ਅਸੀਂ ਉਸ ਪੀੜ੍ਹੀ ਦੇ ਹਾਂ ਜਿਸ ਨੇ | asi us peerhi de ha

ਗੁੱਲੀ ਡੰਡਾ, ਬੰਟੇ , ਗੁਲੇਲਾਂ , ਬਾਂਦਰ ਕਿੱਲਾ ਵਰਗੀਆਂ ਬਹੁਤ ਸਾਰੀਆਂ ਖੇਡਾਂ ਖੇਡ ਕੇ ਗਰੀਬੀ ਵਿੱਚ ਵੀ ਬਹੁਤ ਹੀ ਅਮੀਰ ਅਤੇ ਬੇਫਿਕਰੀ ਵਾਲਾ ਬਚਪਨ ਜੀਊਣ ਦਾ ਅਨੰਦ ਮਾਣਿਆ ਹੈ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਦੇ ਬਰਸਾਤਾਂ ਦੇ ਪਾਣੀ ਵਿੱਚ ਕਾਗਜ਼ ਦੇ ਜਹਾਜ਼ ਤੇ ਕਿਸ਼ਤੀਆਂ ਚਲਦੀਆਂ ਸਨ । ਅੱਜਕਲ ਵਾਲਿਆਂ ਨੂੰ ਮੀਂਹ ਚ’ ਭਿੱਜਣ ਤੇ ਹੀ ਇਨਫੈਕਸ਼ਨ ਦਾ ਡਰ ਰਹਿੰਦਾ ਹੈ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਨੂੰ ਸ਼ਾਮ ਢਲਣ ਤੋਂ ਮਗਰੋਂ ਵੀ ਮੁਹੱਲੇ ਵਿੱਚ ਖੇਡਣ ਵਿੱਚ ਮਸਤ ਹੋਇਆਂ ਨੂੰ ਜਬਰਦਸਤੀ ਫੜ ਕੇ ਘਰ ਲਿਜਾਇਆ ਜਾਂਦਾ ਸੀ ਤੇ ਅੱਜਕਲ ਵਾਲਿਆਂ ਨੂੰ ਫੋਨਾਂ ਅਤੇ ਕੰਪਿਊਟਰ ਲੈਪਟਾਪ ਚੋਂ ਹੀ ਵੇਹਲ ਨਹੀਂ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਨੇ ਬਚਪਨ ਵਿੱਚ ਦਸ ਪੈਸੇ , ਵੀਹ ਪੈਸੇ ਨਾਲ ਅਮੀਰੀ ਮਾਣੀ ਹੈ , ਜਿਸ ਦਿਨ ਕਿਤੇ ਸਕੂਲ ਜਾਣ ਵੇਲੇ ਘਰੋਂ ਦਸ- ਵੀਹ ਪੈਸਿਆਂ ਦੀ ਜਗ੍ਹਾ ਇੱਕ ਰੁਪਈਆ ਮਿਲ ਜਾਂਦਾ ਸੀ ਰੱਬ ਦੀ ਸੰਹੁ ਉਸ ਦਿਨ ਐਲਨ ਮਸਕ ਵਾਲੀ ਫੀਲਿੰਗ ਆ ਜਾਂਦੀ ਸੀ ਤੇ ਅੱਜਕਲ ਵਾਲਿਆਂ ਦੀ ਪਾਕੇਟ ਮਨੀ ਵੀ ਘਰ ਦੇ ਬਜਟ ਦਾ ਇੱਕ ਹਿੱਸਾ ਹੈ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਲਈ ਮੁਹੱਲੇ ਦੀਆਂ ਸਾਰੀਆਂ ਔਰਤਾਂ ਆਂਟੀਆਂ ਨਹੀਂ, ਬਲਕਿ ਮਾਸੀਆਂ , ਤਾਈਆਂ ਜਾਂ ਚਾਚੀਆਂ ਹੁੰਦੀਆਂ ਸਨ
ਤੇ ਮਰਦ ਮਾਸੜ , ਤਾਏ ਜਾਂ ਚਾਚੇ ਹੁੰਦੇ ਸੀ । ਕੋਈ ਪੁੱਠੀ ਸ਼ਰਾਰਤ ਕਰਨ ਤੇ ਮੁਹੱਲੇ ਦੇ ਇਹਨਾਂ ਮਾਸੜਾਂ ਚਾਚਿਆਂ ਤਾਇਆਂ ਵਿੱਚੋਂ ਕੋਈ ਵੀ ਸਾਨੂੰ ਫੜ ਕੇ ਧਾਫੜਾ ਲਾ ਦਿੰਦਾ ਸੀ , ਅੱਜਕਲ ਵਾਲਿਆਂ ਨੂੰ ਮੁਹੱਲੇ ਵਾਲਿਆਂ ਦੀ ਸ਼ਾਇਦ ਪਛਾਣ ਵੀ ਨਹੀਂ ਹੁੰਦੀ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਨੇ ਸਜ਼ਾ ਦੇ ਤੌਰ ਤੇ ਮੁਰਗਾ ਬਣ ਕੇ ਗਰਾਊਂਡ ਦੇ ਚੱਕਰ ਲਾਏ ਹਨ ਤੇ ਜਿਹਨਾ ਨੂੰ ਸਕੂਲ ਵਿੱਚ ਅਧਿਆਪਕਾਂ ਤੋਂ ਕੁੱਟ ਖਾ ਕੇ ਸ਼ਰਮਿੰਦਗੀ ਨਹੀਂ ਮਹਿਸੂਸ ਹੁੰਦੀ ਸੀ ਕਿਉਂਕਿ ਉਸ ਕੁੱਟ ਵਿੱਚ ਵੀ ਆਪਣਾਪਨ ਮਹਿਸੂਸ ਹੁੰਦਾ ਸੀ ਤੇ ਕੁੱਟ ਖਾ ਕੇ ਵੀ ਦਿਲ ਵਿੱਚ ਅਧਿਆਪਕਾਂ ਲਈ ਪੂਰਾ ਆਦਰ ਅਤੇ ਸਤਿਕਾਰ ਹੁੰਦਾ ਸੀ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਸਨੂੰ
ਸਕੂਲ ਤੋਂ ਪਈ ਕੁੱਟ ਬਾਰੇ ਘਰ ਦੱਸਣ ਤੇ ਦੁਬਾਰਾ ਫੇਰ ਕੁੱਟ ਪੈਂਦੀ ਸੀ , ਤੇ ਘਰ ਵਿੱਚ ਤਾਂ ਕੁੱਟ ਕਿਸੇ ਵੀ ਗੱਲੋਂ ਪੈ ਜਾਂਦੀ ਸੀ , ਕੁੱਟ ਪੈਣ ਤੇ ਰੋਣਾਂ ਨਾਂ ਆਉਣ ਤੇ ਹੋਰ ਕੁੱਟ , ਤੇ ਜੇ ਰੋ ਪਏ ਤਾਂ ਚੁੱਪ ਕਰਵਾਉਣ ਲਈ ਹੋਰ ਕੁੱਟਿਆ ਜਾਂਦਾ ਸੀ । ਪਰ ਅੱਜਕਲ ਇਹ ਸਕੀਮ ਵੀ ਬੰਦ ਹੋ ਚੁੱਕੀ ਹੈ ।
ਅਸੀਂ ਉਹ ਆਖਰੀ ਪੀੜ੍ਹੀ ਹਾਂ ਜਿਹਨਾਂ ਨੂੰ ਸਕੂਲ ਦੇ ਰਿਜਲਟ ਸਮੇਂ ਕਦੇ ਵੀ ਨੰਬਰਾਂ ਦੇ ਪ੍ਰਤੀਸ਼ਤ ਵਾਲਾ ਕੀੜਾ ਨਹੀਂ ਸੀ ਲੜਿਆ ਤੇ ਟੈਨਸ਼ਨ ਅਤੇ ਡਿਪਰੈਸ਼ਨ ਵਰਗੀਆਂ ਬਲਾਵਾਂ ਦਾ ਕਦੀ ਨਾਮ ਤੱਕ ਨਹੀਂ ਸੀ ਸੁਣਿਆ , ਸਿਰਫ ਪਾਸ ਜਾਂ ਫੇਲ ਤੇ ਹੀ ਧਿਆਨ ਹੁੰਦਾ ਸੀ , ਅਜਕਲ 99% ਨੰਬਰ ਲੈਣ ਵਾਲੇ ਵੀ ਡਿਪਰੈਸ਼ਨ ਚ’ ਚਲੇ ਜਾਂਦੇ ਨੇ ।
ਅਸੀਂ ਆਖਰੀ ਪੀੜ੍ਹੀ ਹਾਂ ਜਿਸਨੇ ਬਲੈਕ ਐਂਡ ਵਾਈਟ ਟੈਲੀਵਿਜ਼ਨ ਉੱਤੇ ਦੂਰਦਰਸ਼ਨ ਤੇ ਹਫਤੇ ਦੀ ਇੱਕ ਫਿਲਮ ਤੋਂ ਲੈ ਕੇ ਐਲ ਸੀ ਡੀ ਤੇ ਕੇਬਲ , ਡਿਸ਼ ਅਤੇ ਓਟੀਟੀ ਤੇ ਵੈਬ ਸੀਰੀਜ਼ ਤੱਕ ਦਾ ਸਫਰ ਤੈਅ ਕੀਤਾ ਹੈ । ਪਰ ਢਾਈ ਘੰਟੇ ਵਾਲੀ ਫਿਲਮ ਪੰਜ ਘੰਟਿਆਂ ਵਿੱਚ ਦੇਖਣ ਵਾਲਾ ਉਹ ਸ਼ੌਂਕ ਅਤੇ ਉਤਸੁਕਤਾ ਵੀ ਹੁਣ ਖਤਮ ਹੋ ਗਈ ਹੈ ।
ਮਾਣ ਹੈ ਆਪਣੇ ਉਸ ਅਮੀਰ ਅਤੇ ਬੇਫਿਕਰੀ ਵਾਲੇ ਬਚਪਨ ਤੇ ।।
ਰਾਜੂ ਧਵਨ ਤਲਵੰਡੀ
ਸ਼ਾਹਕੋਟ
01/10/2023

2 comments

  1. ਬਹੁਤ ਹੀ ਵਧੀਆ ਕਹਾਣੀ… ਪਰ ਕਹਾਣੀ ਪੜ੍ਹ ਦੇ ਸਮੇ ਮੇਰੀਆਂ ਅੱਖਾਂ ਮੂਹਰੇ ਸਾਰਾ ਬਚਪਨ ਆ ਗਿਆ ♥️♥️♥️

Leave a Reply

Your email address will not be published. Required fields are marked *