ਅਜੇ ਵੀ ਯਾਦ ਏ..ਆਮ ਜਿਹੇ ਦਿਨ ਦੀ ਅਜੇ ਸ਼ੁਰੂਆਤ ਹੀ ਸੀ..ਪੱਗ ਦਾ ਆਖਰੀ ਲੜ ਅਜੇ ਪਿੰਨ ਦੇ ਹਵਾਲੇ ਕਰ ਸੁਰਖੁਰੂ ਵੀ ਨਹੀਂ ਸੀ ਹੋਇਆ ਕੇ ਡੋਬੂ ਜਿਹਾ ਪਿਆ..ਸਾਮਣੇ ਸੈੱਲ ਫੋਨ ਤੇ ਸਰਸਰੀ ਜਿਹੀ ਨਜਰ ਮਾਰੀ..ਅਸਮਾਨੀ ਬਿਜਲੀ ਵਾਂਙ ਆਣ ਡਿੱਗੀ ਇੱਕ ਖਬਰ ਸੀ..ਲੰਘੀ ਰਾਤ ਉਹ ਮੁੱਕ ਗਿਆ..ਪਹਿਲੀ ਨਜ਼ਰੇ ਭੱਦਾ ਮਖੌਲ ਅਤੇ ਝੂਠੀ ਅਫਵਾਹ ਹੀ ਲੱਗੀ..!
ਭਲਾ ਉਹ ਕਿੱਦਾਂ ਮੁੱਕ ਸਕਦਾ..ਇਹ ਤਾਂ ਸ਼ੁਰੂਆਤ ਹੀ ਸੀ..ਅਜੇ ਤਾਂ ਲੰਮਾ ਪੈਂਡਾ ਤਹਿ ਕਰਨਾ ਸੀ..ਕਿੰਨਾ ਕੁਝ ਲੀਹ ਤੇ ਲਿਆਉਣਾ ਸੀ..ਕਿੰਨਾ ਕੁਝ ਸਹੀ ਵੀ ਕਰਨਾ ਸੀ..ਕਿੰਨੇ ਸ਼ੱਕ ਕਿੰਨੀਆਂ ਦੁਬਿਧਾਵਾਂ ਕਿੰਨੇ ਭੰਬਲ ਭੂਸਿਆਂ ਦਾ ਨਿਵਾਰਨ..ਕਿੰਨੀਆਂ ਬਹਿਸਾਂ,ਡਿਬੇਟ, ਇੰਟਰਨੈਸ਼ਨਲ ਮੰਚ, ਸਟੇਟਮੈਂਟਾਂ,ਨੀਤੀ ਬਿਆਨ,ਸਪਸ਼ਟੀਕਰਨ,ਮੀਟਿੰਗਾਂ,ਸੁਹਿਰਦ ਲੀਡਰਸ਼ਿਪ ਦੀ ਲਾਮਬੰਦੀ,ਅਨੰਦਪੁਰ ਵੱਲ ਨੂੰ ਮੁਹਾਰਾਂ,ਕੌਂਮੀ ਟੀਚੇ,ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਅਤੇ ਹੋਰ ਵੀ ਕਿੰਨਾ ਕੁਝ..ਸਭ ਕੁਝ ਵਿੱਚ ਵਿਚਾਲੇ ਰਹਿ ਗਿਆ..!
ਲਾਸ਼ਾਂ ਬੋਲਦੀਆਂ ਨਹੀਂ ਵਰਨਾ ਮੋਢੇ ਫੜ ਉਠਾ ਲੈਂਦੇ ਕੇ ਭਰਾਵਾਂ ਪਹਿਲੋਂ ਸਦੀਆਂ ਪੂਰਾਣਾ ਪਿਆ ਇਹ ਕੌਂਮੀ ਖਿਲਾਰਾ ਸਾਂਭ ਲੈ..ਫੇਰ ਖਲਾਸੀ ਹੋਣੀ..!
ਖੈਰ ਉਂਗਲ ਦੇ ਪੋਟੇ ਨਾਲ ਸਕਰੀਨ ਹਰਕਤ ਵਿੱਚ ਆ ਗਈ..ਹਰ ਪਾਸੇ ਹਾਹਾਕਾਰ ਸੀ..ਭਾਣਾ ਵਰਤ ਚੁੱਕਾ ਸੀ..ਸਪਸ਼ਟ ਦੁਸ਼ਮਣ ਖੁਸ਼ ਸਨ..ਦਿਸ਼ਾਹੀਣ ਹੋ ਗਏ ਸੁਹਿਰਦ ਅੰਨ੍ਹੇ ਬੋਲੇ ਹੋ ਏਧਰ ਓਧਰ ਭੱਜ ਰਹੇ ਸਨ..ਦੋਗਲੇ ਅੰਦਰੋਂ ਅੰਦਰੀ ਗੁੜਕ ਰਹੇ ਸਨ..ਚੰਗਾ ਹੋਇਆ ਵੇਲੇ ਸਿਰ ਹੀ ਨਿੱਬੜ ਗਿਆ..ਵਰਨਾ ਪਤਾ ਨੀ ਫੇਰ ਕਿਹੜੀ ਛੇ ਜੂਨ ਦਾ ਇੰਤਜਾਰ ਕਰਨਾ ਪੈਂਦਾਂ..!
ਮੇਰੇ ਹੱਥੀਂ ਫੜੀ ਉਹ ਪਿੰਨ ਜਿਸਨੇ ਆਖਰੀ ਲੜ ਦੇ ਸਿਰੇ ਵਿੱਚ ਖੁੱਭਣਾ ਸੀ..ਸਿੱਧੀ ਸੀਨੇ ਵਿੱਚ ਜਾ ਖੁੱਭੀ..ਅੱਜ ਕੀ ਕਰਨਾ ਅਤੇ ਕਿੱਧਰ ਨੂੰ ਜਾਣਾ..ਸਭ ਭੁੱਲ ਭੁਲਾ ਗਿਆ..”ਦੇਖੀ ਜਮਾਨੇ ਕੀ ਯਾਰੀ..ਬਿਛੜੇ ਸਭੀ ਬਾਰੀ ਬਾਰੀ”
ਮਸੀਂ ਮਸੀਂ ਤਾਂ ਇੱਕ ਵਜੂਦ ਮਿਲਿਆ ਸੀ..ਸਿਧ ਸਪਸ਼ਟ ਵੈਰੀ ਧਿਰ ਨੂੰ ਪਛਾਣ ਹਿੱਕ ਵਿੱਚ ਵੱਜਣ ਵਾਲਾ..ਐਨ ਚੁਰਾਹੇ ਵਿੱਚ ਨੰਗਿਆਂ ਕਰਨ ਵਾਲਾ..ਟਾਂਡਿਆਂ ਵਾਲੀ ਤੇ ਜਾਂ ਫੇਰ ਭਾਂਡਿਆਂ ਵਾਲੀ ਵਿਚੋਂ ਕਿਸੇ ਇੱਕ ਤੇ ਉਂਗਲ ਰੱਖਣ ਲਈ ਮਜਬੂਰ ਕਰਨ ਵਾਲਾ..ਅੱਧੀ ਮੈਂ ਗਰੀਬ ਜੱਟ ਦੀ ਅੱਧੀ ਤੇਰੀ ਹਾਂ ਮੁਲਾਹਜੇਦਾਰਾਂ ਵਾਲੇ ਦੋਗਲੇ ਕਿਰਦਾਰਾਂ ਅਤੇ ਘੜੰਮ ਚੌਧਰੀਆਂ ਲਈ ਖਤਰੇ ਖਾਤਮੇਂ ਦਾ ਘੰਟੀ..!
ਹਰ ਪਾਸੇ ਹੌਕੇ ਹਾਵੇ ਹੰਝੂ ਪਛਤਾਵੇ ਗੁੱਸੇ ਗਿਲੇ ਤੌਖਲੇ ਇੰਝ ਉਂਝ ਕਿੰਤੂ ਪ੍ਰੰਤੂ ਕਿੰਨੇ ਕਿਓਂ ਕਿੰਝ ਕਿਸਤਰਾਂ ਜੇਕਰ ਇਥੇ ਓਥੇ ਵਾਲੇ ਕਿੰਨੇ ਸਾਰੇ ਭਾਵ ਭਾਰੂ ਸਨ..ਪਰ ਉਹ ਅਰਾਮ ਨਾਲ ਪਿਆ ਸੀ..ਸਦੀਵੀਂ..ਦਿੱਲੀ ਲਾਗੇ ਹਸਪਤਾਲ ਦੇ ਸੁੰਨਸਾਨ ਮੁਰਦਾਘਰ ਦੇ ਇੱਕ ਇਕਾਂਤ ਕਮਰੇ ਵਿੱਚ..ਸਿਰ ਤੋਂ ਲੈ ਕੇ ਪੈਰਾਂ ਤੀਕਰ ਜਾਮਨੀ ਰੰਗ ਦੀ ਮਨਹੂਸ ਜਿਹੀ ਚਾਦਰ ਹੇਠ ਢੱਕਿਆ ਹੋਇਆ..ਸਿਰ ਵਾਲੇ ਪਾਸੇ ਫਰਸ਼ ਤੇ ਡੁਲ੍ਹੇ ਲਹੂ ਦੇ ਕੁਝ ਕੂ ਤਰੁਬਕੇ ਹੀ ਸਨ..ਖਾਮੋਸ਼..ਚੁੱਪ ਚਾਪ ਅਸਲ ਕਹਾਣੀ ਦਾ ਬਿਰਤਾਂਤ ਦੱਸਦੇ ਹੋਏ..ਪਰ ਲਹੂ ਦੀ ਭਾਸ਼ਾ ਹਰੇਕ ਨੂੰ ਥੋੜੀ ਸਮਝ ਆਉਂਦੀ ਏ..!
ਸੋ ਦੋਸਤੋ ਕਈਆਂ ਕੋਲ ਗਵਾਉਣ ਲਈ ਕੁਝ ਨਹੀਂ ਹੁੰਦਾ..ਉਹ ਆਪਾ ਵਾਰ ਦਿੰਦੇ ਪਰ ਜਿਸ ਕੋਲ ਗਵਾਉਣ ਲਈ ਕਿੰਨਾ ਕੁਝ ਹੋਵੇ ਉਹ ਘਰ ਫੂਕ ਤਮਾਸ਼ੇ ਵਾਲੇ ਮੌਤ ਦੇ ਖੂਹ ਵਿੱਚ ਉੱਤਰ ਜਾਵੇ ਤਾਂ ਦੁਨੀਆ ਪਾਗਲ ਆਖਦੀ ਏ..!
ਪਰ ਉਹ ਵਾਕਿਆ ਹੀ ਕਮਲਾ ਸੀ..ਫ਼ਿਲਮਾਂ..ਕਰੀਅਰ..ਰਾਜਨੀਤੀ..ਮੋਡਲਿੰਗ..ਸ਼ਖ਼ਸੀਅਤ..ਬੰਗਲੇ..ਕੋਠੀਆਂ ਕਾਰਾਂ..ਵਾਕਫ਼ੀਆਂ..ਮਾਹੌਲ..ਆਲਾ ਦਵਾਲਾ..ਅਹੁਦੇ..ਜਾਇਦਾਤਾਂ..ਅਤੇ ਹੋਰ ਵੀ ਕਿੰਨੇ ਕੁਝ ਨੂੰ ਭੰਗ ਦੇ ਭਾੜੇ ਠੋਕਰ ਮਾਰ ਦੇਣੀ..ਹਾਰੀ ਸਾਰੀ ਦੇ ਵੱਸ ਥੋੜਾ!
ਬਾਹਰਲੇ ਡੰਗ ਮਾਰ ਦੇਣ ਤਾਂ ਝਾੜ ਫੂਕ ਕਰ ਬਚਿਆ ਜਾ ਸਕਦਾ ਪਰ ਜਦੋਂ ਬੁੱਕਲ ਵਿੱਚ ਨਿੱਘੇ ਥਾਂ ਆਪਣੇ ਬਣ ਬੈਠੇ ਹੀ ਕਸੂਤੇ ਥਾਂ ਜਹਿਰ ਦੀ ਪਿਚਕਾਰੀ ਮਾਰ ਦੇਣ ਤਾਂ ਪਾਣੀ ਪੀਣ ਦੀ ਵੀ ਮੋਹਲਤ ਨਹੀਂ ਮਿਲਦੀ..!
ਖੈਰ ਉਹ ਜਿਥੇ ਵੀ ਹੋਵੇ ਜਿਉਂਦਾ ਵੱਸਦਾ ਹੋਵੇ..ਪਤਾ ਨਹੀਂ ਕਿਹੜੀ ਜੂਨੇ ਪਿਆ ਹੋਣਾ ਪਰ ਜਿਸ ਜੂਨੇ ਵੀ ਪਿਆ ਹੋਣਾ ਵਿਚਰਦੀ ਉਹ ਇਥੇ ਕਿਧਰੇ ਆਸੇ ਪਾਸੇ ਹੀ ਹੋਣੀ..ਕਣਸੋਵਾਂ ਲੈਂਦੀ..!
ਓਦੋਂ ਮੋਇਆ ਪੁੱਤ ਪੰਜਾਬ ਦਾ ਕੁਲ ਦੁਨੀਆ ਰੋਈ..ਇਸ ਕਰਮਾਂ ਮਾਰੀ ਕੌਂਮ ਨਾਲ ਅਨਹੋਣੀ ਹੋਈ!
ਹਰਪ੍ਰੀਤ ਸਿੰਘ ਜਵੰਦਾ
ਉਹ ਕਿਹੜਾ ਦਿਨ ਆ ਜਿਸ ਦਿਨ ਬਾਈ ਦੀਪ ਸਿੱਧੂ ਦੀ ਯਾਦ ਨਾ ਆਈ ਹੋਵੇ, ਪਰ ਯਾਦ ਤਾਂ ਉਸ ਨੂੰ ਕੀਤਾ ਜਾਂਦਾ ਹੈ ਜਿਸ ਨੂੰ ਭੁੱਲੇ ਹੋਈਏ, ਉਹ ਕਦੇ ਵੀ ਨਹੀਂ ਭੁੱਲਦਾ,