ਮਾਂ ਬੋਲੀ।
ਪੰਜਾਬੀ ਮੇਰੀ ਮਾਂ ਬੋਲੀ ਹੈ। ਦਸਵੀਂ ਤੱਕ ਹੀ ਪੜ੍ਹੀ ਹੈ ਅੱਗੇ ਕਮਰਸ ਵਿੱਚ ਪੰਜਾਬੀ ਨਹੀਂ ਸੀ। ਕੋਈ ਗਿਆਨੀ ਯ ਐੱਮ ਏ ਪੰਜਾਬੀ ਨਹੀਂ ਕੀਤੀ। ਬਸ ਕਲਮ ਫੜ੍ਹੀ ਤੇ ਲਿਖਦਾ ਚਲਾ ਗਿਆ। ਪੰਜ ਕਿਤਾਬਾਂ ਤੇ ਸੈਂਕੜੇ ਲੇਖ ਅਖਬਾਰਾਂ ਰਸਾਲਿਆਂ ਲਈ ਲਿਖੇ। ਪੰਜਾਬੀ ਦੇ ਪਾਠਕ ਘੱਟ ਹੀ ਹਨ। ਬਹੁਤੇ ਜਾਣਕਾਰ ਕਹਿੰਦੇ ਹਿੰਦੀ ਵਿੱਚ ਲਿਖਿਆ ਕਰੋ। ਸਾਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ। ਮਖਿਆ ਪੜ੍ਹਨੀ ਸਿੱਖ ਲਵੋ। ਹਿੰਦੀ ਵਿਚ ਮੈਥੋਂ ਨਹੀਂ ਲਿਖਿਆ ਜਾਂਦਾ ਸ਼ਬਦ ਹੀ ਨਹੀਂ ਔੜਦੇ। ਪੰਜਾਬੀ ਦੇ ਸ਼ਬਦ ਤਾਂ ਦਿਮਾਗ ਵਿਚੋਂ ਇਓ ਝੜਦੇ ਹਨ ਜਿਵੇਂ ਬੇਰੀ ਦੇ ਡਲਾ ਮਾਰੇ ਤੋਂ ਬੇਰ। ਆਵਦੀ ਇੱਛਾ ਸੀ ਕਿ ਵਿਆਹ ਵੀ ਪੰਜਾਬ ਵਿੱਚ ਹੀ ਹੋਵੇ। ਰੱਬ ਨੇ ਅਜਿਹੀ ਸੁਣੀ ਕਿ ਮਾਲਵੇ ਦੀ ਜੰਮਪਲ ਲਈ ਗੋਨਿਆਨੇ ਦੇ ਨੇੜਦੇ ਪਿੰਡ ਮਹਿਮਾ ਸਰਕਾਰੀ ਵਾਲਿਆਂ ਨੇ ਪਸੰਦ ਕਰ ਲਿਆ। ਵਾਇਆ ਬਠਿੰਡਾ ਬੀ ਏ ਪਾਸ ਮਿਲੀ ਨਾਲੇ ਗਿਆਨੀ ਪਾਸ ਵੀ। ਬੱਚਿਆਂ ਨੂੰ ਵੀ ਹਮ ਕੋ ਤੁਮ ਕੋ ਕਰਨ ਵਾਲੀ ਪਸੰਦ ਨਹੀਂ ਸੀ। ਸੋ ਵੱਡੇ ਨੇ ਗੁਰਦਾਸਪੁਰ ਜ਼ਿਲ੍ਹੇ ਦਾ ਬਟਾਲਾ ਸ਼ਹਿਰ ਚੁਣਿਆ। ਆਹੀਂ ਆਖਣ ਡਾਹੇਂ ਹਾਂ। ਵਰਗੀ ਮਾਝੇ ਦੀ ਬੋਲੀ। ਗੱਲ ਕਰਨ ਦਾ ਨਜ਼ਾਰਾ ਆ ਜਾਂਦਾ ਹੈ। ਜਦੋ ਛੋਟੇ ਬੇਟੇ ਨੂੰ ਵੀ ਭਈਆਂ ਦੀ ਬਜਾਇ ਛੋਟੂ ਭਾਜੀ ਆਖਦੀ ਹੈ ਤਾਂ ਸਾਰਿਆਂ ਦਾ ਪਾਈਆ ਖੂਨ ਵੱਧ ਜਾਂਦਾ ਹੈ। ਛੋਟਾ ਕਹਿੰਦਾ ਡੈਡੀ ਜੀ ਸਾਰਾ ਦਿਨ ਦਫਤਰ ਵਿਚ ਹਮਕੋ ਤੁਮਕੋ ਸੁਣ ਕੇ ਬੰਦਾ ਅੱਕ ਜਾਂਦਾ ਹੈ ਜੇ ਘਰੇ ਵੀ ਤੂੰ ਤੜਕ ਨਾ ਸੁਣੇ ਤਾਂ ਬੰਦਾ ਪਾਗਲ ਹੀ ਹੋਜੇ। ਕਈ ਵਾਰੀ ਕਿਸੇ ਪ੍ਰੋਗਰਾਮ ਤੇ ਲੋਕ ਧੱਕੇ ਨਾਲ ਦੋ ਸ਼ਬਦ ਬੋਲਣ ਲਈ ਮਾਇਕ ਫੜ੍ਹਾ ਦਿੰਦੇ ਹਨ। ਕਿੰਨੇ ਵੀ ਵੱਡੇ ਵੱਡੇ ਨਾਡੂ ਖਾਂ ਬੈਠੇ ਹੋਣ ਆਪਾਂ ਆਪਣੀ ਗੱਲ ਪੰਜਾਬੀ ਵਿੱਚ ਹੀ ਕਹਿੰਦੇ ਹਾਂ। ਚਾਹੇ ਕੋਈ ਹੱਸੇ ਯ ਕੋਈ ਮਜ਼ਾਕ ਉਡਾਵੇ।
ਇਹੀ ਹੁੰਦਾ ਹੈ ਮਾਂ ਬੋਲੀ ਦਾ ਸਵਾਦ।
ਮਾਂ ਬੋਲੀ ਨੂੰ ਪਿਆਰ।
#ਰਮੇਸ਼ਸੇਠੀਬਾਦਲ