ਮੈਂ ਵਿਆਹ ਤੋਂ ਪਹਿਲਾਂ ਸਾਲ ਕੁ ਰਾਜਸਥਾਨ ਚ ਇੱਕ ਸਰਕਾਰੀ ਸਕੂਲ ਚ ਨੌਕਰੀ ਕੀਤੀ।ਮੇਰੇ ਚਾਚਾ ਜੀ ਓਧਰ ਰਹਿੰਦੇ ਹੋਣ ਕਰ ਕੇ ਰਹਿਣ ਦੀ ਕੋਈ ਮੁਸ਼ਕਲ ਨਹੀਂ ਸੀ।ਪਰ ਘਰੋਂ ਬਾਹਰ ਪੰਜਾਬ ਨਾਲੋਂ ਸਭ ਕੁਝ ਵੱਖਰਾ…..ਬੋਲੀ ,ਪਹਿਰਾਵਾ, ਰੀਤੀ ਰਿਵਾਜ ,ਰਹਿਣ ਸਹਿਣ ਤੇ ਹੋਰ ਵੀ ਬੜਾ ਕੁਝ। ਹਰ ਰੋਜ਼ ਕੁਝ ਨਾ ਕੁਝ ਅਜੀਬ ਵਾਪਰਦਾ ਰਹਿੰਦਾ ।ਪਹਿਲੇ ਦਿਨ ਜਦੋਂ ਮੈ ਡਿਊਟੀ ਤੇ ਹਾਜਰ ਹੋਈ ਤਾ ਸਾਰੇ ਵਿਦਿਆਰਥੀ ਵੀ ਤੇ ਅਧਿਆਪਕ ਵੀ ਮੇਰੇ ਵੱਲ ਹੈਰਾਨ ਹੋ ਹੋ ਕੇ ਐਓਂ ਵੇਖਣ ਜਿਵੇਂ ਮੈ ਕੋਈ ਕਿਸੇ ਹੋਰ ਪੁਲਾੜ ਦੀ ਵਾਸੀ ਹੋਵਾਂ।ਚਲੋ ਖੈਰ …ਓਦੋਂ ਓਧਰ ਅਧਿਆਪਕਾਂ ਨੂੰ ਸਾਰੇ ਗੁਰੂ ਜੀ ਕਹਿ ਕੇ ਬੁਲਾਉਂਦੇ ਸਨ।ਸਾਡਾ ਮਿਡਲ ਸਕੂਲ ਸੀ ।ਮੁੱਖ ਅਧਿਆਪਕ ਸਾਹਿਬ ਦਫਤਰ ਚ ਨੰਗੇ ਪੈਰੀਂ ਆਪਣੀ ਕੁਰਸੀ ਤੇ ਬਿਰਾਜਮਾਨ ਤੇ ਜੁੱਤੀ ਓਹਨਾਂ ਦੀ ਦਫ਼ਤਰ ਦੇ ਬਾਹਰ ਪਈ। ਬਾਅਦ ਚ ਪਤਾ ਲੱਗਿਆ ਕਿ ਉਹ ਹਰ ਰੋਜ ਸਕੂਲ ਆਉਣਸਾਰ ਆਪਣੀ ਜੁੱਤੀ ਦਫ਼ਤਰ ਦੇ ਬਾਹਰ ਆਵਦੇ ਸਾਈਕਲ ਕੋਲ ਲਾਹ ਕੇ ਝਾੜ ਕੇ ਰੱਖ ਦਿੰਦੇ ਤੇ ਸਕੂਲ ਛੁੱਟੀ ਹੋਣ ਵੇਲੇ ਘਰੇ ਜਾਂਦੇ ਹੀ ਪਾਉਂਦੇ ਸੀ ।ਸਕੂਲ ਚ ਸਾਰਾ ਦਿਨ ਨੰਗੇ ਪੈਰੀਂ ਤੁਰੇ ਫਿਰਦੇ। ਵਿਚਾਰੇ ਜਿਆਦਾ ਹੀ ਸਿੱਧੇ ਸਾਦੇ ਸੀ ਓਹਨਾ ਦੀ ਸਾਦਗੀ ਦਾ ਇੱਕ ਕਿੱਸਾ ਕਦੇ ਫੇਰ ਸ਼ੇਅਰ ਕਰੂੰਗੀ।ਅੱਧੇ ਕੁ ਘੰਟੇ ਬਾਅਦ ਮੈਨੂੰ ਟਾਈਮਟੇਬਲ ਦੀ ਸਲਿੱਪ ਦੇ ਦਿੱਤੀ। ਇੱਕ ਲੜਕੇ ਨੂੰ ਬੁਲਾ ਕੇ ਉਹਨੂੰ ਕਿਹਾ ਕਿ ਮੈਨੂੰ ਸੱਤਵੀਂ ਕਲਾਸ ਚ ਛੱਡ ਆਵੇ। ਜਦੋਂ ਮੈ ਕਲਾਸ ਚ ਜਾਣ ਲਈ ਆਪਣਾ ਪਰਸ ਚੁੱਕ ਕੇ ਖੜੀ ਹੋਈ ਤਾਂ ਹੈਡਮਾਸਟਰ ਸਾਹਿਬ ਦਫਤਰ ਵਿੱਚ ਲੱਗੀ ਇੱਕ ਕਿੱਲੀ ਵੱਲ ਇਸ਼ਾਰਾ ਕਰ ਕੇ , ਓਸ ਲੜਕੇ ਨੂੰ ਕਹਿੰਦੇ ‘ਛੋਹਰਾ ਆਹ ਬਹਿਣ ਜੀ ਕਾ ਜੋਲਾ ਅਠੇ ਈ ਖੂੰਟੀ ਪੇ ਟਾਂਗ ਦੇ'(ਆਹ ਭੈਣ ਜੀ ਦਾ ਝੋਲਾ ਐਥੇ ਈ ਕਿੱਲੀ ਤੇ ਟੰਗ ਦੇ) ਤੇ ਫੇਰ ਮੈਨੂੰ ਹੈਰਾਨ ਹੋਈ ਨੂੰ ਦੇਖ ਕੇ ਕਹਿੰਦੇ ‘ਕੋਈ ਬਾਤ ਨਹੀਂ ਜੀ ਅਠੇ ਥਾਰੇ ਝੋਲੇ ਨੇ ਕੋਈ ਕੋਨੀ ਛੇੜੈ’ !(ਕੋਈ ਗੱਲ ਨਹੀਂ ਜੀ ਐਥੇ ਤੁਹਾਡੇ ਝੋਲੇ ਨੂੰ ਕੋਈ ਨਹੀ ਛੇੜਦਾ।)……ਤੇ ਮੈਂ ਕਦੇ ਆਵਦੇ “ਲੈਦਰਾ” ਦੇ ਨਵੇਂ ਪਰਸ (ਝੋਲੇ) ਵੱਲ ਵੇਖਾਂ🙄 ਤੇ ਕਦੇ ਹੈਡਮਾਸਟਰ ਜੀ ਦੇ ਮੂੰਹ ਵੱਲ!……🤔😊😊