ਬੜੇ ਸਾਲ ਪਹਿਲੋਂ ਦੋ ਕੋਠੀਆਂ ਛੱਡ ਤੀਜੀ ਵਿੱਚ ਇੱਕ ਹੌਲੀ ਜਿਹੀ ਉਮਰ ਦੀ ਇੱਕ ਕੁੜੀ ਕਿਰਾਏ ਤੇ ਰਹਿਣ ਆਈ..!
ਨਾਲ ਪੰਜ ਕੂ ਸਾਲ ਦਾ ਪੁੱਤਰ ਵੀ..ਬਿਲਕੁਲ ਹੀ ਘੱਟ ਗੱਲ ਕਰਦੀ..ਆਸੇ ਪਾਸੇ ਕੰਸੋਵਾਂ ਸ਼ੁਰੂ ਹੋ ਗਈਆਂ..ਪੁੱਤ ਨੂੰ ਰੋਜ ਸਕੂਲ ਛੱਡ ਵਾਪਿਸ ਪਰਤਦੀ ਤਾਂ ਰਾਹ ਵਿੱਚ ਸਵੈਟਰ ਉਣਂਦੀ ਢਾਣੀ ਘੇਰ ਲੈਂਦੀ..ਪਹਿਲੋਂ ਸਰਸਰੀ ਗੱਲਾਂ ਹੁੰਦੀਆਂ ਫੇਰ ਘਰਵਾਲੇ ਬਾਰੇ ਸਵਾਲ ਸ਼ੁਰੂ ਹੋ ਜਾਂਦੇ..ਉਹ ਸੰਖੇਪ ਜਿਹਾ ਜਵਾਬ ਦੇ ਕੇ ਖਹਿੜਾ ਛੁਡਾ ਘਰੇ ਵੜ ਜਾਂਦੀ..ਉਹ ਸ਼ਾਇਦ ਅਮਰੀਕਾ ਵਿੱਚ ਸੀ..!
ਬੁੱਢਾ ਬਾਪ ਕਦੇ ਕਦੇ ਕੋਈ ਚੀਜ ਦੇਣ ਆ ਜਾਇਆ ਕਰਦਾ..ਉਹ ਜਦੋਂ ਬਾਹਰ ਛੱਡਣ ਆਉਂਦੀ ਤਾਂ ਅੱਖੀਆਂ ਪੂੰਝ ਰਹੀ ਹੁੰਦੀ..ਬਾਪ ਵੀ ਕਿੰਨੀ ਦੇਰ ਖਲੋਤਾ ਕੁਝ ਆਖਦਾ ਰਹਿੰਦਾ ਫੇਰ ਸਿਰ ਤੇ ਪਿਆਰ ਦੇ ਕੇ ਸਾਈਕਲ ਤੇ ਚੜ ਜਾਂਦਾ..!
ਫੇਰ ਕਿੰਨੇ ਸਾਲ ਲੰਘ ਗਏ..ਉਸਦੀ ਓਹੀ ਰੁਟੀਨ ਹੀ ਰਹੀ..ਮੈਂ ਫੌਜ ਵਿੱਚ ਭਰਤੀ ਹੋ ਗਿਆ..ਦੋ ਸਾਲ ਅੰਡੇਮਾਨ ਪੋਸਟਿੰਗ ਮਗਰੋਂ ਵਾਪਿਸ ਆਇਆ ਤਾਂ ਪਤਾ ਲੱਗਾ ਉਸਦੇ ਘਰਵਾਲੇ ਨੇ ਅਮਰੀਕਾ ਹੋਰ ਵਿਆਹ ਕਰਵਾ ਲਿਆ..ਇਸਤੇ ਵੀ ਹੋਰ ਵਿਆਹ ਦਾ ਪੂਰਾ ਜ਼ੋਰ ਪਾਇਆ ਜਾ ਰਿਹਾ ਸੀ ਪਰ ਇਹ ਬਜਿਦ ਸੀ ਕੇ ਉਹ ਇੱਕ ਦਿਨ ਵਾਪਿਸ ਜਰੂਰ ਪਰਤੇਗਾ..ਸ਼ਾਇਦ ਇਕਰਾਰ ਕਰ ਕੇ ਗਿਆ ਸੀ..!
ਕਿੰਨੇ ਵਰ੍ਹਿਆਂ ਬਾਅਦ ਅੱਜ ਵੀ ਸੋਚਦਾ ਹਾਂ ਕੇ ਉਡੀਕ ਭਾਵੇਂ ਜਿੰਨੀ ਮਰਜੀ ਲੰਮੀ ਹੋਵੇ..ਪਰ ਚੰਦਰੀ ਇੱਕ ਪਾਸੜ ਨਹੀਂ ਹੋਣੀ ਚਾਹੀਦੀ!
ਹਰਪ੍ਰੀਤ ਸਿੰਘ ਜਵੰਦਾ