੱਚੇ, ਪੇਰੇਂਟਸ ਤੇ ਇਥੋਂ ਤੱਕ ਕਿ ਸਾਡੇ ਜਿਲ੍ਹੇ ਦੇ ਡੀਸੀ ਸਾਹਿਬ ਵੀ ਸਾਡੇ ਦੋਹਾਂ ਦਾ ਨਾਮ ਮਿਲਾਕੇ ਲੈਂਦੇ। ਜਿਵੇਂ ਅਕਸਰ ਲੋਕ ਲੇਹ ਲਦਾਖ਼, ਕੁੱਲੂ ਮਨਾਲੀ ਤੇ ਜੰਮੂ ਕਸ਼ਮੀਰ ਨੂੰ ਇੱਕ ਹੀ ਸਮਝਦੇ ਹਨ। ਪਰ ਜਿੰਨਾ ਨੂੰ ਸਾਡੀ ਦੋਸਤੀ ਪਸੰਦ ਨਹੀਂ ਸੀ ਉਹ ਸਾਨੂੰ ਪਿੱਠ ਪਿੱਛੇ ਰੰਗਾ ਬਿੱਲਾ ਵੀ ਕਹਿਕੇ ਆਪਣੇ ਮਨ ਦੀ ਭੜਾਸ ਕੱਢਦੇ ਸਨ। ਮੌਕੇ ਦੀ ਸਰਕਾਰ ਨੂੰ ਵੀ ਸਾਡੇ ਇਕ ਸਾਰ ਵੱਜਦੇ ਸੁਰ ਪਸੰਦ ਨਹੀਂ ਸਨ। ਫਿਰ ਸਰਕਾਰ ਨੇ ਆਪਣੀ ਕੋਸ਼ਿਸ਼ ਕਰਕੇ ਸਾਨੂੰ ਇੱਕ ਤੋਂ ਦੋ ਬਣਾ ਦਿੱਤਾ। ਅਸੂਲਨ ਇਹ ਗਲਤ ਨਹੀਂ ਸੀ। ਇਹ ਐਡਨਿਸਟ੍ਰੇਸ਼ਨ ਦਾ ਨਿਯਮ ਹੁੰਦਾ ਹੈ। ਸ਼ਾਇਦ ਇਹ ਪਬਲਿਕ ਐਡਮਨਿਸਟਰੇਸ਼ਨ ਵਿਚ ਇਹੀ ਪੜ੍ਹਾਇਆ ਜਾਂਦਾ ਹੈ। ਕਈ ਸਰਕਾਰਾਂ ਵੀ ਅਕਸਰ ਤਾਕਤਵਰ ਯੂਨੀਅਨਾ ਨੂੰ ਦੋਫਾੜ ਕਰ ਦਿੰਦੀਆਂ ਹਨ। ਭਾਵੇਂ ਅਸੀਂ ਇੱਕ ਦੂਜੇ ਦਾ ਵਾਧੂ ਨਮਕ ਖਾਧਾ ਸੀ ਪਰ ਫਿਰ ਅਸੀਂ ਇੱਕ ਦੂਜੇ ਨੂੰ ਹੀ ਲੰਗੜੀ ਲਾਉਣ ਲੱਗ ਪਏ। ਬਹੁਤੇ ਵਾਰੀ ਸਾਡੇ ਸੰਵਾਦ ਮਜੀਠੀਆ ਸਿੱਧੂ ਦੇ ਸੰਵਾਦਾ ਵਿੱਚ ਬਦਲ ਜਾਂਦੇ। ਅਕਸਰ ਸਾਡੇ ਇੱਕ ਦੂਜੇ ਦੀ ਪਿੱਠ ਪਿੱਛੇ ਵਾਰ ਚਲਦੇ ਰਹਿੰਦੇ। ਲੋਕ ਦੋਗਲਾ ਵਿਹਾਰ ਕਰਦੇ। ਮੇਰੇ ਕੋਲ ਮੇਰੇ ਅਤੇ ਮੇਰੇ ਪਿੱਛੇ ਉਸਦੇ ਬਣ ਜਾਂਦੇ। ਅਸੀਂ ਸਭ ਸਮਝਦੇ ਸੀ। ਇਹੀ ਦੁਨੀਆ ਦਾ ਦਸਤੂਰ ਹੈ। ਅੰਦਰੋਂ ਅੰਦਰੀ ਸਾਡੇ ਅਲੱਗ ਗਰੁੱਪ ਬਣ ਗਏ ਸਨ। ਕੁਝ ਹਿਤੈਸ਼ੀਆਂ ਨੇ ਸਾਨੂੰ ਇੱਕ ਕਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਸਾਡਾ ਅਵਿਸ਼ਵਾਸ ਸਾਡੇ ਤੇ ਹਾਵੀ ਰਹਿੰਦਾ।
ਫਿਰ ਵੀ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਸਾਥੀ ਬਣੇ ਰਹਿੰਦੇ। ਅਸੀਂ ਇੱਕ ਦੂਜੇ ਪ੍ਰਤੀ ਸਾਜਿਸ਼ਾਂ ਵੀ ਘੜੀਆਂ। ਆਖਿਰ ਉਸਦੇ ਮਨਸੂਬੇ ਸਫਲ ਹੋਏ ਤੇ ਮੈਂ ਉਸਤੋਂ ਛੋਟਾ ਹੋਣ ਦੇ ਬਾਵਜੂਦ ਨੌਕਰੀ ਤੋਂ ਦੋ ਮਹੀਨੇ ਪਹਿਲਾਂ ਫਾਰਿਗ ਹੋ ਗਿਆ। ਕੁਦਰਤੀ ਥੌੜੇ ਸਮੇ ਬਾਅਦ ਉਹ ਵੀ ਸੇਵਾਮੁਕਤ ਹੋ ਗਿਆ।
ਜਿੰਦਗੀ ਵਿੱਚ ਇਸ ਤਰਾਂ ਦੇ ਪੜਾਵ ਆਉਂਦੇ ਹੀ ਰਹਿੰਦੇ ਹਨ। ਸਾਲਾਂ ਦਾ ਮਨਮੁਟਾਵ ਦੂਰ ਹੋਣ ਲੱਗਿਆ ਵੀ ਸਮਾਂ ਲਗਦਾ ਹੈ। ਪਿਆਰ ਦੋਸਤੀ ਮੋਂਹ ਦੀਆਂ ਤੰਦਾਂ ਵੀ ਇੰਨੀ ਜਲਦੀ ਖਤਮ ਨਹੀਂ ਹੁੰਦੀਆਂ। ਜਿੰਦਗੀ ਖਤਮ ਹੋ ਜਾਂਦੀ ਹੈ ਇਹ ਗਿਲੇ ਸ਼ਿਕਵੇ ਨਹੀਂ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *