ਜਦੋਂ ਮੈਂ ਬਾਹਰੋਂ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ। ਮੈ ਰੋਟੀ ਪਾਉਣ ਦਾ ਕਹਿਕੇ ਪੁੱਛਿਆ “ਕੀ ਸਬਜੀ ਬਣਾਈ ਹੈ?
“ਕੱਦੂ ਬਨਾਏ ਹਨ। ਉਸਨੇ ਦੱਸਿਆ।
“ਚੰਗਾ ਰੋਟੀ ਪਾਦੇ।” ਮੈ ਚੁੱਪ ਕਰਕੇ ਰੋਟੀ ਖਾ ਲਈ। ਕੁਰਲੀ ਕਰਕੇ ਹੱਥ ਧੋਕੇ ਬੈਡ ਤੇ ਲੇਟ ਗਿਆ। ਸਾਹਮਣੇ ਸ਼ੀਸ਼ੇ ਤੇ ਲੱਗੀ ਮੇਰੀ ਮਾਂ ਦੀ ਤਸਵੀਰ ਮੈਨੂੰ ਮੇਰੇ ਤੇ ਹੱਸਦੀ ਹੋਈ ਲੱਗੀ। ਇਉਂ ਲੱਗਿਆ ਜਿਵੇਂ ਮੇਰੀ ਮਾਂ ਮੇਰੇ ਤੇ ਹੱਸ ਰਹੀ ਹੋਵੇ। ਯਾਦ ਆਇਆ ਇਕ ਦਿਨ ਮੈਂ ਬਾਹਰੋਂ ਆਇਆ ਸੀ। “ਮਾਤਾ ਰੋਟੀ ਪਾ ਦੇ।” ਮੈ ਕਿਹਾ । ਮਾਂ ਨੇ ਰੋਟੀ ਪਾ ਦਿੱਤੀ।
“ਕੀ ਬਣਾਇਆ ਹੈ?” ਉਸ ਦਿਨ ਵੀ ਮੈ ਇੰਜ ਹੀ ਪੁੱਛਿਆ ਸੀ।
“ਕੱਦੂ”
ਮਾਂ ਦੇ ਆਖਣ ਦੀ ਦੇਰ ਸੀ ਕਿ ਮੈ ਥਾਲੀ ਚਲਾਕੇ ਮਾਰੀ। ਰੋਟੀਆਂ ਸਬਜੀ ਸਲਾਦ ਆਚਾਰ ਸਬ ਫਰਸ਼ ਤੇ ਖਿੰਡ ਗਿਆ। “ਕੱਦੂ ਤੋ ਬਿਨਾਂ ਹੋਰ ਸਬਜੀਆਂ ਨੂੰ ਅੱਗ ਲਗ ਗਈ।” ਮੈ ਗੁੱਸੇ ਚ ਭੜਕ ਪਿਆ। ਤੈਨੂੰ ਸੋ ਵਾਰੀ ਆਖਿਆ ਹੈ ਕੱਦੂ ਨਾ ਬਣਾਇਆ ਕਰ, ਮੈਨੂੰ ਕੱਦੂ ਦੀ ਸਬਜ਼ੀ ਪਸੰਦ ਨਹੀ।”
“ਚੰਗਾ ਫੇਰ ਘਿਓ ਸ਼ੱਕਰ ਪਾ ਦਿੰਦੀ ਹਾਂ। ਚੂਰੀ ਕੁੱਟ ਦਿੰਦੀ ਹਾਂ। ਪਿਆਜ਼ ਟਮਾਟਰ ਦੀ ਚਟਨੀ ਕੁੱਟ ਦਿੰਦੀ ਹਾਂ।” ਮਾਤਾ ਨੇ ਕਈ ਬਦਲ ਸੁਝਾਏ।
“ਮੈ ਨਹੀ ਖਾਣੀ।” ਮੈ ਰੁੱਸ ਗਿਆ।
” ਨਾ ਪੁੱਤ ਅੰਨ ਦੀ ਬੇਕਦਰੀ ਨਹੀ ਕਰਦੇ।” ਮਾਤਾ ਨੇ ਮਾਤਾ ਵਲਚਾਕੇ ਮੈਨੂੰ ਰੋਟੀ ਖੁਆ ਦਿੱਤੀ। ਤੇ ਫੇਰ ਕਦੇ ਘਰੇ ਕੱਦੂ ਨਾ ਬਣਾਇਆ। ਪਰ ਅੱਜ ਮੈਨੂੰ ਕੱਦੂ ਨਾਲ ਰੋਟੀ ਖਾਂਦੇ ਨੂੰ ਦੇਖਕੇ ਲੱਗਿਆ ਕਿ ਮੇਰੀ ਮਾਂ ਮੇਰੇ ਤੇ ਹੱਸਦੀ ਵੀ ਹੋਵੇਗੀ ਤੇ ਅੰਦਰੋ ਰੋਂਦੀ ਵੀ ਹੋਵੇਗੀ । ਪੁੱਤ ਹੁਣ ਯਾਦ ਆਓਂਦੀ ਹੈ ਨਾ ਮਾਂ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ