ਮੇਰੇ ਪਾਪਾ ਜੀ ਪਟਵਾਰੀ ਤੋਂ ਕਨੂੰਨਗੋ ਤੇ ਫਿਰ ਨਾਇਬ ਤਹਿਸੀਲਦਾਰ ਬਣੇ। ਪਰ ਓਹ ਹਮੇਸ਼ਾ ਸੱਚੀ ਗੱਲ ਮੂੰਹ ਤੇ ਕਹਿਣ ਕਰਕੇ ਵਿਵਾਦਾਂ ਵਿੱਚ ਰਹੇ ਪਰ ਹਮੇਸ਼ਾ ਜ਼ਮੀਨੀ ਹਕੀਕੀ ਨਾਲ਼ ਜੁੜੇ ਰਹੇ।ਓਹਨਾ ਦੀਆਂ ਛੋਟੀਆਂ ਛੋਟੀਆਂ ਗੱਲਾਂ ਹੀ ਜਿੰਦਗੀ ਨੂੰ ਸਬਕ ਦੇ ਦਿੰਦੀਆਂ।
ਕੇਰਾਂ ਸਾਡੇ ਘਰ ਮਸੀਤਾਂ ਪਿੰਡ ਚੋਂ ਤੂੜੀ ਆਈ। ਕਿਸੇ ਜਿਮੀਦਾਰ ਨੇ ਟਰਾਲੀ ਭੇਜੀ । ਉਸਨੇ ਆਪਣਾ ਸੀਰੀ ਡਰਾਈਵਰ ਭੇਜ ਦਿੱਤਾ। ਨਾਲ ਸੁਰਜੀਤ ਚੌਕੀਦਾਰ ਵੀ ਆਇਆ ਤੂੜੀ ਲਾਹੁਣ ਲਈ। ਉਹਨਾਂ ਨੇ ਸਾਡੇ ਘਰ ਦੀ ਮੂਹਰਲੀ ਬੈਠਕ ਵਿਚ ਤੂੜੀ ਸੁੱਟਣੀ ਸੀ। ਕਾਹਲੀ ਵਿੱਚ ਉਹ ਬਹੁਤੀ ਤੂੜੀ ਗਲੀ ਵਿੱਚ ਹੀ ਖਿਲਾਰ ਗਏ। ਕਮਰੇ ਦਾ ਦਰਵਾਜ਼ਾ ਵੀ ਨਹੀਂ ਸੀ ਬੰਦ ਹੁੰਦਾ। ਮੇਰੀ ਮਾਂ ਨੇ ਉਹਨਾਂ ਲਾਇ ਚਾਹ ਬਣਾਈ। ਉਹ ਚਾਹ ਪੀ ਕੇ ਅਧੂਰਾ ਕੰਮ ਕਰ ਕੇ ਚਲੇ ਗਏ। ਗਲੀ ਵਿਚ ਵਾਹਵਾ ਤੂੜੀ ਖਿਲਰੀ ਪਈ ਸੀ। ਅਸੀਂ ਦੋਹਾਂ ਭਰਾਵਾਂ ਨੇ ਕੋਈ ਧਿਆਨ ਨਾ ਦਿੱਤਾ। ਖੋਰੇ ਸਾਡੇ ਮਨ ਵਿਚ ਸੀ ਕਿ ਤੂੜੀ ਤਾਂ ਮੁਫ਼ਤ ਆਈ ਹੈ। ਆਪਣੇ ਕਿਹੜਾ ਪੈਸੇ ਲੱਗੇ ਹਨ। ਅਸੀਂ ਮੁਫ਼ਤ ਦਾ ਮਾਲ ਸਮਝ ਕੇ ਤੂੜੀ ਦੀ ਕਦਰ ਨਾ ਕੀਤੀ। ਸ਼ਾਮੀ ਜਦ ਪਾਪਾ ਜੀ ਘਰ ਆਏ ਤਾਂ ਉਹ ਸਾਡੇ ਤੇ ਗੁੱਸੇ ਹੋਏ। ਤੇ ਸਾਨੂੰ ਗਲੀ ਸੰਭਾਲਣ ਲਈ ਕਿਹਾ। ਸਾਨੂੰ ਤੂੜੀ ਇਕੱਠੀ ਕਰਦਿਆਂ ਨੂੰ ਸ਼ਰਮ ਆਉਂਦੀ ਸੀ। ਇੱਕ ਪਟਵਾਰੀ ਦੇ ਮੁੰਡੇ ਦੂਜਾ ਕਾਲਜੀਏਟ। ਸਾਨੂੰ ਤੂੜੀ ਸਮੇਟਣਾ ਸਾਡੀ ਸ਼ਾਨ ਦੇ ਖਿਲਾਫ ਲੱਗਿਆ। ਸਾਡੇ ਇਨਕਾਰ ਕਰਨ ਤੇ ਉਹ ਆਪ ਤੰਗਲੀ ਲੈ ਕੇ ਖਿਲਰੀ ਤੂੜੀ ਇਕੱਠੀ ਕਰਨ ਲੱਗੇ। ਇਹ ਸਾਨੂੰ ਉਸਤੋਂ ਵੀ ਵੱਡਾ ਬੇਜਿਤੀ ਵਾਲਾ ਕੰਮ ਲੱਗਿਆ। ਸਾਨੂੰ ਲੱਗਿਆ ਕਿ ਪਾਪਾ ਜੀ ਹੁਣ ਕੰਮ ਕਰਕੇ ਸਾਡੀ ਹੋਰ ਬੇਜਿੱਤੀ ਕਰ ਰਹੇ ਹਨ। ਅਸੀਂ ਗੁੱਸੇ ਹੋਏ। ਬੇਟਾ ਆਪਣਾ ਕੰਮ ਕਰਨ ਵਿਚ ਕਾਹਦੀ ਸ਼ਰਮ। ਓਹਨਾ ਨੇ ਸਮਝਾਇਆ। ਕੀ ਹੋ ਗਿਆ ਜੇ ਤੂੜੀ ਮੁਫ਼ਤ ਆਈ ਹੈ ਪਰ ਇਸਨੂੰ ਬਰਬਾਦ ਕਰਨਾ ਵੀ ਤਾਂ ਅਕਲਮੰਦੀ ਨਹੀਂ। ਗੱਲ ਸਾਡੇ ਪੱਲੇ ਪੈ ਗਈ।
ਇੱਕ ਵਾਰ ਜਦੋ ਉਹ ਕਿਸੇ ਦਾ ਮੌਕਾ ਵੇਖਣ ਜਿਮੀਦਾਰ ਦੇ ਖੇਤ ਗਏ। ਉਸ ਸਮੇ ਉਹ ਨਾਇਬ ਤਹਿਸੀਲਦਾਰ ਸਨ। ਜਿਮੀਦਾਰ ਅਤੇ ਕੁਝ ਮਜਦੂਰ ਨਰਮੇ ਦੀ ਗੁਡਾਈ ਕਰ ਰਹੇ ਸਨ। ਕੰਮ ਕੁਝ ਲੰਬਾ ਸੀ। ਸੁਭਾਇਕੀ ਇੰਨੇ ਨੂੰ ਉਹਨਾਂ ਘਰੋਂ ਮਜ਼ਦੂਰਾਂ ਦੀ ਰੋਟੀ ਆ ਗਈ। ਹੁਣ ਉਹ ਸੰਗਦੇ ਖਾਣ ਨਾ। ਪਾਪਾ ਜੀ ਨੇ ਬਹੁਤ ਜ਼ੋਰ ਲਾਇਆ ਕਿ ਤੁਸੀਂ ਥੱਕੇ ਤੇ ਭੁੱਖੇ ਹੋ ਰੋਟੀ ਖਾ ਲਵੋ। ਪਰ ਓਹ ਨਹੀਂ ਮੰਨੇ। ਯਾਰ ਮੈਂ ਵੀ ਸੋਡੇ ਵਰਗਾ ਹੀ ਹਾਂ। ਮੈਂ ਵੀ ਖੇਤ ਗੁਡਾਈ ਕਰਦਾ ਰਿਹਾ ਹਾਂ। ਚਲੋ ਆਪਾਂ ਸਾਰੇ ਇਕੱਠੇ ਰੋਟੀ ਖਾਂਦੇ ਹਾਂ। ਜਿਮੀਦਾਰ ਨੂੰ ਪਤਾ ਸੀ ਕਿ ਰੋਟੀ ਨਾਲ ਕੋਈ ਸਬਜ਼ੀ ਨਹੀਂ ਸਿਰਫ ਗੰਢਿਆ ਦੀ ਚਟਣੀ ਤੇ ਲੱਸੀ ਹੈ। ਪਾਪਾ ਜੀ ਨੇ ਉਹਨਾਂ ਨਾਲ ਹੀ ਹੱਥ ਤੇ ਰੱਖਕੇ ਚਟਨੀ ਨਾਲ਼ ਦੋ ਰੋਟੀਆਂ ਖਾਧੀਆਂ ਤੇ ਬਾਟੀ ਵਿਚ ਲੱਸੀ ਪੀਤੀ।
ਉਹ ਦਿਹਾੜੀਦਾਰ ਕਾਮੇ ਤੇ ਜਿਮੀਦਾਰ ਬਹੁਤ ਖੁਸ਼ ਹੋਇਆ ਤੇ ਹੈਰਾਨ ਵੀ। ਬਹੁਤ ਵਾਰੀ ਉਹ ਜ਼ਮੀਨੀ ਪੱਧਰ ਦੀ ਗੱਲ ਕਰਦੇ ਸਨ ਤੇ ਆਮ ਲੋਕਾਂ ਦਾ ਦਿਲ ਜਿੱਤ ਲੈਂਦੇ ਸਨ।
ਰਮੇਸ਼ ਸੇਠੀ ਬਾਦਲ
98766 27233