ਸਾਡੀ ਸਵੇਰ ਦੀ ਸ਼ੁਰੂਆਤ ਰਾਤ ਵਾਲੀ ਬੇਹੀ ਰੋਟੀ ਤੇ ਨੂਨ ਭੁੱਕਕੇ ਖਾਣ ਨਾਲ ਹੁੰਦੀ ਸੀ। ਕਈ ਵਾਰੀ ਰੋਟੀ ਨੂੰ ਚੁੱਲ੍ਹੇ ਦੀ ਅੱਗ ਤੇ ਗਰਮ ਕਰ ਲੈਂਦੇ ਤੇ ਉੱਤੋਂ ਘਿਓ ਨਾਲ ਚੋਪੜ ਲੈਂਦੇ ਇਸ ਨਾਲ ਰੋਟੀ ਦਾ ਸਵਾਦ ਦੁੱਗਣਾ ਹੋ ਜਾਂਦਾ ਨਾਲ ਬਾਟੀ/ ਗਿਲਾਸ ਭਰੀ ਚਾਹ ਦੀ ਹੁੰਦੀ ਸੀ। ਫਿਰ ਜਦੋਂ ਦਿਨ ਲਈ ਕਦੇ ਸਬਜ਼ੀ ਬਣਦੀ ਤਾਂ ਇੱਕ ਅੱਧੀ ਰੋਟੀ ਤਾਂ ਅੱਧ ਭੁੱਜੇ ਮਸਾਲੇ ਨਾਲ ਨਿਬੇੜ ਦਿੰਦੇ। ਅੱਧਰਿੱਝੀ ਸਬਜ਼ੀ ਖਾਣ ਦਾ ਵੀ ਸਵਾਦ ਵੱਖਰਾ ਹੀ ਹੁੰਦਾ ਸੀ। ਘਰੇ ਬਹੁਤਾ ਕੁਝ ਖਾਣ ਨੂੰ ਨਹੀਂ ਸੀ ਹੁੰਦਾ। ਕਦੇ ਗੁੜ ਦੀ ਡਲੀ ਖਾਂਦੇ। ਖੰਡ ਦੇ ਫੱਕੇ ਤਾਂ ਚੋਰੀਓ ਹੀ ਮਾਰਦੇ ਹੁੰਦੇ ਸੀ। ਡਿਪੂ ਤੋਂ ਮਿਲਦੀ ਖੰਡ ਤਾਂ ਜੁਆਕਾਂ ਦੇ ਫੱਕਿਆ ਨਾਲ ਹੀ ਪੂਰੀ ਹੋ ਜਾਂਦੀ ਸੀ। ਸ਼ਾਮ ਦੀ ਚਾਹ ਨਾਲ ਵੀ ਬੇਹੀਆਂ ਰੋਟੀ ਨਿਆਮਤ ਲਗਦੀਆਂ ਸਨ। ਬੀਬੀ ਵਰਗੀਆਂ ਰਾਤ ਲਈ ਦਾਲ ਹਾਰੇ ਵਿੱਚ ਰਿਝਣੀ ਰੱਖ ਦਿੰਦੀਆਂ। ਫਿਰ ਦਾਲ ਵਿੱਚ ਪਿਆਜ਼ ਕੁਤਰਕੇ ਖਾਂਦੇ। ਕਈ ਵਾਰੀ ਗੁਆਂਢੀਆਂ ਦੇ ਆਏ ਪ੍ਰਾਹੁਣੇ ਦਾ ਬੁੱਤਾ ਵੀ ਮੰਗਵੀ ਦਾਲ ਸਬਜ਼ੀ ਨਾਲ ਸਾਰਿਆ ਜਾਂਦਾ ਸੀ। ਹੋਟਲ ਢਾਬੇ ਵਿੱਚ ਖਾਣ ਦਾ ਰਿਵਾਜ ਨਹੀਂ ਸੀ। ਢਾਬਿਆਂ ਵਿੱਚ ਵੀ ਰੋਟੀ ਦੇ ਪੈਸੇ ਲੱਗਦੇ ਸਨ ਤੇ ਦਾਲ ਮੁਫ਼ਤ ਮਿਲਦੀ ਹੁੰਦੀ ਸੀ। ਦਾਲ ਫਰਾਈ ਖਾਣ ਵਾਲਾ ਸ਼ਾਹੀ ਫੀਲਿੰਗ ਲੈਂਦਾ ਸੀ। ਕੋਈਂ ਵਿਰਲਾ ਟਾਵਾਂ ਹੀ ਦਾਲ ਫਰਾਈ ਦਾ ਆਰਡਰ ਦਿੰਦਾ ਸੀ। ਸ਼ਾਮ ਨੂੰ ਅਸੀ ਦਾਣੇ ਭੁਨਾਕੇ ਲਿਆਉਂਦੇ। ਬੀਬੀ ਵਰਗੀਆਂ ਬਾਜਰੇ ਮੱਕੀ ਜਵਾਰ ਦੇ ਫੁੱਲਿਆਂ ਦੇ ਮਰੂੰਡੇ ਬਣਾਉਂਦੀਆਂ। ਸੱਚੀ ਗੱਲ ਤਾਂ ਇਹ ਹੈ ਕਿ ਓਦੋਂ ਨਾ ਘਰੇ ਖਾਣ ਨੂੰ ਬਹੁਤ ਕੁਝ ਹੁੰਦਾ ਸੀ ਤੇ ਨਾ ਹੀ ਗੁੰਜਾਇਸ਼ ਹੁੰਦੀ ਸੀ। ਤੰਗੀ ਤੁਰਸ਼ੀ ਹਰ ਘਰ ਵਿੱਚ ਸੀ। ਕੁੜਤੇ ਤੇ ਜੁੱਤੇ ਦੇ ਟਾਕੀ ਲੱਗੀ ਹੋਣ ਤੇ ਕੋਈਂ ਸ਼ਰਮ ਨਹੀਂ ਸੀ ਮੰਨਦਾ। ਭਾਵੇਂ ਉਹ ਸੇਠ ਸੀ ਯ ਵੱਡਾ ਜਗੀਰਦਾਰ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
114 ਸ਼ੀਸ਼ਮਹਿਲ