ਪੰਜੀ ਦੀਆਂ ਦੋ,
ਨਾ ਮਾਂ ਲੜ੍ਹੇ, ਨਾ ਪਿਓ।
ਸੱਚੀ ਜਦੋ ਗਲੀ ਵਿਚ ਕੁਲਫੀ ਵਾਲਾ ਹੋਕਾ ਦਿੰਦਾ ਤਾਂ ਧੂੰ ਨਿਕਲ ਜਾਂਦੀ। ਅਸੀਂ ਮਾਂ ਤੋ ਪੰਜੀ ਮੰਗਦੇ। ਥੋੜੇ ਜਿਹੇ ਨਖਰੇ ਮਗਰੋ ਮਾਂ ਪੰਜੀ ਦੇ ਦਿੰਦੀ ਤੇ ਅਸੀਂ ਕੁਲਫੀ ਵਾਲੇ ਭਾਈ ਦੇ ਮਗਰ ਸ਼ੂਟ ਵੱਟ ਲੈਂਦੇ ਨੰਗੇ ਪੈਰੀ। ਤੇ ਪਰਲੇ ਮੋੜ ਤੋਂ ਉਸਨੂੰ ਲੱਭ ਹੀ ਲੈਂਦੇ ਤੇ ਫਿਰ ਜਿਹੜਾ ਮਜ਼ਾ ਓਹ ਕੁਲਫੀ ਖਾਣ ਵਿਚ ਆਉਂਦਾ ਸੀ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ। ਸਕੂਲੇ ਅਸੀਂ ਚਾਚੇ ਬਲਵੀਰੇ ਕੋਲੋ ਖੋਏ ਮਲਾਈ ਲੈਕੇ ਖਾਂਦੇ ਦਸੀ (ਦਸ ਪੈਸਿਆਂ )ਦੀ। ਲੱਕੜ ਦੇ ਬਕਸੇ ਵਿੱਚ ਗਰਮ ਕਪੜੇ ਚ ਲਪੇਟੀ ਖੋਏ ਮਲਾਈ ਓਹ ਛੁਰੀ ਨਾਲ ਕੱਟ ਕੇ ਕਾਗਜ ਤੇ ਰੱਖਕੇ ਦਿੰਦਾ। ਧਰਮ ਨਾਲ ਖੋਏ ਮਲਾਈ ਖਤਮ ਹੋਣ ਤੇ ਅਸੀਂ ਕਾਗਜ ਵੀ ਚੱਟੀ ਜਾਂਦੇ। ਜਾ ਫਿਰ ਜੀਤੇ ਦੀ ਹੱਟੀ ਤੋਂ ਤਿੰਨ ਪੈਸਿਆਂ ਦਾ ਬਰਫ਼ ਦਾ ਗੋਲਾ (ਫੁੱਲ) ਲੈਂਦੇ ਜਿਸ ਲੋਕ ਬਰਫ਼ ਦਾ ਗੋਲਾ ਆਖਦੇ ਸਨ ਤੇ ਹੁਣ ਸਹਿਰੀਏ ਚੁਸਕੀ ਆਖਦੇ ਹਨ।
ਕੇਰਾ ਭਾਈ ਅਸੀਂ ਵਿਆਹ ਤੇ ਸਰਸੇ ਗਏ। ਸਾਡੇ ਨਾਲ ਸਾਡੀ ਸ਼ਹਿਰ ਵਾਲੀ ਮਾਸੀ ਸੀ ਉਸਨੇ ਆਪਣੇ ਜੁਆਕਾਂ ਨੂੰ ਤੇ ਸਾਨੂੰ ਆਈਸ ਕਰੀਮ ਖੁਆਈ। ਗੱਤੇ ਦੀ ਬਣੀ ਡਿੱਬੀ ਚ ਸੀ ਓਹ ਤੇ ਨਾਲ ਉਸ ਭਾਈ ਨੇ ਬਾਂਸ ਵਾਲਾ ਚਮਚ ਜਿਹਾ ਦਿੱਤਾ। ਸਾਨੂੰ ਕੀ ਪਤਾ ਸੀ ਅਸੀਂ ਆਈਸਕ੍ਰੀਮ ਖਾਕੇ ਓਹ ਗੱਤੇ ਦੀ ਡਿੱਬੀ ਤੇ ਚਮਚ ਭਾਈ ਨੂੰ ਇਹ ਸੋਚਕੇ ਵਾਪਿਸ ਕਰ ਦਿੱਤਾ ਕਿ ਇਹ ਫਿਰ ਉਸਦੇ ਕੰਮ ਆਵੇਗਾ। ਰੇਹੜੀ ਵਾਲਾ ਭਾਈ ਸਾਡੇ ਵੱਲ ਬਿਟਰ ਬਿਟਰ ਝਾਕੇ।
ਤੇ ਹੁਣ ਜਦੋ ਕਦੇ ਬੱਚਿਆਂ ਨਾਲ ਕਿਤੇ ਬਾਹਰ ਜਾਈਏ ਤੇ ਬੱਚੇ ਪੁੱਛਦੇ ਹਨ ਡੈਡੀ ਜੀ ਕਿਹੜਾ ਫਲੇਵਰ ਲਵੋਗੇ ਤੁਸੀਂ? ਬਟਰ ਸਕੋਚ, ਵਨੀਲਾ, ਸਟਾਬਰੀ ਯਾ ਟੁੱਟੀ ਫਰੂਟੀ?” ਹੁਣ ਓਹਨਾ ਨੂੰ ਕੀ ਦਸੀਏ “ਕਾਕਾ ਅਸੀਂ ਤੇ ਪੰਜੀ ਦੀਆਂ ਦੋ ਖਾਣ ਵਾਲੇ ਹਾਂ। ਸਾਨੂੰ ਸੋਡੇ ਫਲੇਵਰਾਂ ਦਾ ਕੀ ਪਤਾ। ਜਿਹੜੀ ਮਰਜੀ ਲੈ ਲੋ।” ਸਾਡੇ ਲਈ ਤਾਂ ਬੱਸ ਆਈਸਕ੍ਰੀਮ ਹੀ ਹੈ।
ਊਂ ਗੱਲ ਆ ਇੱਕ
#ਰਮੇਸ਼ਸੇਠੀਬਾਦਲ
Purania Yadan taza ho gayian. Dhanyavad Ji