ਅੱਜ ਵੀਹ ਮਈ ਹੈ। ਵੀਹ ਮਈ ਕਿਸੇ ਆਪਣੇ ਦਾ ਜਨਮਦਿਨ ਐਨਵਰਸਰੀ ਯ ਕੋਈਂ ਵਿਸ਼ੇਸ਼ ਇਤਿਹਾਸਿਕ ਦਿਨ ਵੀ ਨਹੀਂ ਹੈ। ਪਰ ਜੇ ਉਂਗਲਾਂ ਦੇ ਪੋਟਿਆਂ ਨੂੰ ਗਿਣੀਏ ਤਾਂ ਵੀਹ ਅਗਸਤ ਵੀਹ ਸੌ ਬਾਈ ਤੋਂ ਬਾਅਦ ਅੱਜ ਪੂਰੇ ਨੌ ਮਹੀਨੇ ਬਣਦੇ ਹਨ ਜਦੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ ਇੱਕ ਕੁ ਵਜੇ ਇੱਕ ਜਹਾਜ ਉੱਡਿਆ ਸੀ ਜੋ ਮੇਰੇ ਆਪਣਿਆਂ ਨੂੰ #ਐਡੀਲਿਡ ਨਾਮ ਦੇ ਮੁਲਕ ਵਿੱਚ ਲ਼ੈ ਗਿਆ। ਹਾਜ਼ਰਾਂ ਕਿਲੋਮੀਟਰ ਦੂਰ। ਜਿਥੋਂ ਚਿੱਠੀ ਪੱਤਰੀ ਆਉਣ ਵਿੱਚ ਵੀ ਵੀਹ ਬਾਈ ਦਿਨ ਲੱਗ ਜਾਂਦੇ ਹਨ। ਪਰ ਸ਼ੁਕਰ ਹੈ ਨਵੇਂ ਜਮਾਨੇ ਦੀ ਤਕਨੀਕ ਦਾ ਜਿਸ ਜ਼ਰੀਏ ਨਿੱਤ ਉਹਨਾਂ ਨੂੰ ਖੁਸ਼ ਵੇਖ ਲਾਈਦਾ ਹੈ ਗੱਲਬਾਤ ਹੋ ਜਾਂਦੀ ਹੈ। ਖੁਸ਼ੀਆਂ ਸਾਂਝੀਆਂ ਹੋ ਜਾਂਦੀਆਂ ਹਨ। ਗਿਲੇ ਸ਼ਿਕਵੇ ਵੀ ਦੂਰ ਕਰ ਲਏ ਜਾਂਦੇ ਹਨ। ਹੱਥਲੇ ਯੰਤਰ ਰਾਹੀਂ ਆਹਮਣੇ ਸਾਹਮਣੇ ਬੈਠਕੇ ਹੱਸ ਵੀ ਲਈਦਾ ਹੈ ਤੇ ਲੜ੍ਹ ਵੀ। ਪਰ ਦੂਰੀ ਤਾਂ ਦੂਰੀ ਹੁੰਦੀ ਹੈ ਸੀਨੇ ਦੀ ਪਿਆਸ ਨਹੀਂ ਬੁਝਦੀ। ਜੋ ਸਕੂਨ ਬੱਚਿਆਂ ਨੂੰ ਘੁੱਟਕੇ ਮਿਲਣ ਨਾਲ ਆਉਂਦਾ ਹੈ ਤੇ ਨਿੱਕਿਆਂ ਨੂੰ ਗੋਦੀ ਚੁੱਕਕੇ ਲਾਡਬਾਡੀਆਂ ਕਰਨ ਵਿੱਚ ਆਉਂਦਾ ਹੈ। ਉਹ ਮੋਬਾਇਲ ਚ ਕਿੱਥੇ। ਇਹ ਮਿੱਠਾ ਦਰਦ ਇੱਕ ਦਾਦੀ ਮਾਂ ਹੀ ਜਾਣਦੀ ਹੈ। ਕਿ ਉਹ ਕਿਵੇਂ ਦਿਲ ਤੇ ਪੱਥਰ ਰੱਖਕੇ ਔਲਾਦ ਦੇ ਭਵਿੱਖ ਖਾਤਿਰ ਇਹ ਪੀੜ ਬਰਦਾਸ਼ਤ ਕਰਦੀ ਹੈ। ਇਹ ਦਰਦ ਤਾਂ ਸਿਕਸਟੀ ਪਲੱਸ ਦਾਦਾ ਵੀ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ। ਹੋਰ ਕਿਸੇ ਨੂੰ ਇਸ ਵਿਛੋੜੇ ਦਾ ਕੀ ਇਲਮ। ਹਰ ਕੋਈਂ ਆਪਣੇ ਬਾਲ ਪਰਿਵਾਰ ਵਿੱਚ ਮਸਤ ਹੁੰਦਾ ਹੈ। ਕਿਸੇ ਨੂੰ ਕੀ ਪਤਾ ਚਲਦਾ ਹੈ ਕਿ ਇਹ ਵੀਹ ਤਰੀਕ ਕਦੋਂ ਆਉਂਦੀ ਹੈ ਤੇ ਕਦੋਂ ਜਾਂਦੀ ਹੈ। ਜਦੋਂ ਵੀ ਆਉਂਦੀ ਹੈ ਤਾਂ ਇਸ ਦੂਰੀ ਦੇ ਸਮੇਂ ਨੂੰ ਇੱਕ ਮਹੀਨਾ ਹੋਰ ਵਧਾ ਦਿੰਦੀ ਹੈ। ਬਾਕੀਆਂ ਨੂੰ ਸਿਰਫ ਆਪਣੀ ਖੁਸ਼ੀ ਨਾਲ ਹੀ ਮਤਲਬ ਹੁੰਦਾ ਹੈ। ਪਰਿਵਾਰ ਤੋਂ ਦੂਰ ਰਹਿਣਾ, ਨਵਾਂ ਘਰ ਬੰਨ੍ਹਣਾ ਤੇ ਫਿਰ ਵੀ ਸਭ ਨੂੰ ਖੁਸ਼ ਰਹਿਕੇ ਵਿਖਾਉਣਾ ਕੋਈਂ ਸੁਖਾਲਾ ਨਹੀਂ ਹੁੰਦਾ। ਦੂਰੀ ਮੂਹਰੇ ਤਾਂ ਡਾਲਰਾਂ ਦੀ ਚਮਕ ਵੀ ਫਿੱਕੀ ਪੈ ਜਾਂਦੀ ਹੈ। ਸਭ ਨੂੰ ਖੁਸ਼ੀਆਂ ਦੇਈਂ ਮੇਰੇ ਦਾਤਿਆ। ਇੱਕ ਮਿੱਠੀ ਜਿਹੀ ਯਾਦ ਦਿਲਾਂ ਨੂੰ ਸਕੂਨ ਦਿੰਦੀ ਰਹੇ ਤੇ ਦੂਰ ਰਹਿਕੇ ਵੀ ਪਿਆਰ ਦੇ ਹਲੋਰੇ ਆਉਂਦੇ ਰਹਿਣ। ਦਾਣੇ ਪਾਣੀ ਦੇ ਖੇਡ ਹੈ ਜਿਥੋਂ ਦਾ ਚੋਗ ਲਿਖਿਆ ਹੈ। ਖੁਸ਼ੀ ਖੁਸ਼ੀ ਚੁਗਣ ਦੀ ਸ਼ਕਤੀ ਦੇਣਾ। ਤੇਰੀਆਂ ਖੇਡਾਂ ਵਿੱਚ ਰਾਜ਼ੀ।
#ਰਮੇਸ਼ਸੇਠੀਬਾਦਲ