1972-73 ਦੇ ਲਾਗੇ ਜਿਹੇ ਅਸੀਂ ਐਸਕੋਰਟ 37 ਟਰੈਕਟਰ ਲਿਆ ਸਿਰਫ ਸਤਾਰਾਂ ਹਜ਼ਾਰ ਦਾ। ਸਮੇਤ ਟਰਾਲੀ ਵਿੱਢ, ਕਰਾਹਾ, ਤਵੀਆਂ ਤੇ ਪੁਲੀ। ਇਹ ਟਰੈਕਟਰ ਹਵਾ ਨਾਲ ਠੰਡਾ ਹੁੰਦਾ ਸੀ। ਲਿਫਟ ਨਾਲ ਜਦੋ ਤਵੀਆਂ ਚੁੱਕਦਾ ਤਾਂ ਪੂਰਾ ਜਹਾਜ ਹੀ ਲਗਦਾ। ਰਾਮ ਕੁਮਾਰ ਨਾਮ ਦੇ ਆਦਮੀ ਨੂੰ ਅਸੀਂ ਡਰਾਈਵਰ ਰਖ ਲਿਆ। ਜਦੋ ਓਹ ਲਿਫਟ ਨਾਲ ਤਵੀਆਂ ਚੁਕਦਾ ਤਾਂ ਲੋਕੀ ਖੜ ਖੜ ਕੇ ਦੇਖਦੇ। ਕਿਉਂਕਿ ਪਿੰਡ ਵਿਚ ਦੋ ਹੋਰ ਵੀ ਟਰੈਕਟਰ ਸਨ। ਪਰ ਉਹਨਾਂ ਦੇ ਲਿਫਟ ਨਹੀਂ ਸੀ ਤਵੀਆਂ ਉਲਟਾਵੀਆਂ ਸਨ। ਫਿਰ ਰਾਜਸਥਾਨ ਕਨਾਲ ਤੇ ਭਰਤ ਪਾਉਣ ਦਾ ਕੰਮ ਸ਼ੁਰੂ ਹੋ ਗਿਆ। ਮਿੱਟੀ ਦੀਆਂ ਟਰਾਲੀਆਂ ਭਰਕੇ ਭਰਤ ਪਾਉਂਦੇ। ਦਿਹਾੜੀ ਚੰਗੀ ਬਣ ਜਾਂਦੀ ਸੀ। ਇੱਕ ਦਿਨ ਜਦੋ ਕਿਸੇ ਦੀ ਟਰਾਲੀ ਖਾਲੀ ਜਾ ਰਹੀ ਸੀ ਤਾਂ ਉਸਨੇ ਲਲਕਾਰਾ ਮਾਰਿਆ ਕਿ ਆਹ ਜਾਂਦਾ ਫੁੱਲ ਸਪੀਡ ਤੇ ਸਾਡਾ ਸ਼ੇਰ ਟਰੈਕਟਰ। ਪਰ ਸਾਡੀ ਟਰਾਲੀ ਭਰੀ ਹੋਈ ਸੀ। ਤੇ ਨੀਚੇ ਰਸਤੇ ਤੋ ਉਪਰ ਚੜਾਹੀ ਚੜ ਰਹੀ ਸੀ। ਲਲਕਾਰੇ ਦੀ ਤੈਸ਼ ਚ ਆਏ ਸਾਡੇ ਟਰੈਕਟਰ ਦੇ ਡਰਾਈਵਰ ਨੇ ਇੱਕ ਦਮ ਰੇਸ ਦੇ ਦਿੱਤੀ। ਟਰਾਲੀ ਭਰੀ ਹੋਣ ਕਰਕੇ ਇਹ ਟਰੈਕਟਰ ਇਹ ਝਟਕਾ ਨਾ ਸਹਿ ਸਕਿਆ ਤੇ ਟਰੈਕਟਰ ਦੀ ਹੁੱਕ ਟੁੱਟ ਗਈ। ਤੇ ਟਰਾਲੀ ਪਿੱਛੇ ਨੂੰ ਲੁੜਕ ਗਈ। ਟਰੈਕਟਰ ਦੀ ਹੁੱਕ ਟੁੱਟਣ ਦੀ ਅਜੀਬ ਘਟਨਾ ਨੇ ਬਹੁਤ ਬੇਇਜਤੀ ਕਰਵਾਈ। ਇਸ ਨਾਲ ਕਾਫੀ ਮਾਲੀ ਨੁਕਸਾਨ ਵੀ ਹੋਇਆ। ਖੈਰ ਡਰਾਈਵਰ ਦੀ ਛੁੱਟੀ ਕਰਕੇ ਤੇ ਨਵਾਂ ਡਰਾਈਵਰ ਰੱਖ ਲਿਆ ਗਿਆ। ਪਰ ਕਿਸੇ ਦੀ ਹੱਲੇਸ਼ੇਰੀ ਤੇ ਲਲਕਾਰੇ ਨਾਲ ਹੋਏ ਨੁਕਸਾਨ ਦਾ ਹਰਜਾਨਾ ਪੂਰਾ ਨਾ ਹੋਇਆ। ਕਈ ਵਾਰੀ ਕਿਸੇ ਦੇ ਉਕਸਾਉਣ ਤੇ ਬਹੁਤ ਨੁਕਸਾਨ ਉਠਾਉਣਾ ਪੈ ਜਾਂਦਾ ਹੈ।
ਕਿਸੇ ਦੀ ਚੁੱਕ ਵਿੱਚ ਆਇਆ ਬੰਦਾ ਨੁਕਸਾਨ ਕਰਵਾ ਬੈਠਦਾ ਹੈ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ