ਸਰ, ਮੈਂ ਏਨੀ ਦੁਖੀ ਹਾਂ ਕਿ ਮਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ!” ਸੁਮਨ ਨੇ ‘ਸਤਿ ਸ੍ਰੀ ਅਕਾਲ’ ਸਾਂਝੀ ਕਰਨ ਤੋਂ ਤੁਰੰਤ ਬਾਅਦ ਸਿੱਧਾ ਇਹੀ ਕਿਹਾ।
ਜਦੋਂ ਵੀ ਕੋਈ ਮਰਨ ਦੀ ਗੱਲ ਕਰਦਾ ਹੈ ਤਾਂ ਕਿਸੇ ਨੂੰ ਵੀ ਚਿੰਤਾ ਹੋਣੀ ਸੁਭਾਵਿਕ ਹੈ। ਪ੍ਰਮਾਤਮਾ ਦੀ ਬਖ਼ਸ਼ੀ ਖੂਬਸੂਰਤ ਜ਼ਿੰਦਗੀ ਨੂੰ ਕੋਈ ਵੀ ਉਂਝ ਹੀ ਤਾਂ ਅਜਾਈਂ ਨਹੀਂ ਗੁਆਉਣਾ ਚਾਹੁੰਦਾ। ਉਹ ਬਹੁਤ ਖਾਸ ਪਲ ਹੁੰਦੇ ਹਨ, ਜਦੋਂ ਕਿ ਕੋਈ ਅਜਿਹਾ ਭਿਆਨਕ ਫੈਸਲਾ ਲੈਂਦਾ ਹੈ ਜਾਂ ਇਸ ਬਾਰੇ ਸੋਚਦਾ ਹੈ। ਉਹ ਅਸਲ ‘ਚ ਮਰਨਾ ਨਹੀਂ ਚਾਹੁੰਦਾ, ਉਹ ਤਾਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਚਾਹੁੰਦਾ ਹੈ। ਪਰ ਉਹ ਆਪਣੇ ਹਾਲਾਤ ਜਾਂ ਵਿਚਾਰਾਂ ਦੀ ਅਜਿਹੀ ਘੁੰਮਣਘੇਰੀ ‘ਚ ਫਸ ਜਾਂਦਾ ਹੈ ਕਿ ਦੁਨੀਆਂ ਤੋਂ ਵਿਦਾ ਹੋ ਜਾਣਾ ਉਸਨੂੰ ਆਪਣੀਆਂ ਸਭ ਮੁਸ਼ਕਿਲਾਂ ਦਾ ਸੌਖਾ ਹੱਲ ਜਾਪਦਾ ਹੈ।
ਕੀ ਸਮੱਸਿਆਵਾਂ ਜਾਂ ਹਾਲਾਤ ਸੱਚਮੁੱਚ ਇੰਨੇ ਬੇਕਾਬੂ ਹੁੰਦੇ ਹਨ ਕਿ ਮੌਤ ਤੋਂ ਬਿਨਾਂ ਉਸਦਾ ਹੋਰ ਕੋਈ ਵੀ ਹੱਲ ਨਹੀਂ ਹੁੰਦਾ? ਸ਼ਾਇਦ ਨਹੀਂ! ਜੇਕਰ ਅਜਿਹਾ ਹੁੰਦਾ ਤਾਂ ਮੈਂ ਹੁਣ ਤੱਕ ਡੇਢ ਦਰਜਨ ਤੋਂ ਵਧੇਰੇ ਅਜਿਹੇ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ‘ਚ ਮੱਦਦ ਕਿਵੇਂ ਕਰ ਸਕਦਾ? ਅਸਲ ‘ਚ ਉਸ ਸਮੇਂ ਉਹਨਾਂ ਨੂੰ ਸੁਣਨ ਤੇ ਸਹੀ ਰਸਤਾ ਵਿਖਾਉਣ ਦੀ ਲੋੜ ਹੁੰਦੀ ਹੈ।
ਸੁਮਨ ਚੰਗੀ ਪੜ੍ਹੀ ਲਿਖੀ ਹੈ। ਲੰਬੇ ਸਮੇਂ ਤੋਂ ਆਸਟ੍ਰੇਲੀਆ ਵਿਚ ਹੈ ਪਰ ਅਜੇ ਤੱਕ ਪੱਕੇ ਨਹੀਂ ਹੋ ਸਕੀ। ਪਰਿਵਾਰ ‘ਚ ਬੱਚੇ ਤੇ ਚੌਵੀ ਘੰਟੇ ਕਲੇਸ਼ ਕਰਨ ਤੇ ਧਮਕਾਉਣ ਵਾਲਾ ਪਤੀ ਵੀ ਹੈ। ਰਾਜ ਸਰੀਰਕ ਤੌਰ ‘ਤੇ ਬਿਮਾਰ ਹੋ ਗਿਆ ਪਰ ਦਿਮਾਗ਼ੀ ਤੌਰ ‘ਤੇ ਪੂਰਾ ਸ਼ਾਤਿਰ ਹੈ। ਸ਼ਾਤਿਰ ਸਮਝਦੇ ਹੋ ਨਾ ਕੀ ਹੁੰਦਾ ਹੈ? ਰਾਜ ਨੇ ਆਪਣੀ ਬਿਮਾਰੀ ਦਾ ਸਹਾਰਾ ਲਿਆ, “ਮੇਰੀ ਬਿਮਾਰੀ ਕਰਕੇ ਆਪਣੀ ਪੀ. ਆਰ. ਨਹੀਂ ਆਵੇਗੀ। ਬੱਚਿਆਂ ਦੇ ਭਵਿੱਖ ਲਈ ਆਪਾਂ ਨੂੰ ਤਲਾਕ ਲੈ ਲੈਣਾ ਚਾਹੀਦਾ ਹੈ!” ਸੁਮਨ, ਵਿਚਾਰੀ ਭੋਲ਼ੀ-ਭਾਲ਼ੀ ਬੀਬੀ ਰਾਣੀ, ਬੱਚਿਆਂ ਦੇ ਭਵਿੱਖ ਨੂੰ ਵੇਖਦਿਆਂ ਇਹ ਅੱਕ ਚੱਬ ਬੈਠੀ। ਤਲਾਕ ਕਾਹਦਾ ਮੰਜ਼ੂਰ ਹੋਇਆ ਕਿ ਰਾਜ ਦੀਆਂ ਅੱਖਾਂ ਹੀ ਬਦਲ ਗਈਆਂ।
ਰਾਜ ਨੇ ਲੋਕਾਂ ‘ਚ ਭੰਡੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, “ਮੈਂ ਬਿਮਾਰ ਹੋ ਗਿਆ ਹਾਂ, ਇਸ ਲਈ ਮੈਨੂੰ ਘਰ ਵਾਲੀ ਨੇ ਤਲਾਕ ਦੇ ਦਿੱਤਾ। ਇਹ ਮਾਨਸਿਕ ਤੌਰ ‘ਤੇ ਬਿਮਾਰ ਹੋਈ ਪਈ ਹੈ। ਇਸ ਲਈ ਮੈਂ ਬਹੁਤ ਦੁਖੀ ਹਾਂ!” ਉਸ ਨੇ ਘਰੇ ਸੁਮਨ ਨੂੰ ਧਮਕਾ ਕੇ ਰੱਖਿਆ ਹੋਇਆ ਹੈ ਤੇ ਖ਼ੁਦ ਲੋਕਾਂ ‘ਚ ਵਿਚਾਰਾ ਬਣਿਆ ਹੋਇਆ ਹੈ। ਸੁਮਨ ਜਦੋਂ ਆਪਣੇ ਪੇਕਿਆਂ ਨੂੰ ਚੱਤੋ ਪਹਿਰ ਕੁੱਤੇ ਖਾਣੀ ਹੋਣ ਬਾਰੇ ਦੱਸਦੀ ਤਾਂ ਪੇਕੇ ਕਹਿੰਦੇ ਕਿ ਜਿਵੇਂ ਮਰਜ਼ੀ ਕਰ, ਆਪਣਾ ਘਰ ਬਚਾ।
ਰਾਜ ਬੇਸ਼ੱਕ ਬਹੁਤ ਜ਼ਿਆਦਾ ਬਿਮਾਰ ਹੈ, ਪਰ ਇਸੇ ਬਿਮਾਰੀ ਦਾ ਸਹਾਰਾ ਲੈ ਕੇ ਉਸਨੇ ‘ਟਾਂਕਾ’ ਭਿੜਾ ਰੱਖਿਆ ਹੈ। ਜਦੋਂ ਸੁਮਨ ਨੇ ‘ਦੂਜੀ’ ਕੋਲ ਰਾਜ ਦਾ ਖਹਿੜਾ ਛੱਡਣ ਲਈ ਮਿੰਨਤ ਕੀਤੀ ਤਾਂ ਉਸਨੇ ਅੱਗੋਂ ਸਾਰੀ ਕਸਰ ਕੱਢ ਦਿੱਤੀ, “ਸਾਨੂੰ ਤੇਰਾ ਪਤਾ ਹੈ ਕਿ ਤੂੰ ਉਸ ਵਿਚਾਰੇ ਦੇ ਬਿਮਾਰ ਹੋਣ ਕਰਕੇ ਤਲਾਕ ਲੈ ਲਿਆ ਹੈ!” ਉਸਨੇ ਸੁਮਨ ਦੀ ਇੱਕ ਇੱਕ ਮਿੰਨਤ ਦਾ ਲੱਖ ਲੱਖ ਲਾਹਣਤਾਂ ਨਾਲ ਜੁਆਬ ਦਿੱਤਾ।
ਮੈਨੂੰ ਇਸ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਸੁਮਨ ਕੋਲ ਮੇਰਾ ਸੁਆਲ ਸੀ ਕਿ “ਘਰ ਹੈ ਹੀ ਕਿੱਥੇ, ਜੋ ਬਚਾਉਣਾ ਹੈ?” ਉਸਨੂੰ ਮੇਰੀ ਗੱਲ ਦੀ ਸਮਝ ਹੀ ਨਾ ਆਈ ਕਿ ਮੇਰੇ ਸੁਆਲ ਦਾ ਭਾਵ ਕੀ ਹੈ? ਉਹ ਆਪਣੀ ਵਿਆਹੁਤਾ ਜ਼ਿੰਦਗੀ ਬਚਾਉਣ ‘ਚ ਮੱਦਦ ਕਰਨ ਲਈ ਕਹਿ ਰਹੀ ਸੀ। ਵਾਰ ਵਾਰ ਉਹੀ ਗੱਲ ਦੁਹਰਾ ਰਹੀ ਸੀ ਕਿ ਮੈਂ ਬੱਚਿਆਂ ਦੇ ਭਵਿੱਖ ਲਈ ਇਹ ਕਦਮ ਚੁੱਕਿਆ ਹੈ। ਅਸਲ ‘ਚ ਤਲਾਕ ਨਹੀਂ ਹੋਇਆ।
ਜੋ ਪੈਸਾ ਸੀ, ਰਾਜ ਹਜ਼ਮ ਕਰ ਗਿਆ। ਮੈਂ ਜਾਣਦਾ ਸੀ ਕਿ ਹੁਣ ਸੁਮਨ ਦੇ ਪੱਲੇ ਕੁਝ ਵੀ ਨਹੀਂ ਸੀ। ਉਸਦੇ ਹਾਲਾਤ ਵੱਸੋਂ ਬਾਹਰ ਸਨ ਪਰ ਮੈਂ ਚਾਂਸ ਲੈਣ ਦਾ ਫੈਸਲਾ ਕੀਤਾ ਤੇ ਉਸਦੀ ਕੌਂਸਲਿੰਗ ਕੀਤੀ। ਉਸ ਅੰਦਰ ਜ਼ਿੰਦਗੀ ਨਾਲ ਡਟ ਕੇ ਲੜਨ ਦਾ ਹੌਸਲਾ ਪੈਦਾ ਕੀਤਾ। ਤਿੰਨ ਕੁ ਹਫ਼ਤੇ ਉਸਨੇ ਰਿਲੈਕਸੋ ਹਿਪਨੋਸਿਸ ਐਪ ਵਿਚੋਂ “ਸੈਸ਼ਨ” ਲਏ। ਮੈਂ ਕਿਸੇ ਦੇ ਹਾਲਾਤ ਨਹੀਂ ਬਦਲ ਸਕਦਾ ਪਰ ਹਾਲਾਤ ਦਾ ਮੁਕਾਬਲਾ ਕਰਨ ਲਈ ਉਸਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰ ਸਕਦਾ ਹਾਂ।
ਅੱਜ ਸੁਮਨ ਦਾ ਫੋਨ ਆਇਆ। ਉਹ ਕਾਫ਼ੀ ਹੌਸਲੇ ‘ਚ ਜਾਪ ਰਹੀ ਸੀ। ਉਸਦੀ ਆਵਾਜ਼ ਬਦਲੀ ਹੋਈ ਸੀ। ਉਸਨੇ ਸ਼ਾਂਤ ਮਨ ਨਾਲ ਕਈ ਦਿਨ ਵਿਚਾਰ ਕੀਤੀ ਤਾਂ ਰਾਜ ਦੁਆਰਾ ਬੀਤੇ ਸਮੇਂ ਦੌਰਾਨ ‘ਪਲਾਨ ਕਰਕੇ’ ਪੈਦਾ ਕੀਤੇ ਹਾਲਾਤ ਦੀ ਸਾਰੀ ਕਹਾਣੀ ਉਸਨੂੰ ਸਮਝ ਲੱਗ ਗਈ ਹੈ। ਹੁਣ ਉਹ ਹਾਲਾਤ ਦਾ ਮੁਕਾਬਲਾ ਕਰਨ ਲਈ ਤਿਆਰ ਹੋ ਚੁੱਕੀ ਹੈ। ਉਸਨੇ ਵਾਰ ਵਾਰ ਮੇਰਾ ਧੰਨਵਾਦ ਕੀਤਾ ਤੇ ਮੈਂ ਮਨ ਹੀ ਮਨ ਦਾਤਾਰ ਦਾ ਸ਼ੁਕਰਾਨਾ ਕਰ ਰਿਹਾ ਸੀ, ਜੋ ਮੈਨੂੰ ਦੂਜਿਆਂ ਦਾ ਦਰਦ ਸਮਝਣ ਤੇ ਉਸਦੇ ਹੱਲ ‘ਚ ਮੱਦਦ ਕਰਨ ਦੀ ਸੋਝੀ ਤੇ ਬਲ ਬਖ਼ਸ਼ਦਾ ਹੈ। ਫੋਨ ਕੱਟਣ ਵੇਲੇ ਉਸਦੇ ਬੋਲ ਸਨ ਕਿ “ਸਰ! ਮੇਰੀ ਜ਼ਿੰਦਗੀ ਬਚਾਉਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ!” ਉਸਦੇ ਇਹ ਬੋਲ ਮੈਂ ਨਾਲ ਦੀ ਨਾਲ ਪ੍ਰਮਾਤਮਾ ਦੇ ਦਰ ‘ਤੇ ਅਰਪਣ ਕਰ ਦਿੱਤੇ!
ਉਸਨੇ ਇਹ ਵੀ ਕਿਹਾ ਕਿ ਮੇਰੀ ਕਹਾਣੀ ਲਿਖ ਕੇ ਜ਼ਰੂਰ ਪੋਸਟ ਕਰਿਓ ਤਾਂ ਜੋ ਕੋਈ ਹੋਰ ‘ਅੰਨ੍ਹਾ ਭਰੋਸਾ’ ਕਰਕੇ ਤਲਾਕ ਦੇ ਕਾਗ਼ਜ਼ਾਂ ‘ਤੇ ਦਸਤਖ਼ਤ ਨਾ ਕਰ ਬੈਠੇ।
ਲੈ ਬੀਬੀਏ ਰਾਣੀਏ! ਤੇਰੀ ਇੱਛਾ ਮੁਤਾਬਿਕ ਲਿਖ ਦਿੱਤਾ ਹੈ ਪਰ ਇਹ ਸੇਰ ‘ਚੋਂ ਸਿਰਫ਼ ਪੂਣੀ ਹੀ ਕੱਤੀ ਹੈ। ਜੇਕਰ ਕਿਸੇ ਨੂੰ ਤੇਰੇ ਦਰਦ ਦਾ ਅਹਿਸਾਸ ਹੋਣਾ ਹੋਇਆ ਤਾਂ ਇਸੇ ਪੋਸਟ ਵਿਚੋਂ ਹੋ ਜਾਵੇਗਾ। ਜੇ ਇਹ ਪੜ੍ਹ ਕੇ ਕਿਸੇ ਨੂੰ ਹੌਸਲਾ ਮਿਲੇ, ਕਿਸੇ ਨੂੰ ਰਸਤਾ ਨਜ਼ਰ ਆਵੇ ਜਾਂ ਕਿਸੇ ਦੀ ਜ਼ਿੰਦਗੀ ਬਚ ਸਕਦੀ ਹੋਵੇ ਤਾਂ ਉਹਨਾਂ ਵੱਲੋਂ ਕੀਤੀਆਂ ਦੁਆਵਾਂ ਤੇ ਅਸੀਸਾਂ ਤੈਨੂੰ ਭੇਜਦਾ ਹਾਂ!
– ਰਿਸ਼ੀ (2020)