“ਗਿਆਰਾਂ ਵੱਜ ਗਏ ਉਹਨਾਂ ਦੇ।” ਸ਼ਾਮ ਨੂੰ ਚਾਹ ਕੌਫ਼ੀ ਪੀਂਦੀ ਹੋਈ ਉਹ ਅਕਸਰ ਕਹਿੰਦੀ ਹੈ।
“ਉਹ ਤਾਂ ਸੌ ਗਏ ਹੋਣਗੇ ਹੁਣ ਤਾਂ।” ਬੈਡ ਤੇ ਪੈਣ ਵੇਲੇ ਉਸ ਦੇ ਮੂੰਹੋਂ ਅਚਾਨਕ ਨਿਕਲਦਾ ਹੈ। ਕਈ ਵਾਰੀ ਜਦੋਂ ਅਸੀਂ ਦੋ ਢਾਈ ਵਜੇ ਦੁਪਹਿਰ ਦੀ ਰੋਟੀ ਖਾ ਰਹੇ ਹੁੰਦੇ ਹਾਂ ਤਾਂ “ਉਹ ਤਾਂ ਸ਼ਾਮ ਦੀ ਰੋਟੀ ਦੀ ਤਿਆਰੀ ਕਰ ਰਹੇ ਹੋਣਗੇ।” ਉਹ ਅਕਸਰ ਕਹਿੰਦੀ ਹੈ। ਉਸਨੇ ਤਾਂ ਬੱਸ ਉਹਨਾਂ ਨੂੰ ਬਹਾਨੇ ਸਿਰ ਯਾਦ ਹੀ ਕਰਨਾ ਹੁੰਦਾ ਹੈ। ਉਹ ਆਸਟਰੇਲੀਆ ਰਹਿ ਰਹੇ ਹਨ ਲਗਭਗ ਪਿਛਲੇ ਇੱਕ ਸਾਲ ਤੋਂ। ਮੇਰਾ ਬੇਟਾ ਬੇਟੀ ਤੇ ਚਾਰ ਕੁ ਸਾਲ ਦੀ ਪੋਤੀ। ਓਥੋਂ ਦਾ ਸਮਾਂ ਇਥੋਂ ਨਾਲੋਂ ਚਾਰ ਘੰਟੇ ਅਡਵਾਂਸ ਹੁੰਦਾ ਹੈ ਤੇ ਅਕਤੂਬਰ ਤੋਂ ਇਹ ਫਰਕ ਪੰਜ ਘੰਟਿਆਂ ਵਿੱਚ ਬਦਲ ਜਾਂਦਾ ਹੈ। ਮੁਕਦੀ ਗੱਲ ਇਹ ਹੈ ਕਿ ਉਸ ਨੇ ਤਾਂ ਬਹਾਨੇ ਜਿਹੇ ਨਾਲ ਉਹਨਾਂ ਨੂੰ ਯਾਦ ਕਰਨਾ ਹੁੰਦਾ ਹੈ। ਇੱਕ ਮਾਂ ਜੋ ਠਹਿਰੀ। ਇਸ ਨੂੰ ਹੀ ਤਾਂ ਪਲ ਪਲ ਚਿਤਾਰਨਾ ਕਹਿੰਦੇ ਹਨ।
ਪੁੱਤ ਧੀ ਪ੍ਰਦੇਸ਼ੀ ਹੋਵੇ ਤਾਂ ਮਾਂ ਦੇ ਰੋਟੀ ਸੌਖੀ ਨਹੀਂ ਲੰਘਦੀ। ਭਾਵੇਂ ਕਈ ਵਾਰੀ ਉਹ ਪਰਿਵਾਰ ਤੋਂ ਡਰਦੀ ਚੁੱਪ ਕਰ ਜਾਂਵੇ ਪਰ ਫਿਰ ਵੀ ਦਿਮਾਗ ਦੀ ਸੂਈ ਤਾਂ ਉਥੇ ਹੀ ਰਹਿੰਦੀ ਹੈ।
ਹਾਲਤ ਬਾਪ ਦੀ ਵੀ ਕੋਈਂ ਵੱਖਰੀ ਨਹੀਂ ਹੁੰਦੀ। ਕਈ ਵਾਰੀ ਅੱਖਾਂ ਚੋ ਡਿੱਗਦੇ ਹੰਝੂ ਹਾਉਂਕਿਆਂ ਵਿੱਚ ਬਦਲ ਜਾਂਦੇ ਹਨ। ਚੱਲ ਛੱਡ ਯਾਰ ਉਹ ਆਪਣਾ ਭਵਿੱਖ ਬਣਾਉਣ ਗਏ ਹਨ। ਮਨ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕਰੀਦੀ ਹੈ। ਇੱਥੇ ਆਕੇ ਦਿਲ ਤੇ ਦਿਮਾਗ ਦਾ ਤਾਲਮੇਲ ਬਿਗੜ ਜਾਂਦਾ ਹੈ। ਭਾਵਨਾਵਾਂ ਜੋਰ ਪਕੜ ਲੈਂਦੀਆਂ ਹਨ। ਇਹ ਕੋਈਂ ਮੇਰੀ ਇਕੱਲੇ ਦੀ ਕਹਾਣੀ ਨਹੀਂ। ਬਹੁਤੀਆਂ ਮਾਵਾਂ ਦੀ ਕਹਾਣੀ ਹੈ। ਜੋ ਆਪਣੇ ਹੱਥ ਵਿੱਚ ਫੜ੍ਹੇ ਚਲਤ ਯੰਤਰ ਦੇ ਸਹਾਰੇ ਜਿੰਦਗੀ ਦੇ ਦਿਨ ਕੱਟਦੀਆਂ ਹਨ। ਪੋਤੇ ਪੋਤੀਆਂ ਦੀਆਂ ਕਿਲਕਾਰੀਆਂ, ਜੱਫੀਆਂ, ਪਾਰੀਆਂ ਤੇ ਉਹਨਾਂ ਦੇ ਡਾਂਸ ਦੀਆਂ ਵੀਡੀਓ ਵੇਖ ਵੇਖ ਕੇ ਦਿਲ ਨੂੰ ਧਰਵਾਸਾ ਦਿੰਦੀਆਂ ਹਨ। ਪ੍ਰਦੇਸ਼ੀ ਵੱਸਦੇ ਪੁੱਤਾਂ ਦੀਆਂ ਮਾਵਾਂ ਦੇ ਦਿਲ ਵਿੱਚ ਕਈ #ਸ਼ਿਵ ਸਮਾਏ ਹੁੰਦੇ ਹਨ। ਇਹਨਾਂ ਦੇ ਬਿਰਹਾ ਦੇ ਦਰਦ ਨੂੰ ਦੁਨੀਆ ਦੇ ਕਿਸੇ ਮੀਟਰ ਨਾਲ ਮਾਪਿਆ ਨਹੀਂ ਜਾ ਸਕਦਾ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
114ਸ਼ੀਸ਼ਮਹਿਲ