1982-83 ਦੀ ਗੱਲ ਹੈ, ਮੈਂ ਡੀ ਏ ਵੀ ਕਾਲਜ ਹੁਸ਼ਿਆਰਪੁਰ ਨੌਨ ਮੈਡੀਕਲ ਦੀ ਪੜ੍ਹਾਈ ਕਰ ਰਿਹਾ ਸੀ। ਸ਼ੰਕਰ ਸਾਹਨੀ (ਗਾਇਕ) ਵੀ ਮੇਰੀ ਕਲਾਸ ਵਿੱਚ ਸੀ ਉਸ ਵੇਲੇ ਨਵਾਂ ਨਵਾਂ ਗਾਇਕੀ ਵਿੱਚ ਪੈਰ ਰੱਖਿਆ ਸੀ।
ਉਸ ਸਾਲ ਪੰਜਾਬ ਯੂਨੀਵਰਸਿਟੀ ਵਿੱਚ ਹੋਏ ਖੇਡ/ਸਭਿਆਚਾਰਕ ਮੁਕਾਬਲਿਆਂ ਵਿੱਚ ਸਾਡੇ ਕਾਲਜ ਨੇ ਖੂਬ ਨਾਮ ਖੱਟਿਆ ਸੀ। ਇਸ ਦੇ ਸੰਬੰਧ ਵਿੱਚ ਕਾਲਜ ਦੀ ਗਰਾਉਂਡ ਵਿੱਚ ਇਕ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਵਖ ਵਖ ਲੋਕਾਂ ਵਲੋਂ ਵਧਾਈ ਸੰਦੇਸ਼ ਪੜੇ ਗਏ ਅਤੇ ਸ਼ੰਕਰ ਸਾਹਨੀ ਨੇ ਵੀ ਇਕ ਦੋ ਗੀਤ ਗਾਏ (ਮਛਲੀ ਵਗੈਰਾਹ)। ਫਿਰ ਮੁੱਖ ਮਹਿਮਾਨ ਚੌਧਰੀ ਬਲਵੀਰ ਸਿੰਘ ਜੀ ਵੀ ਆ ਗਏ, ਜੋ ਕਿ ਬਹੁਤ ਖੁਸ਼ ਲਗ ਰਹੇ ਸਨ। ਉਨਾਂ ਦਾ ਮੂਡ ਦੇਖਕੇ ਸ਼ੰਕਰ ਸਾਹਨੀ ਨੇ ਮੰਗ ਕੀਤੀ ਕਿ ਵਿਦਿਆਰਥੀ ਕਾਲਜ ਵਿੱਚ ਕਲ ਦੀ ਛੁੱਟੀ ਚਾਹੁੰਦੇ ਹਨ ਜਿਸ ਲਈ ਚੌਧਰੀ ਬਲਵੀਰ ਸਿੰਘ ਜੀ ਨੇ ਸਿਧਾ ਹਾਂ ਕਰ ਦਿੱਤੀ ਕਿ ਕਲ ਕਾਲਜ ਬੰਦ ਰਹੇਗਾ।
ਫਿਰ ਮੰਗ ਕਰਨ ਵਾਲਿਆਂ ਨੇ ਇਕ ਕਦਮ ਹੋਰ ਅੱਗੇ ਵਧਾਇਆ ਕਿ ਦੋ ਛੁੱਟੀਆਂ ਹੋਣੀਆਂ ਚਾਹੀਦੀਆਂ ਹਨ ਜਿਸ ਲਈ ਮੁੱਖ ਮਹਿਮਾਨ ਨੇ ਪ੍ਰਿੰਸੀਪਲ ਰਾਜ ਕੁਮਾਰ ਜੀ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਹਾਂ ਕਰ ਦਿੱਤੀ, ਹੁਣ ਮੰਗ ਕਰਨ ਵਾਲਿਆਂ ਦਾ ਹੌਸਲਾ ਸੱਤਵੇਂ ਅਸਮਾਨ ਤੇ ਸੀ ਅਤੇ ਉਨਾਂ ਨੇ ਤਿੰਨ ਦਿਨ ਕਾਲਜ ਬੰਦ ਰੱਖਣ ਦੀ ਮੰਗ ਕਰ ਦਿੱਤੀ ਜਿਸਨੂੰ ਸੁਣਦੇ ਸਾਰ ਹੀ ਚੌਧਰੀ ਬਲਵੀਰ ਸਿੰਘ (ਧਾਕੜ ਨੇਤਾ) ਜੀ ਹਾਕੀ ਫੜਕੇ ਸਟੇਜ ਤੋਂ ਹੇਠਾਂ ਉਤਰ ਆਏ ਅਤੇ ਬੋਲੇ ਕਿ ਆਉ ਕਿਸ ਕਿਸਨੂੰ ਤਿੰਨ ਛੁੱਟੀਆਂ ਚਾਹੀਦੀਆਂ ਹਨ ਉਸਨੂੰ ਹੁਣੇ ਹੀ ਛੁੱਟੀ ਦੇ ਦਿੰਦਾ ਹਾਂ।
ਫਿਰ ਬੜੀ ਮੁਸ਼ਕਿਲ ਨਾਲ ਕਾਲਜ ਸਟਾਫ ਅਤੇ ਸੀਨੀਅਰ ਵਿਦਿਆਰਥੀਆਂ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਚੌਧਰੀ ਬਲਵੀਰ ਸਿੰਘ ਜੀ ਉਸ ਸਮੇਂ ਦੇ ਹਰਮਨ ਪਿਆਰੇ ਨੇਤਾ ਸਨ ਜੋ ਪੂਰੇ ਹੁਸ਼ਿਆਰਪੁਰ ਸ਼ਹਿਰ ਵਿੱਚ ਉਸ ਸਮੇਂ ਲੂਨਾ/ਟੀਵੀਐਸ ਸਕੂਟੀ ਤੇ ਅਕਸਰ ਹੀ ਘੁੰਮਦੇ ਦੇਖੇ ਜਾਂਦੇ ਸਨ।
ਮਨਜੀਤ ਸਿੰਘ ਅਜਨੋਹਾ-8902162685