ਚੰਦ ਕੁਰ ਨੂੰ ਆਪਣੇ ਚਾਰ ਪੁੱਤਰ ਹੋਣ ਤੇ ਬੜਾ ਗੁਮਾਨ ਸੀ। ਉਸ ਦੀਆਂ ਦੋਨੋਂ ਦਰਾਣੀਆਂ ਕੋਲ ਤਿੰਨ-ਤਿੰਨ ਕੁੜੀਆਂ ਤੇ ਇੱਕ-ਇੱਕ ਮੁੰਡਾ ਸੀ। ਚੰਦ ਕੁਰ ਨੇ ਸ਼ਰੀਕਣਾਂ ਨੂੰ ਸੁਣਾਉਂਦਿਆਂ ਕਹਿਣਾ ਕਿ ਕਿਸੇ ਦੀ ਹਿੰਮਤ ਨਹੀਂ ਝਾਕ ਵੀ ਜਾਵੇ। ਮੇਰੇ ਤਾਂ ਸੁੱਖ ਨਾਲ ਚਾਰ ਨੇ ਡਾਂਗਾਂ ਵਰਗੇ, ਗਾਟੇ ਲਾਹ ਦੇਣਗੇ। ਦਰਾਣੀਆਂ ਧੀਆਂ ਦੇ ਦਾਜ਼ ਤਿਆਰ ਕਰਦੀਆਂ ਤੇ ਚੰਦ ਕੁਰ ਕੌਲੇ ਕੱਛਦੀ ਫਿਰਦੀ। ਦਰਾਣੀਆਂ ਨੂੰ ਮਿਹਣੇ ਮਾਰਦੀ ਕਿ ਕਰੋ ਤੁਸੀਂ ਦਾਜ਼ ਤਿਆਰ ਧੀਆਂ ਦੇ, ਮੇਰੇ ਤਾਂ ਸੁੱਖ ਨਾਲ ਚਾਰ ਨੂੰਹਾਂ ਆਉਣਗੀਆਂ, ਘਰ ਭਰਜੂ ਸਮਾਨ ਨਾਲ। ਰੱਬ ਵੀ ਜੈਖਣਾ ਬੱਸ ਹੀ ਨਹੀਂ ਕਰਿਆ, ਘਰ ਭਰਤੇ ਧੀਆਂ ਨਾਲ। ਪਰ ਥੋਡੇ ਵੀ ਕੀ ਸਾਰੇ ਐ, ਰੱਬ ਨੇ ਪਤਾ ਨਹੀਂ ਕਿਹੜੇ ਕਰਮਾਂ ਦਾ ਬਦਲਾ ਲਿਆ। ਸ਼ੁਕਰ ਐ ਮੈਂ ਤਾਂ ਪਿਛਲੇ ਜਨਮ ਚ ਕੋਈ ਚੰਗੇ ਕਰਮ ਕੀਤੇ ਸੀ ਜੀਹਦਾ ਮੈਨੂੰ ਰੱਬ ਨੇ ਫਲ ਦਿੱਤਾ। ਕਹਿੰਦੇ ਆ ਰੱਬ ਦੀ ਲਾਠੀ ਵਿੱਚ ਆਵਾਜ਼ ਨਹੀਂ ਹੁੰਦੀ। ਵਕਤ ਨਾਲ ਬੱਚੇ ਵੱਡੇ ਹੋ ਗਏ। ਕੁੜੀਆਂ ਸੁਚੱਜੀਆਂ ਤੇ ਸਿਆਣੀਆਂ ਹੋਣ ਕਰਕੇ ਲੋਕ ਮੰਗ ਮੰਗ ਕੇ ਰਿਸ਼ਤੇ ਲੈ ਗਏ। ਚੰਦ ਕੁਰ ਪੁੱਤਾਂ ਦੇ ਰਿਸ਼ਤਿਆਂ ਲਈ ਲੋਕਾਂ ਅੱਗੇ ਹੱਥ ਬੰਨਦੀ ਫਿਰੇ। ਲੈ ਦੇ ਕੇ ਘਰ ਭਰਨੇ ਤਾਂ ਦੂਰ, ਨੂੰਹਾਂ ਹੀ ਮਸਾਂ ਜੁੜੀਆਂ। ਫੇਰ ਛਿੜ ਪਈ ਜੰਗ ਘਰ ਨੂੰ ਵੰਡਣ ਦੀ। ਤੇ ਹੁਣ ਆਥਣ ਤੜਕੇ ਚਾਰ ਡਾਂਗਾਂ ਘਰ ਵਿੱਚ ਹੀ ਖੜਕਣੀਆਂ ਸ਼ੁਰੂ ਹੋ ਗਈਆਂ। ਚੰਦ ਕੌਰ ਆ ਗਈ ਚਾਰ ਡਾਂਗਾਂ ਦੇ ਵਿਚਾਲੇ। ਕੋਈ ਇੱਧਰੋਂ ਹੁੱਜ ਮਾਰਦਾ ਤੇ ਕੋਈ ਉੱਧਰੋਂ। ਚੰਦ ਕੁਰ ਦੁੱਖੜੇ ਰੋਣ ਦਰਾਣੀਆਂ ਕੋਲ ਜਾਂਦੀ ਤੇ ਨੀਵੀਆਂ ਅੱਖਾਂ ਨਾਲ ਕਹਿੰਦੀ ਕਿ ਕਾਸ਼ ਮਾਤੜੵ ਨੂੰ ਵੀ ਰੱਬ ਨੇ ਧੀਆਂ ਦਿੱਤੀਆਂ ਹੁੰਦੀਆਂ। ਥੋਡੇ ਵਾਂਗੂੰ ਵਿਆਹ ਕੇ ਤੋਰ ਦਿੰਦੀ ਤੇ ਮੇਰੀ ਇਹ ਦੁਰਗਤੀ ਨਾ ਹੁੰਦੀ। ਮੇਰਾ ਦੁੱਖ ਸੁੱਖ ਵੀ ਵੰਡਾਉਂਦੀਆਂ ਤੇ ਆਹ ਖੋਲੀ ਵੀ ਨਾ ਵਿਕਦੀ। ਸਿਰ ਤੇ ਛੱਤ ਬਣੀ ਰਹਿੰਦੀ।
ਮਨਦੀਪ ਕੌਰ ਪੁਰਬਾ