ਉਹ ਤੇ ਓਹਦਾ ਵਜੂਦ | oh te ohda vajud

ਗੀਤਾ …….. ਅੱਜ ਮੈਂ ਤੇਰੇ ਨਾਲ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ । ਵੈਸੇ ਵੀ ਮੈਂ ਸਾਰਾ ਦਿਨ ਵਿਹਲਾਂ ਹੀ ਆਂ । ਤੂੰ ਆਪਣੇ ਵਿਹਲੇ ਸਮੇਂ ਆ ਜਾਵੀਂ, ਮਿਸਟਰ ਸਕਸੈਨਾਂ ਨੇ ਜਾਂਦਿਆਂ ਜਾਂਦਿਆਂ ਗੀਤਾ ਨੂੰ ਕਿਹਾ ।ਇੰਨਾ ਕਹਿ ਕੇ ਉਹ ਆਪਣੇ ਚੈਂਬਰ ‘ਚ ਚਲਾ ਗਿਆ ਤੇ ਗੀਤਾ ਉਹਦੇ ਚਿਹਰੇ ਦੇ ਭਾਵ ਵੀ ਨਾ ਪੜ੍ਹ ਸਕੀ । ਬਸ ਸੋਚਣ ਲਗ ਪਈ ਕਿਹੜੀਆਂ ਜ਼ਰੂਰੀ ਗੱਲਾਂ, ਕਿਸ ਵਿਸ਼ੇ ਤੇ ? ਅਜੀਬ ਜਿਹੇ ਸਸਪੈਂਸ ‘ਚ ਪੈ ਗਈ ।ਉਹ ਬੜੀ ਸੰਜੀਦਗੀ ਨਾਲ ਰਹਿ ਰਹੀ ਸੀ । ਇੱਕਲਿਆਂ ਰਹਿਣ ਦੇ ਬਾਵਜੂਦ ਵੀ ਉਸਨੂੰ ਇੱਕਲਾਪਣ ਮਹਿਸੂਸ ਨਾ ਹੁੰਦਾ । ਉਹ ਹਮੇਸ਼ਾ ਹੀ ਆਪਣੇ ਵਜੂਦ ਨਾਲ ਗੱਲਾਂ ਕਰਦੀ ਰਹਿੰਦੀ ਤੇ ਆਪਣੇ ਆਪ ਚ ਗਵਾਚੀ ਰਹਿੰਦੀ । ਬਾਹਰ ਸੜਕ ਤੇ ਆਉਂਦੇ ਜਾਂਦੇ ਰਾਹੀਆਂ ਪਾਂਧੀਆਂ ਨੂੰ ਜਿੰਦਗੀ ਦੇ ਯਥਾਰਥ ਨਾਲ ਜੂਝਦਿਆਂ ਵੇਖਦੀ ਤੇ ਆਪਣੀ ਅਰਾਮ ਨਾਲ ਕੱਟ ਰਹੀ ਜਿੰਦਗੀ ਬਾਰੇ ਮਨ ਹੀ ਮਨ ਰੱਬ ਦਾ ਧੰਨਵਾਦ ਕਰਦੀ। ਪਰ ਆਹ ਮਿਸਟਰ ਸਕਸੈਨਾ ਉਹਦੇ ਦਫਤਰ ਦਾ ਸਹਿਕਰਮੀ ਪਤਾ ਨਹੀਂ ਕੀ ਮੰਤਰ ਜਿਹਾ ਕਰੀ ਜਾ ਰਿਹਾ ਸੀ ਉਸ ਤੇ । ਉਹ ਉਸਦੀਆਂ ਗੱਲਾਂ ਵਿੱਚ ਵਿਸ਼ੇਸ਼ ਰੁਚੀ ਜਿਹੀ ਲੈਣ ਲੱਗ ਪਈ । ਉਹਦੇ ਅੰਦਰ ਬਸ ਉਹਨੂੰ ਵੇਖਣ ਦੀ ਅਜੀਬ ਭਾਵਨਾ ਜਿਹੀ ਉਠਦੀ। ਪਤਾ ਨਹੀਂ ਕਿਉਂ ਉਹ ਉਸਦਾ ਇੰਨਾ ਹਮਖਿਆਲੀ ਜਿਹਾ ਬਣਦਾ ਜਾ ਰਿਹਾ ਸੀ। ਕਈ ਵਾਰੀ ਤਾਂ ਉਹ ਆਪਣੇ ਵਜੂਦ ਨਾਲ ਲੜਾਈ ਕਰਦੀ ਤੇ ਆਪਣੇ ਆਪ ਤੇ ਕਾਬੂ ਰੱਖਣ ਦਾ ਨਿਸਚੈ ਕਰਦੀ। ਇਸ ਤਰ੍ਹਾਂ ਕਦੇ ਉਹ ਜਿੱਤ ਜਾਂਦੀ ਤੇ ਕਦੇ ਉਹਦਾ ਵਜੂਦ । ਪਰ ਅੱਜ ਜਦੋਂ ਮਿਸਟਰ ਸਕਸੈਨਾ ਨੇ ਉਚੇਚਾ ਜਿਹਾ ਕਿਹਾ ਕਿ ਕੁਝ ਜ਼ਰੂਰੀ ਗੱਲਾਂ ਕਰਨੀਆਂ ਨੇ ਤਾਂ ਪਤਾ ਨਹੀਂ ਕਿਉਂ ਗੀਤਾ ਦੇ ਪੈਰ ਮਿਸਟਰ ਸਕਸੈਨਾ ਦੇ ਕਮਰੇ ਵੱਲ ਤੁਰੇ ਹੀ ਨਹੀਂ ਦੌੜੇ ਜਾ ਰਹੇ ਸਨ । ਜਿਵੇਂ ਕਿ ਉਹ ਆਪਣੀਆਂ ਗੱਲਾਂ ਕਰਕੇ ਆਪਣੇ ਮਨ ਦੇ ਬੋਝ ਨੂੰ ਹਲਕਾ ਕਰਨਾ ਚਾਹੁੰਦੀ ਹੋਵੇ ।
ਇੱਕ ਵਾਰੀ ਉਸਨੇ ਮਿਸਟਰ ਸਕਸੈਂਨਾ ਨੂੰ ਕਿਹਾ, ” ਮੇਰੀ ਬੜੀ ਦੇਰ ਤੋਂ ਇੱਛਾ ਸੀ ਕਿ ਮੈ ਕਿਸੇ ਨੂੰ ਆਪਣੀ ਆਤਮਾ ਵਿੱਚ ਇੱਕ ਸਦੀਵੀ ਤੇ ਨਿਰਲੇਪ ਸੰਬੰਧ ਦੇ ਰੂਪ ‘ਚ ਸਾਂਭ ਕੇ ਰੱਖਾਂ, ਪਰ ਐਡਾ ‘ਅਪ ਟੂ ਮਾਰਕ’ ਕੋਈ ਮਿਲਿਆ ਹੀ ਨਹੀਂ । ਹੁਣ ਤੁਸੀ ਹਰ ਹੋਣ ਵਾਲੇ ਨੁਕਸਾਨ ਤੋਂ ਸੁਚੇਤ ਕਰਦੇ ਹੋ, ਵਾਹ ਲਗਦੀ ਆਪ ਮੂਹਰੇ ਹੋ ਕੇ ਮੈਨੂੰ ਬਚਾਉਂਦੇ ਹੋ ਤਾਂ ਲਗਦਾ ਹੈ ਕਿ ਉਹ ਕਰੈਕਟਰ ਤੁਸੀ ਹੀ ਹੇਂ।” ਗੀਤਾ ਨੂੰ ਇਹ ਕਹਿੰਦੇ ਕਹਿੰਦੇ ਸਾਹ ਜਿਹਾ ਚੜ੍ਹ ਗਿਆ ਜਿਵੇਂ ਕਿ ਉਹ ਆਪਣੀ ਜ਼ਿੰਦਗੀ ਹੁਣ ਤੱਕ ਦੇ ਸਫਰ ‘ਚ ਲੰਘ ਕੇ ਉਸ ਤੱਕ ਅੱਪੜੀ ਹੋਵੇ । “ਨਾ ਸੰਤੋਸ਼ ਤੇ ਨਾ ਹੀ ਤ੍ਰਿਪਤੀ ਦਾ ਪ੍ਰਗਟਾਵਾ ਹੋ ਰਿਹਾ ਸੀ ਤੇ ਨਾ ਹੀ ਹਿਰਸ ਤੇ ਤ੍ਰਿਸ਼ਨਾ ਦਾ। ਇਸ ਸਮੇਂ ਉਹ ਕੁਝ ਹੋਰ ਹੀ ਤਰ੍ਹਾਂ ਦਾਨਸਵਰ ਜਿਹੀ ਲੱਗ ਰਹੀ ਸੀ।
”ਐਕਸਕਿਊਜ ਮੀ ਸਰ” ਦੀ ਅਵਾਜ ਸੁਣ ਕੇ ਸਕਸੈਨਾ ਨੇ ਨਜ਼ਰਾਂ ਉਤਾਂਹ ਚੁਕੀਆਂ ਤੇ ਕਿਹਾ- ”ਕਮ ਵਿਦ ਪਲੀਅਰਜ ” ਗੀਤਾ ਵੀ ਚਾਅ ਜਿਹੇ ਨਾਲ ਅੰਦਰ ਆ ਗਈ ।
”ਕੀ ਗੱਲ ਇੰਨੀ ਦੇਰ, ਪਹਿਲਾਂ ਨਹੀਂ ਆਈ’। ਇੱਕ ਗਲ ਦਸ ਜਾ । ਤੂੰ ਕਹਾਣੀਆਂ ਕਦੋਂ ਲਿਖਦੀ ਐਂ । ਮਿਸਟਰ ਸਕਸੈਨਾਂ ਨੇ ਕਈ ਸਵਾਲ ਇਕੱਠੇ ਹੀ ਦਾਗ ਦਿੱਤੇ।
– ਜਿਥੋਂ ਤੱਕ ਲਿਖਣ ਦਾ ਸੁਆਲ ਐ । ਮੈਂ ਦਿਮਾਗ ਦੇ ਫੁਰਨਿਆਂ ਤੇ ਆਸੇ ਪਾਸੇ ਸੁੰਨੇ ਅਤੇ ਯਥਾਰਥੀ ਮਾਹੋਲ ਚ ਲਿਖਦੀ ਹਾਂ । ਪਰ ਮੇਰੀ ਇੱਕਲਤਾ ਹੀ ਮੇਰੀਆਂ ਕਹਾਣੀਆਂ ਨੂੰ ਜਨਮ ਦਿੰਦੀਆਂ ਹਨ। ਪਤਾ ਨਹੀਂ ਇਹ ਸਭ ਕੀ ਹੈ ? ਆਪ ਮੁਹਾਰਾ ਹੀ ਸਭ ਫੁੱਟ ਨਿਕਲਦਾ ਹੈ ਜਿਸ ਨੂੰ ਸਬਦਾਂ ਦਾ ਰੂਪ ਦੇਕੇ ਹੀ ਮੈਨੂੰ ਚੈਨ ਮਿਲਦਾ ਹੈ ।ਮੇਰੇ ਜਜਬਾਤ ਹੀ ਕਲਮ ਰਾਹੀ ਕਾਗਜ ਤੇ ਉਕਰਦੇ ਹਨ।” ਇਹ ਕਹਿਕੇ ਉਹ ਗੰਭੀਰ ਜਿਹੇ ਮਨ ‘ਚ ਬਾਹਰ ਆਈ ਹੀ ਸੀ ਕਿ ਦਫਤਰ ਬੰਦ ਹੋਣ ਦਾ ਸਮਾਂ ਹੋ ਗਿਆ ਤੇ ਅਚਾਨਕ ਹੀ ਘਨਘੋਰ ਬੱਦਲ ਆ ਗਏ ਅਤੇ ਉਹ ਦੋਨੋ ਆਪਣੇ ਆਪਣੇ ਘਰਾਂ ਲਈ ਨਿਕਲ ਪਏ ਰਾਹ ਵਿੱਚ ਹੀ ਭਾਰੀ ਮੀਂਹ ਪੈਣਾ ਸੁਰੂ ਹੋ ਗਿਆ । ਬੱਦਲਾਂ ਦੀ ਗਰਜ ਤੇ ਮੂਸਲਾਧਾਰ ਮੀਂਹ ਨੂੰ ਦੇਖ ਕੇ ਉਹ ਕਹਿਣ ਲੱਗਾ । ਉਹ ਹੋ ਅੱਜ ਮੈ ਘਰ ਕਿਵੇਂ ਪਹੁੰਚਾਂਗਾਂ । ਹਰ ਪਾਸੇ ਚਾਰ-ਚਾਰ ਫੁੱਟ ਪਾਣੀ ਹੈ । ਮਿਸਿਜ ਵੀ ਇੱਥੇ ਨਹੀਂ ਹੈ। ਬੱਚੇ ਵੀ ਨਾਲ ਗਏ ਨੇ । ਘਰ ਕੋਈ ਵੀ ਨਹੀਂ ਤੇ ਮੀਂਹ ਚ ਜਾਣ ਨੂੰ ………..
”ਤੂੰ ਇਥੇ ਸੌ ਜਾਈਂ ਮੇਰੇ ਕੋਲ ।”ਅਚਾਨਕ ਬਿਨਾ ਸੋਚੇ ਗੀਤਾ ਦੇ ਮੂਹੋ ਨਿਕਲ ਗਿਆ।
ਗੀਤਾ ਦੀ ਇਹ ਗੱਲ ਸੁਣਕੇ ਉਸਦੀਆਂ ਅੱਖਾਂ ‘ਚ ਪਲ ਦੇ ਪਲ ਦੀ ਦੁਵਿਧਾ ਜਿਹੀ ਜਾਗੀ ਤੇ ਬੁਝ ਗਈ। ਉਹ ਚੁੱਪ ਚਾਪ ਉਸਦੇ ਕਮਰੇ ‘ਚ ਚਲਾ ਗਿਆ ।ਗੀਤਾ ਨੂੰ ਕੁਝ ਵੀ ਅਸਾਧਾਰਣ ਨਾ ਲੱਗਾ । ਆਪਣੇਪਣ ਦੇ ਅਹਿਸਾਸ ਨਾਲ ਉਸਨੇ ਉਸ ਨੂੰ ਸਾਫ ਤੋਲੀਆ ਦਿੱਤਾ ਗਿੱਲੇ ਕਪੜੇ ਉਤਰਵਾ ਕੇ ਟੰਗ ਦਿੱਤੇ । ਹੱਥੀ ਬੀਟ ਕਰਕੇ ਗਰਮ ਗਰਮ ਕਾਫੀ ਪਿਲਾਈ। ਨਾਲ ਨਾਲ ਉਹ ਬਹੁਤ ਸਾਰੀਆਂ ਗੱਲਾਂ ਕਰਦੀ ਰਹੀ । ਮਿਸਟਰ ਸਕਸੈਨਾ ਨੂੰ ਬਹੁਤ ਹੀ ਪਿਆਰ ਤੇ ਸੰਜੀਦਗੀ ਨਾਲ ਖਾਣਾ ਖੁਵਾਇਆ ਤੇ ਕਾਫੀ ਰਾਤ ਤੱਕ ਢੇਰ ਸਾਰੀਆਂ ਗੱਲਾਂ ਕਰਦੀ ਰਹੀ । ਮਿਸਟਰ ਸਕਸੈਨਾਂ ਨੂੰ ਨੀਂਦ ਆ ਰਹੀ ਸੀ ਤੇ ਉਸ ਦੀਆਂ ਗੱਲਾ ਸੁਣਦਾ ਸੁਣਦਾ ਉਹ ਸੋ ਗਿਆ। ਪਰ ਗੀਤਾ ਦੀਆਂ ਅੱਖਾਂ ‘ਚ ਨੀਂਦ ਦਾ ਨਾਮੋ-ਨਿਸ਼ਾਨ ਨਹੀਂ ਸੀ । ਉਹ ਉਸ ਦੀ ਪੂਰੀ ਤਰ੍ਹਾਂ ਸੇਵਾ ‘ਚ ਲੀਨ ਹੋਣਾ ਚਾਹੁੰਦੀ ਸੀ । ਅਖੀਰ ਰਾਤ ਦਾ ਇੱਕ ਵੱਜ ਗਿਆ । ਗੀਤਾ ਨੇ ਸੋਚਿਆ ਸ਼ਾਇਦ ਉਸ ਨੂੰ ਸੌਣ ਸਮੇਂ ਪੜ੍ਹਣ ਦੀ ਆਦਤ ਪੈ ਗਈ ਇਸ ਕਰਕੇ ਪੜ੍ਹਦੇ ਹੋਏ ਹੀ ਨੀਂਦ ਆਊਗੀ । ਇਹ ਸੋਚ ਕੇ ਉਸਨੇ ਇੱਕ ਪੁਰਾਣਾ ਜਿਹੇ ਅਖਬਾਰ ਦਾ ਕਹਾਣੀਆਂ ਵਾਲਾ ਸਫਾ ਮੇਜ ਤੋਂ ਚੁੱਕ ਲਿਆ ਤੇ ਪੜ੍ਹਨ ਲੱਗ ਗਈ । ਕੁਦਰਤ ਵਲੋਂ ਹੀ ਉਸਦਾ ਧਿਆਨ ਇੱਕ ਫੋਟੋ ਤੇ ਪਿਆ ਤੇ ਉਸ ਦੇ ਨੀਚੇ ਲਿਖੀਆਂ ਲਾਈਨਾਂ ਪੜ੍ਹਨ ਲੱਗ ਪਈ ।
”ਜਿਸ ਦਿਲ ਤੇ ਲਿਖਿਆ ਨਾਂ ਤੇਰਾ, ਉਸ ਦਿਲ ਨੇ ਹੀ ਅੱਜ ਆਖਿਆ ਏ ।
ਲਿਖਿਆਂ ਨਾਲੋਂ ਮਹਿੰਗੇ ਵਿਕਦੇ, ਜਿਹੜੇ ਕਾਗਜ਼ ਕੋਰੇ ਨੇ ।”
‘ਵ ——ਅ——-ਟ ਇਜ ਦਿਸ ?’ ਉਸਨੂੰ ਇੱਕ ਧੁੜਧੜੀ ਜਿਹੀ ਆ ਗਈ । ਉਸਨੂੰ ਇੰਉਂ ਲੱਗਿਆ ਜਿਵੇ ਕਿਸੇ ਨੇ ਉਸਦੇ ਸਰੀਰ ਨੂੰ ਝੰਜੋੜ ਕੇ ਰੱਖ ਦਿੱਤਾ ਹੋਵੇ । ਬੱਸ ……ਮਰਦ ਪ੍ਰਧਾਨ ਸੋਸਾਇਟੀ ਇਹ ਕੀ ? ……………. । ਉਹ ਆਪਣੀ ਤੇ ਮਰਦਾਂ ਦੀ ਅਕਲ ਬਾਰੇ ਸੋਚਦੀ ਸੋਚਦੀ ਮਿਸਟਰ ਸਕਸੈਨਾ ਵੱਲ ਪਿੱਠ ਕਰਕੇ ਸੌਂ ਗਈ ।ਮਿਸਟਰ ਸਕਸੈਨਾ ਦੇ ਘੁਰਾੜੇ ਬਦਸਤੂਰ ਜਾਰੀ ਸਨ।
ਰਮੇਸ ਸੇਠੀ ਬਾਦਲ
ਮੌਬਾ.- 98766-27233

Leave a Reply

Your email address will not be published. Required fields are marked *