ਉਹ ਦਿਨ ਤਾਂ ਅੱਜ ਵੀ ਯਾਦ ਐ—–
ਗੱਲ ਜੁਲਾਈ 1986 ਦੀ ਹੈ। ਜਿਵੇਂ ਕਿ ਬਾਹਰ ਜਾਣ ਦਾ ਕੀੜਾ ਹਰ ਇੱਕ ਦੇ ਦਿਮਾਗ ਵਿੱਚ ਹੁੰਦਾ ਹੈ, ਮੇਰੇ ਵੀ ਸੀ। ਮੈਂ ਵੀ ਸੋਚਦਾ ਸਾਂ, ਬਾਹਰ ਤਾਂ ਨੋਟ ਦਰੱਖਤਾਂ ਤੇ ਲੱਗਦੇ ਹਨ। ਮੈਂ ਤੋੜ ਤੋੜ ਕੇ ਬੋਰੀ ਭਰੀ ਤੇ ਬਾਪੂ ਹੋਰਾਂ ਵੱਲ ਤੋਰ ਦਿਆ ਕਰਨੀ।
ਬੰਬਈ ਸ਼ਹਿਰ ਦੇ ਸਹਾਰਾ ਹਵਾਈ ਅੱਡੇ ਤੋਂ ਅਸੀਂ ਬਹਿਰੀਨ ਜਾਣਾ ਸੀ। ਸਾਡੇ ਕੋਲ ਪੀ ਆਈ ਏ ਦੀਆਂ ਟਿਕਟਾਂ ਸਨ। ਬੰਬਈ ਤੋਂ ਅਸੀਂ ਕਰਾਚੀ ਪਹੁੰਚ ਗਏ। ਕਰਾਚੀ ਵਿੱਚ ਸਾਡੀ ਮਾਮੂਲੀ ਜਿਹੀ ਸਟੇਅ ਸੀ ਕੁੱਲ ਗਿਆਰਾਂ ਕੁ ਘੰਟੇ ਦੀ। ਏਅਰਪੋਰਟ ਤੋਂ ਚੈਕਿੰਗ ਬਾਦ ਸਾਨੂੰ ਵੈਨ ਵਿਚ ਠੂਸ ਕੇ ਬਾਹਰ ਹੋਟਲ ਵਿੱਚ ਸਤਿਕਾਰ ਸਹਿਤ ਸੁੱਟ ਆਏ।
ਹੋਟਲ ਦਾ ਮਾਹੌਲ ਸੋਹਣਾ ਸੀ। ਏਅਰ ਕੰਡੀਸਨਡ ਕਮਰੇ। ਸਵਿੰਮਇੰਗ ਪੂਲ ਵੀ ਸੀ। ਸਾਫ਼ ਸਫ਼ਾਈ ਦਾ ਵੀ ਵਧੀਆ ਪ੍ਰਬੰਧ ਕੀਤਾ ਹੋਇਆ ਸੀ। ਮੇਰੇ ਨਾਲ ਦੋ ਮੁੰਡੇ ਹੋਰ ਸਨ ਨੇੜਲੇ ਪਿੰਡਾਂ ਤੋਂ। ਇੱਕ ਤਾਂ ਥੋੜ੍ਹਾ ਹੁਸ਼ਿਆਰ ਸੀ ਤੇ ਦੂਜਾ ਤਾਂ ਬਿਲਕੁਲ ਦੇਸੀ ਖੱਦਰ ਸੀ। ਹੋਟਲ ਤੇ ਦੁਪਹਿਰ ਦਾ ਖਾਣਾ ਖਾਣ ਲਈ ਗਏ ਸਾਂ। ਜਾਂ ਕੇ ਕੁਰਸੀਆਂ ਤੇ ਜੱਚ ਗਏ। ਕਿਸੇ ਨੇ ਨਈਂ ਪੁੱਛਿਆ। ਬੈਠੇ ਰਹੇ। ਹੋਟਲ ਦੇ ਕਰਮਚਾਰੀ ਪੰਜਾਬੀ ਜਾਣਦੇ ਸਨ। ਉਨ੍ਹਾਂ ਨੇ ਸਾਡੇ ਤੇ ਤਰਸ ਕਰਕੇ ਆਪ ਹੀ ਦੱਸਿਆ, ਸਰਦਾਰ ਜੀ, ਇਹ ਸ਼ੈਲਫ਼ ਸਰਵਿਸ ਹੋਟਲ ਹੈ। ਸਾਈਡ ਵਾਲੇ ਦੋ ਪਤੀਲੇ ਛੱਡ ਕੇ ਤੁਸੀ ਕੁਛ ਵੀ ਚੁੱਕ ਕੇ ਖਾ ਸਕਦੇ ਹੋ। ਅਸੀਂ ਆਪਣੀ ਲੋੜ ਮੁਤਾਬਿਕ ਖਾਣਾ ਖਾ ਲਿਆ।
ਕਾਫੀ ਹਨੇਰਾ ਹੋ ਗਿਆ ਸੀ। ਸਾਨੂੰ ਫਿਰ ਜਹਾਜ਼ ਤੇ ਚਾੜ ਦਿੱਤਾ ਗਿਆ। ਹੁਣ ਸਾਡਾ ਜਹਾਜ਼ ਬਹਿਰੀਨ ਹੀ ਲੈਂਡ ਹੋਣਾ ਸੀ। ਜਹਾਜ਼ ਵਿੱਚ ਏਸੀ ਹੋਣ ਕਰਕੇ ਬੜੀ ਠੰਡ ਮਹਿਸੂਸ ਹੋ ਰਹੀ ਸੀ। ਆਖਰ ਅਸੀਂ ਬਹਿਰੀਨ ਉੱਤਰ ਗਏ। ਉੱਥੇ ਵੀ ਹਰ ਪਾਸੇ ਏਸੀ ਹੋਣ ਕਰਕੇ ਠੰਡ ਮਹਿਸੂਸ ਹੋਵੇ। ਦੇਸੀ ਖੱਦਰ ਕਹਿਣ ਲੱਗਾ, ਯਾਰ ਮੁਲਕ ਤਾਂ ਠੰਡਾ ਲੱਗਦਾ ਹੈ। ਮੈਂ ਵੀ ਹਾਂ ਵਿਚ ਸਿਰ ਹਿਲਾ ਦਿੱਤਾ। ਉੱਥੋਂ ਸਾਨੂੰ ਸਾਡੇ ਏਜੰਟ ਦਾ ਬੰਦਾ ਗੱਡੀ ਚ ਲ਼ੈ ਗਿਆ। ਗੱਡੀ ‘ਚ ਵੀ ਏਸੀ। ਗੱਡੀ ਵੀ ਠੰਡੀ। ਰਾਤ ਨੂੰ ਕਮਰੇ ਵੀ ਠੰਡੇ। ਲੱਗਦਾ ਸੀ ਸਵਰਗ ਵਿਚ ਪਹੁੰਚ ਗਏ ਹਾਂ।
(ਦੋਸਤੋ ਇਸ ਤੋਂ ਪਹਿਲਾਂ ਅਸੀਂ ਏਸੀ ਬਾਰੇ ਕੁੱਝ ਵੀ ਨਹੀਂ ਜਾਣਦੇ ਸਾਂ।)
ਅਗਲੀ ਸਵੇਰ ਕੰਪਨੀ ,ਜਿਸ ਨਾਲ ਸਾਡਾ ਐਗਰੀਮੈਂਟ ਸੀ, ਵਿੱਚ ਪਹੁੰਚ ਗਏ। ਉੱਥੇ ਵੀ ਕਮਰੇ ਏਸੀ ਵਾਲੇ ਸਨ।
ਅਗਲੇ ਦਿਨ ਪਤਾ ਲੱਗਿਆ ਕਿ ਮੁਲਕ ਕਿੰਨਾ ਕੁ ਠੰਡਾ ਹੈ। ਸਵੇਰ ਦੇ ਨੌਂ ਕੁ ਵਜੇ ਹੀ ਮੂੜ੍ਹਕੇ ਨੇ ਸਾਡੇ ਬੂਟ ਤਰ ਕਰ ਦਿੱਤੇ।
ਪਹਿਲਾਂ ਦਿਨ , ਹੱਥਾਂ ਚ ਬੇਲਚੇ ਅਤੇ ਗੈਨਤੀਆਂ। ਅੰਦਰੋਂ ਬੜੀ ਤਕਲੀਫ। ਸਾਡੇ ਤੋਂ ਸੀਨੀਅਰ ਵਰਕਰਾਂ ਨੇ ਪੈਪਸੀ ਟਾਈਮ ਤੇ ਸਾਡੇ ਲਈ ਪੈਪਸੀਆਂ ਮੰਗਵਾ ਦਿੱਤੀਆਂ। ਦੇਸੀ ਖੱਦਰ ਬਿਲਕੁਲ ਮੁਰਝਾਇਆ ਖੜ੍ਹਾ ਸੀ। ਔਖਾ ਤਾਂ ਵੀ ਸਾਂ ਪਰ ਮੈਂ ਔਖਿਆਈ ਜ਼ਾਹਰ ਨਹੀਂ ਕਰਦਾ ਸੀ।
ਪੈਪਸੀ ਪੀ ਕੇ ਮੈਂ ਖੱਦਰ ਨੂੰ ਕਿਹਾ,”ਯਾਰ ਕੰਬਲ ਰੂਮ ‘ਚ ਹੀ ਭੁੱਲ ਆਏ। ਇੱਥੇ ਤਾਂ ਠੰਡ ਹੀ ਬਹੁਤ ਹੈ।”
ਮੇਰੇ ਐਨਾ ਕਹਿਣਾ ਤੇ ਖੱਦਰ ਦੀ ਚੰਘਿਆੜ ਹੀ ਨਿੱਕਲ ਗਈ,”ਓਏ ਕੋਟੜੇ ਆਲਿਆਂ, ਤੈਨੂੰ ਮਖੌਲ ਔੜਦੇ ਨੇ। ਲੱਗਦੈ ਐਥੋਂ ਆਪਣੀ ਹੱਡੀ ਕਾਂ ਨੇ ਵੀ ਪਿੰਡ ਨਹੀਂ ਪਹੁੰਚਾਉਣੀ। ਲੋਕ ਕਤਲ ਕਰਕੇ ਜੇਲਾਂ ਵਿੱਚ ਜਾਂਦੇ ਨੇ। ਆਪਾਂ ਪੈਸੇ ਦੇ ਕੇ ਜੇਲ ‘ਚ ਫਸੇ ਹਾਂ। ਮੈਨੂੰ ਤਾਂ ਲੱਗਦੈ ਆਪਾਂ ਜਿਉਂਦੇ ਵਾਪਸ ਨਹੀਂ ਮੁੜਾਂਗੇ।”ਖੱਦਰ ਪਛਤਾਵੇ ਵਿਚ ਸਿਰ ਮਾਰ ਰਿਹਾ ਸੀ।
ਮੈਂ ਖੱਦਰ ਨੂੰ ਛੇੜ ਕੇ ਪਛਤਾ ਰਿਹਾ ਸੀ, ਜ਼ੋ ਕਿ ਬਿਲਕੁਲ ਸੱਚ ਕਹਿ ਰਿਹਾ ਸੀ, ਏਜੰਟਾਂ ਦੇ ਸਬਜ਼ਬਾਗ ਦਿਖਾਉਣ ਤੇ ਸਾਨੂੰ ਬਿਨਾਂ ਕਿਸੇ ਗਾਈਡੈਂਸ ਤੋਂ ਮਿੱਠੀਆਂ ਜੇਲਾਂ ਵਿੱਚ ਫਸਣਾ ਨਹੀਂ ਚਾਹੀਦਾ। ਵੈਸੇ ਉਹ ਦਿਨ ਮੈਨੂੰ ਅੱਜ ਵੀ ਯਾਦ ਹੈ।
( ਬਹਿਰੀਨ ਦੀਆਂ ਯਾਦਾਂ ਹੋਰ ਵੀ ਬਹੁਤ ਨੇ, ਕਦੇ ਫੇਰ ਸਾਂਝੀਆਂ ਕਰਾਂਗੇ।)
ਗਮਦੂਰ ਸਿੰਘ ਸਰਾਓ।
ਕੋਟੜਾ ਲੇਹਲ।