“ਡੈਡੀ ਜੀ ਵੀਜ਼ਾ ਆ ਗਿਆ।” ਫੋਨ ਤੇ ਗੱਲਾਂ ਕਰਦੇ ਹੋਏ ਬੇਟੇ ਨੇ ਮੈਨੂੰ ਦੱਸਿਆ। ਤੇ ਅਸੀਂ ਹੋਰ ਗੱਲਾਂ ਕਰਦੇ ਰਹੇ।ਸ਼ਾਇਦ ਉਸ ਦਿਨ ਉਹ ਆਪਣੇ ਸੁਸਰਾਲ ਗਿਆ ਹੋਇਆ ਸੀ ਬੱਚਿਆਂ ਨਾਲ। “ਬੇਟੀ ਗਗਨ ਨੇ ਥੋੜਾ ਗਿਲਾ ਜਿਹਾ ਕੀਤਾ ਤੇ ਕਿਹਾ, “ਪਾਪਾ ਨੇ ਵੀਜ਼ਾ ਲੱਗਣ ਦੀ ਵਧਾਈ ਨਹੀਂ ਦਿੱਤੀ।” ਉਸਦਾ ਗਿਲਾ ਜਾਇਜ਼ ਸੀ ਪਰ ਉਸ ਕਮਲੀ ਨੂੰ ਕੀ ਪਤਾ ਕਿ ਇੱਕ ਬਾਪ ਲਈ ਵੀਜ਼ਾ ਆਉਣ ਦੀ ਵਧਾਈ ਦੇਣੀ ਕਿੰਨੀ ਮੁਸ਼ਕਿਲ ਹੁੰਦੀ ਹੈ। ਉਹ ਅਜੇ ਔਲਾਦ ਹਨ ਮਾਪੇ ਨਹੀਂ ਬਣੇ। ਠੀਕ ਹੈ ਮਾਂ ਦਾ ਰੁਤਬਾ ਬਹੁਤ ਵੱਡਾ ਹੁੰਦਾ ਹੈ। ਪਰ ਬਾਪ ਦੇ ਵੀ ਦਿਲ ਹੁੰਦਾ ਹੈ। ਓਦੋਂ ਜਦੋਂ ਬੇਟੇ ਨੇ ਕੰਪਨੀ ਦੇ ਹੁਕਮਾਂ ਦੀ ਤਾਮੀਲ ਕਰਦੇ ਹੋਏ ਪਾਸਪੋਰਟ ਬਣਾਉਣ ਲਈ ਅਪਲਾਈ ਕਰ ਦਿੱਤਾ ਸੀ ਤੇ ਜਿਸ ਦਿਨ ਉਸਦਾ ਪਾਸਪੋਰਟ ਆਇਆ ਤਾਂ ਮੈਂ ਉਸਦੀ ਯੂਰੇਕਸ ਕਾਪੀ ਕੰਪਨੀ ਨੂੰ ਭੇਜਕੇ ਅਸਲੀ ਪਾਸਪੋਰਟ ਅਲਮਾਰੀ ਵਿੱਚ ਛੁਪਾ ਦਿੱਤਾ ਸੀ। ਕਿਉਂਕਿ ਮੈਨੂੰ ਆਹੀ ਡਰ ਸੀ। ਮੈਨੂੰ ਵੀਜ਼ੇ ਤੋਂ ਹੀ ਨਹੀਂ ਪਾਸਪੋਰਟ ਵਰਗੇ ਪਹਿਲੇ ਸਟੇਪ ਤੋਂ ਹੀ ਡਰ ਆਉਂਦਾ ਸੀ। ਇਸ ਵੀਜ਼ੇ ਦੀ ਗੱਲ ਤਾਂ ਸਿਰਫ ਦੋਸਤ ਦੇ ਵਿਆਹ ਤੇ ਜਾਣ ਲਈ ਹੀ ਚੱਲੀ ਸੀ। ਇਹ ਤਾਂ ਓਥੋਂ ਦੀ ਸਰਕਾਰ ਨੇ ਤਿੰਨ ਸਾਲ ਦਾ ਟੂਰਿਸਟ ਵੀਜ਼ਾ ਭੇਜ ਦਿੱਤਾ। ਚਲੋ ਜੀ ਸਬੱਬ ਨਾਲ ਸਬੱਬ ਬਣਦਾ ਗਿਆ। ਦਾਣਾ ਪਾਣੀ ਬਾਹਰ ਦਾ ਲਿਖਿਆ ਸੀ। ਕਿਸੇ ਦਾ ਕੀ ਜ਼ੋਰ। ਹੋਲੀ ਹੋਲੀ ਹੁੰਦੀ ਘੁਸਰ ਮੁਸਰ ਤਿਆਰੀ ਵਿੱਚ ਬਦਲ ਗਈ ਤੇ ਜਾਣ ਤੋਂ ਡੇਢ ਕੁ ਮਹੀਨਾ ਪਹਿਲਾਂ ਟਿਕਟਾਂ ਵੀ ਬੁੱਕ ਹੋ ਗਈਆਂ। ਦਿਨ ਨਿਕਲਦੇ ਪਤਾ ਨਾ ਲੱਗਿਆ ਕਿ ਪੈਕਿੰਗ ਸੂਟਕੇਸ ਭਰਨ ਦਾ ਸਮਾਂ ਆ ਗਿਆ। ਫਿਰ ਉਹ ਦਿਨ ਵੀ ਆ ਗਿਆ। ਜਿਸ ਦੀਆਂ ਫੋਟੋਆਂ ਲੋਕ ਅਕਸਰ ਸ਼ੋਸ਼ਲ ਮੀਡੀਆ ਤੇ ਪਾਉਂਦੇ ਹਨ। ਸੂਟ ਕੇਸਾਂ ਨਾਲ ਲੱਦੀਆਂ ਹਵਾਈ ਅੱਡੇ ਵਾਲੀਆਂ ਟਰਾਲੀਆਂ ਜਿਹੀਆਂ ਖਿੱਚਦੇ ਹੋਏ ਆਪਣੇ ਹੱਥ ਹਿਲਾਉਂਦੇ ਹੋਏ ਲੋਕ। ਹੁਣ ਉਹ ਕੁਝ ਹੁੰਦਾ, ਦੇਖਣ ਤੇ ਭੁਗਤਣ ਦੀ ਸਾਡੀ ਵਾਰੀ ਸੀ।
“ਬੱਚਿਆਂ ਦੇ ਭਵਿੱਖ ਦਾ ਮਸਲਾ ਹੈ। ਜੀ ਤੁਸੀਂ ਕਾਹਨੂੰ ਦਿਲ ਹੋਲਾ ਕਰਦੇ ਹੋ।” ਮੇਰੀ ਲਾਣੇਦਾਰਨੀ ਮੈਨੂੰ ਸਮਝਾਉਂਦੀ।
“ਉਹ ਨਵੀਂ ਜਿੰਦਗੀ ਸ਼ੁਰੂ ਕਰਨ ਜਾ ਰਹੇ ਹਨ। ਤੁਸੀਂ ਅੱਖਾਂ ਚੋ ਹੰਝੂ ਕੱਢ ਕੇ ਬੇਸ਼ਗੁਨੀ ਨਾ ਕਰੋ।” ਉਹ ਕਹਿੰਦੀ ਤੇ ਉਹ ਖੁਦ ਬਹਾਦਰ ਬਣਨ ਦੀ ਨੌਟੰਕੀ ਕਰਦੀ। ਹਾਲਾਂਕਿ ਮੈਨੂੰ ਪਤਾ ਸੀ ਉਹ ਪੋਤੀ ਬਿਨਾਂ ਬਿੰਦ ਨਹੀਂ ਰਹਿ ਸਕਦੀ। ਬਿਮਾਰੀ ਦੀ ਹਾਲਤ ਵਿੱਚ ਵੀ ਉਹ ਪੋਤੀ ਨੂੰ ਬਾਹਰ ਗਲੀ ਵਿੱਚ ਲ਼ੈ ਜਾਂਦੀ। ਜਦੋ ਉਸਦੇ ਗੋਡੇ ਦਰਦ ਕਰਦੇ ਤੇ ਉਹ ਤੁਰਨ ਵਿੱਚ ਅਸਮਰਥ ਹੁੰਦੀ ਤਾਂ ਵੀ ਉਹ ਪੋਤੀ ਦੀ ਉਂਗਲੀ ਫੜ੍ਹਕੇ ਬਾਹਰ ਚਲੀ ਜਾਂਦੀ। ਕਈ ਵਾਰੀ ਪੋਤੀ ਉਸਦੇ ਗੋਦੀ ਚੜ੍ਹਨ ਦੀ ਜਿੱਦ ਕਰਦੀ ਉਹ ਡਿੱਗਦੀ ਢਹਿੰਦੀ ਉਸ ਨੂੰ ਗੋਦੀ ਚੁੱਕਦੀ। ਉਸ ਨੂੰ ਸਾਰੇ ਲੜ੍ਹਦੇ ਪਰ ਪੋਤੀ ਦੇ ਪਿਆਰ ਦੀ ਮਸਤੀ ਵਿਚ ਉਹ ਸਭ ਕੁਝ ਦਰਕਿਨਾਰ ਕਰ ਦਿੰਦੀ। ਜਦੋਂ ਕਦੇ ਅੱਖਾਂ ਨੀਂਦ ਨਾਲ ਬੋਝਲ ਹੋ ਜਾਂਦੀਆਂ ਤਾਂ ਪੋਤੀ ਜਿੱਦ ਮੂਹਰੇ ਹਾਰਦੀ ਉਹ ਬਾਹਰ ਵੇਹੜੇ ਵਿੱਚ ਬੈਠ ਜਾਂਦੀ ਤੇ ਆਪਣੀ ਪੋਤੀ ਨੂੰ ਸਾਈਕਲ ਦੇ ਪੈਡਲ ਮਾਰਦੀ ਦੇਖਦੀ। “ਦਾਦੀ ਅੱਜ ਆਪਾਂ ਪੜ੍ਹਾਈ ਨਹੀਂ ਕੀਤੀ।” ਕਈ ਵਾਰੀ ਰਾਤ ਨੂੰ ਬਾਰਾਂ ਵਜੇ ਪੋਤੀ ਦਾਦੀ ਨੂੰ ਯਾਦ ਕਰਾਉਂਦੀ ਤੇ ਦਾਦੀ ਪੋਤੀ ਕਾਪੀ ਖੋਲ੍ਹਕੇ ਆਪਣਾ ਸਕੂਲ ਲਗਾ ਲੈਂਦੀਆਂ। ਇਸਤਰਾਂ ਉਹ ਏ ਫ਼ਾਰ ਐਪਲ ਤੋਂ ਸ਼ੁਰੂ ਕਰਕੇ ਟੂ ਜ਼ੀਰੋ ਟਵੰਟੀ ਤੇ ਪਹੁੰਚ ਜਾਂਦੀਆਂ। ਫਿਰ ਪੋਤੀ ਦਾਦੀ ਦੇ ਨਾਲ ਲੱਗਕੇ ਸੌਂ ਜਾਂਦੀ। ਸੁੱਤੀ ਨੂੰ ਉਸਦਾ ਡੈਡੀ ਚੁੱਕਕੇ ਆਪਣੇ ਕਮਰੇ ਵਿੱਚ ਲ਼ੈ ਜਾਂਦਾ ਕਿਉਂਕਿ ਉਸ ਬਿਨਾਂ ਓਹਨਾ ਨੂੰ ਨੀਂਦ ਨਹੀਂ ਸੀ ਆਉਂਦੀ। ਤੇ ਕਈ ਵਾਰੀ ਪੋਤੀ ਦਾਦੀ ਦਾ ਮੇਕਅਪ ਕਰਨਾ ਸ਼ੁਰੂ ਕਰ ਦਿੰਦੀ। ਪਰ ਸੌਣ ਦਾ ਨਾਮ ਨਾ ਲੈਂਦੀ। ਕੰਮ ਵਾਲੀ ਦੀ ਰੀਸੋ ਰੀਸ ਕਦੇ ਉਹ ਦਾਦੀ ਦੀ ਮਾਲਿਸ਼ ਕਰਦੀ ਤੇ ਕਦੇ ਵਾਲਾਂ ਤੇ ਤੇਲ ਝੱਸਦੀ। ਇਸ ਤਰਾਂ ਦਾਦੀ ਪੋਤੀ ਦਾ ਲਗਾਓ ਬਣਿਆ ਰਹਿੰਦਾ। ਹੁਣ ਜਿਹੜੀ ਦਾਦੀ ਪੋਤੀ ਨਾਲ ਇੰਨੀ ਪਿਆਰ ਕਰਦੀ ਸੀ ਅੰਦਰੋ ਦੁਖੀ ਤਾਂ ਹੁੰਦੀ ਹੋਵੇਗੀ। ਪਰ ਕਹਿੰਦੇ ਔਰਤ ਤਾਂ ਅੰਦਰ ਗਮ ਲ਼ੈਕੇ ਜਿਉਂਦੀ ਹੈ। ਉਹ ਦਾਦੀ ਬਣਕੇ ਹੌਸਲਾ ਦੇਣ ਦਾ ਨਾਟਕ ਕਰਦੀ ਰਹੀ। ਉਸ ਦਿਨ ਤਾਂ ਹੱਦ ਹੀ ਹੋ ਗਈ ਜਦੋਂ ਜਾਣ ਤੋਂ ਪਹਿਲੀ ਰਾਤ ਪੋਤੀ ਦਾਦੀ ਦੀ ਬੁੱਕਲ ਦਾ ਨਿੱਘ ਮਾਣਦੀ ਹੋਈ ਸਾਰੀ ਰਾਤ ਦਾਦੀ ਨਾਲ ਹੀ ਸੁੱਤੀ ਰਹੀ। ਅਗਲੇ ਦਿਨ ਇਹ ਖੁਸ਼ੀ ਦਾਦੀ ਦੇ ਚੇਹਰੇ ਤੋਂ ਝਲਕਦੀ ਸੀ।
ਖੈਰ ਉਹ ਦਿਨ ਤੇ ਉਹ ਸਮਾਂ ਵੀ ਆ ਗਿਆ ਜਦੋਂ ਦਿੱਲੀ ਤਿੰਨ ਨੰਬਰ ਟਰਮੀਨਲ ਦੇ ਛੇ ਨੰਬਰ ਗੇਟ ਰਾਹੀਂ ਆਪਣੇ ਸਮਾਨ ਵਾਲੀ ਟਰਾਲੀ ਨੂੰ ਧੱਕਦੇ ਹੋਏ ਉਹ ਬਾਹਰੋਂ ਖ਼ੁਸ਼ ਅਤੇ ਅੰਦਰੋਂ ਭਰੇ ਮਨ ਨਾਲ ਆਪਣੀ ਉਡਾਣ ਲਈ ਅੰਦਰ ਚਲੇ ਗਏ। ਪਰਮਾਤਮਾ ਇਹਨਾਂ ਦੀ ਮਿਹਨਤ ਤਿਆਗ ਤੇ ਸਿਦਕ ਨੂੰ ਫਲ ਦੇਵੇ। ਕਾਮਜਾਬੀ ਬਖਸ਼ੇ ਆਪਣੇ ਇਹ ਆਪਣੇ ਮਿਸ਼ਨ ਨੂੰ ਸਫਲਤਾ ਨਾਲ ਨੇਪੜੇ ਚਾੜ ਸਕਣ।
ਛੋਟੇ ਹੁੰਦੇ ਗਲੀ ਵਿੱਚ ਚਲਦਾ ਫਿਰਦਾ ਸਿਨੇਮਾ ਵਿਖਾਉਣ ਵਾਲਾ ਆਉਂਦਾ ਹੁੰਦਾ ਸੀ। ਸ਼ਾਇਦ ਬਾਈਸਕੋਪ ਕਹਿੰਦੇ ਸਨ। ਬਾਰਾਂ ਮਣ ਦੀ ਧੋਬਣ, ਆਗਰੇ ਦਾ ਤਾਜ ਮਹਿਲ ਤੇ ਦਿੱਲੀ ਦਾ ਕੁਤਮ ਮੀਨਾਰ ਵਿਖਾਉਂਦਾ ਹੁੰਦਾ ਸੀ। ਤੇ ਅਸੀਂ ਮੁੱਠ ਦਾਣਿਆਂ ਦੀ ਦੇਕੇ ਇਹ ਸਭ ਵੇਖਦੇ। ਤੇ ਹੁਣ ਹੱਥ ਫੜ੍ਹੇ ਯੰਤਰ ਰਾਹੀਂ ਆਪਣਿਆਂ ਨੂੰ ਤੁਰਦੇ ਫਿਰਦੇ ਤੇ ਗੱਲਾਂ ਕਰਦੇ ਵੇਖਦੇ ਹਾਂ। ਖੁਸ਼ੀ ਦਾ ਕੋਈਂ ਠਿਕਾਣਾ ਨਹੀਂ ਰਹਿੰਦਾ ਜਦੋਂ ਦਿਨ ਵਿੱਚ ਇੱਕ ਵਾਰੀ ਗੁਡ ਮੋਰਨਿੰਗ ਪਾਪਾ ਦੀ ਆਵਾਜ਼ ਸੱਤ ਸਮੁੰਦਰੋਂ ਪਾਰ ਤੋਂ ਸੁਣਾਈ ਦਿੰਦੀ ਹੈ ਤੇ ਦਿਨ ਤੀਆਂ ਵਾੰਗੂ ਨਿਕਲ ਜਾਂਦਾ ਹੈ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ