ਖਹਿਰਾ ਸਾਬ ਸੱਤ ਸ੍ਰੀ ਅਕਾਲ..ਕੱਲ ਤੁਸੀਂ ਲਾਈਵ ਹੋਏ..ਦਿੱਲ ਦੇ ਵਲਵਲੇ ਸਾਂਝੇ ਕੀਤੇ..ਹਾਲਾਂਕਿ ਤੁਸਾਂ ਬੜੇ ਹੀ ਬੋਚ ਬੋਚ ਪੱਬ ਧਰੇ ਤਾਂ ਵੀ ਕਈ ਮੁਖੌਟੇ ਗੁੱਸੇ ਹੋ ਗਏ..ਅੰਦਰੋਂ ਧੁੜਕੂ ਸੀ ਖਾਮਿਆਜਾ ਭੁਗਤਣਾ ਪੈ ਸਕਦਾ..ਤੁਸੀਂ ਵੀ ਆਪਣਾ ਲਾਈਵ ਇਸੇ ਨੋਟ ਤੇ ਹੀ ਮੁਕਾਇਆ ਕੇ ਇਹ ਕਈਆਂ ਦੇ ਸੰਘੋਂ ਹੇਠਾਂ ਸੌਖਿਆਂ ਨਹੀਂ ਉੱਤਰਨੀਆਂ..!
ਅੱਜ ਫੇਰ ਓਹੀ ਗੱਲ ਹੋ ਗਈ..ਅਗਲਿਆਂ ਦਿਨ ਵੀ ਨਹੀਂ ਚੜਨ ਦਿੱਤਾ..ਸੈਂਕੜੇ ਕਿਲੋਮੀਟਰ ਦੂਰੋਂ ਧਾੜਾਂ ਆਈਆਂ ਤੇ ਸਿਧੀਆਂ ਤੁਹਾਡੇ ਬੈਡ ਰੂਮ ਵਿੱਚ..ਤੁਸੀਂ ਕੱਚੀ ਨੀਂਦਰੇ ਆਖ ਰਹੇ ਸੋ ਇਹ ਯੂਨੀਅਨ ਟੈਰੀਟਰੀ ਏ..ਇਥੇ ਇੰਝ ਨਹੀਂ ਕਰ ਸਕਦੇ..ਪਰ ਨਿੱਕਾ ਮੂੰਹ ਵੱਡੀ ਗੱਲ..ਜਦੋਂ ਭੇੜੀਏ ਨੇ ਲੇਲਾ ਨਿਗਲਣਾ ਹੋਵੇ ਤਾਂ ਉਸ ਕੋਲ ਸੌ ਬਹਾਨੇ..!
ਥੋੜਾ ਪਿੱਛੇ ਜਾਂਦੇ ਹਾਂ ਤੁਹਾਡੇ ਲਾਈਵ ਦੌਰਾਨ ਕੰਧ ਤੇ ਟੰਗੇ ਫੋਟੋ ਫਰੇਮ ਵਿਚ ਮੌਜੂਦ ਤੁਹਾਡੇ ਸਤਿਕਾਰਿਤ ਪਿਤਾ ਜੀ ਸ੍ਰ ਸੁਖਜਿੰਦਰ ਸਿੰਘ ਜੀ ਸਭ ਕੁਝ ਸੁਣ ਰਹੇ ਪ੍ਰਤੀਤ ਹੋ ਰਹੇ ਸਨ..ਵੈਸੇ ਵੀ ਬਾਪ ਦੁਨਿਆਵੀ ਤੌਰ ਤੇ ਕੋਲ ਨਾ ਵੀ ਹੋਵਣ ਤਾਂ ਵੀ ਹਰ ਅਬੀ ਨਬੀ ਵੇਲੇ ਆਸੇ ਪਾਸੇ ਜਰੂਰ ਹੀ ਹੁੰਦੇ ਨੇ..ਮੇਰਾ ਨਿੱਜੀ ਤਜੁਰਬਾ ਏ..ਓਹੀ ਰਿਟਾਇਰਡ ਡੀ.ਐੱਸ.ਪੀ ਸਾਬ ਜਿਹਨਾਂ ਚਾਰ ਦਹਾਕੇ ਪਹਿਲੋਂ ਤੀਰ ਵਾਲੇ ਬਾਬੇ ਦਾ ਖੁੱਲ ਕੇ ਸੰਗ ਮਾਣਿਆ..ਅਕਸਰ ਵਿਚਾਰਾਂ ਹੋਇਆ ਕਰਦੀਆਂ ਸਨ..ਮੰਜੀ ਸਾਬ ਅਤੇ ਫੇਰ ਲੰਗਰ ਸਾਬ ਦੀ ਉੱਪਰਲੀ ਛੱਤ ਤੇ..ਅਕਸਰ ਹੀ ਯੂ-ਟੀਊਬ ਤੇ ਦਰਸ਼ਨ ਹੋ ਜਾਂਦੇ..!
ਮੁੱਕਦੀ ਗੱਲ ਜਿਹਨਾਂ ਦੀ ਪਾਰਟੀ ਵਿੱਚ ਤੁਸੀਂ ਇਸ ਵੇਲੇ ਹੋ..ਨਾ ਤੇ ਓਹਨਾ ਨੂੰ ਗਵਾਰਾ ਕੇ ਤੁਸੀਂ ਸੱਚ ਬੋਲੋ ਤੇ ਨਾ ਹੀ ਓਹਨਾ ਨੂੰ ਜਿਹਨਾਂ ਅੱਜ ਤੁਹਾਡੇ ਗ੍ਰਹਿ ਖਾਕੀ ਘੱਲੀ..!
ਤੁਸੀਂ ਵਰਤਮਾਨ ਸਿਟਿੰਗ ਐੱਮ.ਐੱਲ.ਏ ਅਤੇ ਉੱਤੋਂ ਅਜੋਕਾ ਸੈੱਲ ਫੋਨ ਦਾ ਜਮਾਨਾ..ਤਾਂ ਵੀ ਤੁਹਾਨੂੰ ਇੰਝ ਗ੍ਰਿਫਤਾਰ ਕਰਨਾ..ਜਰਾ ਸੋਚੋ ਓਹਨਾ ਆਮ ਘਰਾਂ ਦੇ ਚਿਰਾਗ਼ਾਂ ਦਾ ਕੀ ਹਾਲ ਕਰਦੇ ਹੋਣਗੇ ਜਿਹੜੇ ਹੱਕਾਂ ਦੀ ਗੱਲ ਕਰਦੇ ਸਿੱਧਾ ਇਹਨਾਂ ਦੀਆਂ ਹਿੱਕਾਂ ਵਿਚ ਹੀ ਵੱਜੇ ਸਨ..!
ਅਜੇ ਤਾਂ ਇਹ ਵੀ ਨਹੀਂ ਪਤਾ ਪੁਲਸ ਘੱਲੀ ਕੀਹਨੇ ਆ..ਕਿਓੰਕੇ ਇਹ ਬਿਨਾ ਤਲੇ ਦੇ ਖੂਹ..!
ਖੈਰ ਲੰਮੀਆਂ ਗੱਲਾਂ ਕਦੇ ਫੇਰ ਸਹੀ..ਏਨੀ ਬੇਨਤੀ ਪ੍ਰਵਾਨ ਕਰਿਓ ਕੇ ਛੱਡੋ ਖਹਿੜਾ ਇਹਨਾਂ ਥਾਲੀ ਦੇ ਬੈਂਗਣਾਂ ਦਾ..ਖੁੱਲ ਕੇ ਨਿੱਤਰ ਆਵੋ ਆਪਣੇ ਰਹਿੰਦੇ ਖੂੰਹਦੇ ਬਚੇ ਖੁਚੇ ਪੰਜਾਬ ਲਈ..ਰੱਬ ਤੁਹਾਡੀ ਉਮਰ ਲੰਮੀ ਕਰੇ..ਚਾਰਾਂ ਵਿਚੋਂ ਤਿੰਨ ਹਿੱਸੇ ਜੀ ਲਈ ਏ..ਰਹਿੰਦਾ ਹਿੱਸਾ ਕਰ ਦਿਓ ਸਮਰਪਿਤ ਪੰਜਾਬ ਦੇ ਹੱਕਾਂ ਲਈ..ਤੁਹਾਡੇ ਅੰਦਰ ਦਲੇਰੀ ਏ..ਲਿਆਕਤ ਏ..ਠਰੰਮਾਂ ਏ..ਸਹਿਣ ਸ਼ਕਤੀ..ਖੁੱਲ ਦਿੱਲੀ ਏ..ਨਿਰਸਵਾਰਥ ਸੱਚ ਨੂੰ ਸੱਚ ਆਖਣ ਦਾ ਜਜਬਾ ਤੇ ਕੌਂਮੀ ਦਰਦ ਰੱਖਦਾ ਇੱਕ ਸੁਨਹਿਰੀ ਅਤੀਤ ਵੀ ਏ..ਦੇਰ ਸੁਵੇਰ ਮੁੱਕਣਾ ਤੇ ਹਰੇਕ ਨੇ ਹੈ..ਪਰ ਕੁਝ ਦੀਵੇ ਬੁੱਝਣ ਤੋਂ ਪਹਿਲਾਂ ਖੁੱਲ ਕੇ ਐਸੇ ਭਬਾਕੇ ਜਰੂਰ ਮਾਰ ਜਾਂਦੇ ਜਿਹੜੇ ਇੱਕ ਵੇਰ ਤਾਂ ਪੂਰੀ ਕਾਇਨਾਤ ਰੁਸ਼ਨਾ ਕੇ ਅਖੀਰ ਸਦੀਵੀ ਇਤਿਹਾਸ ਬਣ ਹੀ ਜਾਂਦੇ..!
ਅਖੀਰ ਵਿਚ ਇੱਕ ਲਾਈਨ ਕੁਝ ਬੁੱਕਲ ਦੇ ਸੱਪਾਂ ਲਈ..ਯੇ ਮੁਹੱਬਤ-ਏ-ਅਸੂਲਪ੍ਰਸਥੀ ਤੁਮ ਕਯਾ ਜਾਨੋ ਮੇਰੇ ਦੋਸਤ..ਵੋ ਔਰ ਹੀ ਥੇ ਜੋ ਇੱਕ ਅਨਾ ਕੀ ਖਾਤਿਰ ਪਲ ਮੇਂ ਫਨਾਹ ਹੋ ਗਏ!
ਗੁਰੂ ਫਤਹਿ ਪ੍ਰਵਾਨ ਕਰਨੀ..ਹਰਪ੍ਰੀਤ ਸਿੰਘ ਜਵੰਦਾ
Sahi kiha ji