ਤਜ਼ੁਰਬਾ | tajuraba

ਲਗਾਤਾਰ ਲੰਬੇ ਸਮੇਂ ਤੱਕ ਕਿਸੇ ਕੰਮ ਨੂੰ ਕਰਨ ਨਾਲ ਜੋ ਗਿਆਨ ਹਾਸਿਲ ਹੁੰਦਾ ਹੈ ਯ ਕੰਮ ਕਰਨ ਦਾ ਵੱਲ ਆਉਂਦਾ ਹੈ ਅਤੇ ਕੰਮ ਦੌਰਾਨ ਆਈਆਂ ਰੁਕਾਵਟਾਂ ਮੁਸਕਲਾਂ ਨੂੰ ਨਿਜੀਠਣ ਦੇ ਢੰਗ ਤਰੀਕਾ ਆਉਂਦਾ ਹੈ ਉਸਨੂੰ ਤਜ਼ੁਰਬਾ ਕਹਿੰਦੇ ਹਨ। ਤਜੁਰਬਾ ਪੇਸ਼ੇ ਅਨੁਸਾਰ ਕੀਤੇ ਕੰਮ ਦਾ ਹੀ ਨਹੀਂ ਹੁੰਦਾ ਸਮਾਜਿਕ, ਧਾਰਮਿਕ ਤੇ ਸਿਆਸੀ ਮਾਮਲਿਆਂ ਵਿੱਚ ਵਿਚਰਨ ਦੇ ਢੰਗ ਦਾ ਵੀ ਹੁੰਦਾ ਹੈ। ਉਂਜ ਜੇ ਵੇਖਿਆ ਜਾਵੇ ਤਾਂ ਗਰੀਬ ਨੂੰ ਅਮੀਰ ਨਾਲੋਂ ਵੱਧ ਤਜ਼ੁਰਬਾ ਹੁੰਦਾ ਹੈ। ਨੌਕਰੀ ਵਾਲੇ ਇਨਸਾਨ ਨਾਲੋਂ ਸੇਵਾਮੁਕਤ ਇਨਸਾਨ ਨੂੰ ਵੱਧ ਤਜ਼ੁਰਬਾ ਹੁੰਦਾ ਹੈ। ਬਜ਼ੁਰਗ ਨੂੰ ਜਵਾਨ ਨਾਲੋਂ ਜਿਆਦਾ ਕਿਤੇ ਤਜ਼ੁਰਬਾ ਹੁੰਦਾ ਹੈ। ਮਿੱਠੇ ਅਹਿਸਾਸ ਨਾਲੋਂ ਕੌੜਾ ਤਜ਼ੁਰਬਾ ਵੱਧ ਯਾਦ ਤੇ ਕਾਰਾਗਾਰ ਰਹਿੰਦਾ ਹੈ। ਸਭ ਤੋਂ ਉੱਤਮ ਤਜ਼ੁਰਬਾ #ਜਿੰਦਗੀ ਦਾ ਹੁੰਦਾ ਹੈ। ਜੋ ਅਨਮੋਲ ਹੁੰਦਾ ਹੈ। ਇਹ ਸਭ ਤਜ਼ੁਰਬਿਆਂ ਦਾ ਨਿਚੋੜ ਹੁੰਦਾ ਹੈ। ਇਸਦਾ ਫਾਇਦਾ ਤਜ਼ੁਰਬੇਕਾਰ ਖੁਦ ਨਹੀਂ ਉਠਾ ਸਕਦਾ ਤੇ ਦੂਸਰੇ ਉਸਦੇ ਤਜੁਰਬੇ ਤੇ ਜਲਦੀ ਜਲਦੀ ਵਿਸ਼ਵਾਸ ਹੀ ਨਹੀਂ ਕਰਦੇ।
ਬੁਢਾਪੇ ਵਿੱਚ ਜਦੋਂ ਇਨਸਾਨ ਜਿੰਦਗੀ ਦੇ ਤਜ਼ੁਰਬੇ ਨਾਲ ਮਾਲੋਮਾਲ ਤਾਂ ਹੁੰਦਾ ਹੈ ਪਰ ਉਸਦੇ ਹੱਥ ਪਛਤਾਵਾ ਹੀ ਲੱਗਦਾ ਹੈ। ਸਾਰੀ ਉਮਰ ਦੇ ਤਜੁਰਬੇ ਤੋਂ ਉਹ ਇਸ ਨਤੀਜੇ ਤੇ ਪਹੁੰਚਦਾ ਹੈ ਕਿ ਬਹੁਤੀ ਜਿੰਦਗੀ ਉਸਨੇ ਅਸਥਾਈ ਖੁਸ਼ੀਆਂ ਲਈ ਗੰਵਾ ਦਿੱਤੀ। ਉਸਨੇ ਜੋ ਕੁਝ ਵੀ ਕੀਤਾ ਉਸਦਾ ਉਸਨੂੰ ਓਹਨਾ ਫਾਇਦਾ ਨਹੀਂ ਹੋਇਆ। ਉਸਦੇ ਪੱਲੇ ਆਰਾਮਦਾਇਕ ਜਿੰਦਗੀ ਵਧੀਆ ਖਾਣਪੀਣ ਐਸ਼ੋਅਰਾਮ ਤੇ ਫੋਕੀ ਵਾਹ ਵਾਹੀ ਹੀ ਆਈ। ਆਪਣੀ ਔਲਾਦ ਦੀ ਖੁਸ਼ੀ ਲਈ ਦਿਨ ਰਾਤ ਇੱਕ ਕਰਨ ਵਾਲਾ ਜਦੋਂ ਆਪਣੀ ਔਲਾਦ ਦੇ ਵਿਹਾਰ ਨੂੰ ਬਦਲਦਾ ਵੇਖਦਾ ਹੈ ਤਾਂ ਸ਼ਾਇਦ ਉਸਨੂੰ ਆਪਣੀ ਕੀਤੀ ਮੂਰਖਤਾ ਤੇ ਹਾਸੀ ਤੇ ਗੁੱਸਾ ਆਉਂਦਾ ਹੈ ਪਰ ਇਹ ਬੇਬਸ ਹੁੰਦਾ ਹੈ। ਇਸੇ ਤਰਾਂ ਪੂਰੀ ਉਮਰ ਨੌਕਰੀ ਕਰਨ ਵਾਲਾ ਸਖਸ਼ ਸੇਵਾਮੁਕਤੀ ਤੋਂ ਬਾਅਦ ਜਦੋਂ ਆਪਣੇ ਮੁਤਾਹਿਤ ਅਤੇ ਸਹਿਕਰਮੀਆਂ ਦੇ ਵਿਹਰ ਨੂੰ ਬਦਲਦਾ ਵੇਖਦਾ ਹੈ ਤਾਂ ਉਹ ਝੁਰਨ ਤੋਂ ਇਲਾਵਾ ਕੁਝ ਨਹੀਂ ਕਰ ਸਕਦਾ। ਚੌਵੀ ਘੰਟੇ ਚਾਪਲੂਸੀ ਕਰਨ ਵਾਲੇ ਮੁੱਖ ਮੋੜ ਲੈਂਦੇ ਹਨ। ਹਮੇਸ਼ਾ ਜੀ ਜੀ ਕਰਨ ਵਾਲੀ ਔਲਾਦ ਤੇ ਸੰਗੀਸਾਥੀ ਬੁਲਾਉਣਾ ਵੀ ਪਸੰਦ ਨਹੀਂ ਕਰਦੇ। ਔਲਾਦ ਕੋਲ੍ਹ ਤਾਂ ਗੱਲ ਕਰਨ ਦਾ ਟਾਈਮ ਨਹੀਂ ਹੁੰਦਾ। ਅਮੀਰੀ ਦੌਰਾਨ ਨਿੱਤ ਹਾਜ਼ਰੀ ਭਰਨ ਵਾਲਿਆਂ ਦੀ ਭੀੜ ਗਰੀਬੀ ਵੇਲੇ ਕਿਤੇ ਨਜ਼ਰ ਨਹੀਂ ਆਉਂਦੀ। ਕਈ ਵਾਰੀ ਤਾਂ ਗਰੀਬ ਦੋਸਤ, ਰਿਸ਼ਤੇਦਾਰ ਨੂੰ ਵੇਖਕੇ ਲੋਕ ਦੂਰੋਂ ਹੀ ਰਾਹ ਬਦਲ ਲੈਂਦੇ ਹਨ। ਇਹ ਤਜ਼ੁਰਬਾ ਕਿਸੇ ਗਰੀਬ ਨੂੰ ਹੀ ਹਾਸਿਲ ਹੁੰਦਾ ਹੈ। ਹਾਲਾਤ ਬਦਲਣ ਤੇ ਯ ਉਮਰ ਦੇ ਅਖੀਰਲੇ ਪੜਾਅ ਤੇ ਆਕੇ ਜਿੰਦਗੀ ਭਰ ਸਾਥ ਨਿਭਾਉਣ ਦਾ ਵਾਇਦਾ ਕਰਨ ਵਾਲੇ ਬਹੁਤੇ ਹਮਸਫਰ ਵੀ ਅੱਖਾਂ ਫੇਰ ਲੈਂਦੇ ਹਨ। ਹੈ ਤਾਂ ਇਹ ਵੀ ਤਜੁਰਬੇ ਦਾ ਹਿੱਸਾ ਹੀ।
ਜਵਾਨੀ ਦੇ ਜੋਸ਼ ਵਿੱਚ ਜਦੋਂ ਬੰਦੇ ਦੇ ਨੈਨ ਪਰੈਨ ਕੰਮ ਕਰਦੇ ਹੁੰਦੇ ਹਨ ਉਸਦੇ ਰੱਬ ਯਾਦ ਨਹੀਂ ਹੁੰਦਾ। ਪਰ ਵੱਧਦੀ ਉਮਰ ਦੇ ਨਾਲ ਨਾਲ ਸਰੀਰ ਦੇ ਅੰਗ ਵੀ ਭਿਆਂ ਕਰ ਜਾਂਦੇ ਹਨ। ਅੱਖਾਂ, ਦੰਦ, ਕੰਨ ਤਾਂ ਆਪਣੀ ਸਮਰੱਥਾ ਤੋਂ ਘੱਟ ਕੰਮ ਕਰਨ ਲੱਗਦੇ ਹੀ ਹਨ। ਹੋਲੀ ਹੋਲੀ ਲੱਤਾਂ ਬਾਹਾਂ ਤੇ ਯਾਦ ਸ਼ਕਤੀ ਵੀ ਜਵਾਬ ਦੇਣ ਲੱਗਦੀ ਹੈ। ਪ੍ਰੈਕਟਿਕਲੀ ਇਹ ਤਜ਼ੁਰਬਾ ਵੀ ਉਦੋਂ ਹਾਸਿਲ ਹੁੰਦਾ ਹੈ ਜਦੋਂ ਇਨਸਾਨ ਕੁਝ ਕਰ ਵੀ ਨਹੀਂ ਸਕਦਾ। ਫਿਰ ਬੈੰਕ ਬੈਲੈਂਸ, ਜਮੀਨ ਜਾਇਦਾਦ ਵੀ ਕਿਸੇ ਕੰਮ ਨਹੀਂ ਆਉਂਦੀ। ਆਦਮੀ ਜਿੰਦਗੀ ਭਰ ਮੇਹਨਤ ਨਾਲ ਇਕੱਠੇ ਕੀਤੇ ਸਾਜੋ ਸਮਾਨ ਨੂੰ ਹੱਥੋਂ ਖਿਸਕਦਾ ਵੇਖਦਾ ਹੈ। ਮਹਿਲ ਮੁਨਾਰਿਆਂ ਤੇ ਅਗਲੀ ਪੀੜ੍ਹੀ ਦਾ ਕਬਜ਼ਾ ਹੁੰਦਾ ਵੇਖਦਾ ਹੈ ਯ ਇਹ ਕਲਪਨਾ ਕਰਕੇ ਹੀ ਪਛਤਾਉਂਦਾ ਹੈ। ਪਰ ਇਹ ਤਜ਼ੁਰਬਾ ਵੀ ਉਦੋਂ ਹਾਸਿਲ ਹੁੰਦਾ ਹੈ ਜਦੋਂ ਉਹ ਇਸ ਦਾ ਲਾਭ ਨਹੀਂ ਉਠਾ ਸਕਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ

Leave a Reply

Your email address will not be published. Required fields are marked *