ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ।
ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ ਐ ਕਿ ਮੁਲਕ ਦੀ ਸਾਰੀ ਜਨਤਾ ਨੂੰ ਜੇਲ੍ਹ ਵਿਚ ਡੱਕ ਦਿੱਤਾ ਜਾਵੇ ਤੇ ਨਾਲ ਇਕ ਗਧਾ ਵੀ ਜੇਲ੍ਹ ‘ਚ ਛੱਡ ਦਿੱਤਾ ਜਾਵੇ।”
ਜਵਾਨ ਨੇ ਹੈਰਾਨੀ ਨਾਲ ਦੋਵੇਂ ਬਾਬਿਆਂ ਵੱਲ ਵੇਖਿਆ ਤੇ ਪੁੱਛਿਆ, “ਸਾਰੇ ਲੋਕਾਂ ਨਾਲ ਗਧੇ ਨੂੰ ਕਾਹਨੂੰ ਜੇਲ੍ਹ ਵਿਚ ਡੱਕਣਾ ਹੋਇਆ ਭਲਾ….?”
ਦੋਵੇਂ ਬਾਬੇ ਪਹਿਲਾਂ ਨਾਲੋਂ ਵੀ ਜ਼ਿਆਦਾ ਦੂਹਰੇ-ਤੀਹਰੇ ਹੋ ਕੇ ਹੱਸਦਿਆਂ ਲੋਟ-ਪੋਟ ਹੋਈ ਜਾਣ। ਨਾਲੇ ਇਕ ਬਾਬਾ ਦੂਜੇ ਨੂੰ ਕਹੀ ਜਾਵੇ, “ਦੇਖਿਆ ਮੈਂ ਕਿਹਾ ਸੀ ਨਾ ਬੰਤਿਆ, ਕਿਹਾ ਸੀ ਨਾ ਮੈਂ! ਹੁਣ ਤਾਂ ਮੰਨ ਗਿਐਂ ਨਾ, ਮੈਂ ਕਿਹਾ ਸੀ ਰੱਬ ਦੀ ਸਹੁੰ ਜਨਤਾ ਬਾਰੇ ਕਿਸੇ ਨੇ ਨੀ ਪੁੱਛਣਾ, ਸਭ ਨੂੰ ਬਸ ਫ਼ਿਕਰ ਗਧੇ ਦਾ ਈ ਹੋਣੈ!!”