ਮਿਤੀ: 13/07/2023, ਸਮਾਂ: 5:33 ਸ਼ਾਮੀ
ਜਗ੍ਹਾ 114 ਸ਼ੀਸ਼ ਮਹਿਲ
“ਆਪਣੇ ਅੰਬ ਦਾ ਅਚਾਰ ਪਿਆ ਹੈ ਨਾ ਘਰੇ।”
“ਹਾਂਜੀ ਵਾਧੂ ਪਿਆ ਹੈ ਅਜੇ ਪਿਛਲੇ ਹਫਤੇ ਤਾਂ ਪਾਇਆ ਹੈ ਪੰਜ ਕਿਲੋ।”
“ਖੀਰ ਵੀ ਪਈ ਹੋਵੇਗੀ?
“ਹਾਂਜੀ ਰਾਤ ਹੀ ਮੰਗਵਾਈ ਸੀ ਵੇਰਕਾ ਵਾਲੀ।” ਉਸਨੇ ਮੇਰੀ ਗੱਲ ਦਾ ਵਿਸਥਾਰ ਨਾਲ ਜਵਾਬ ਦਿੱਤਾ।
“ਸੁਣਿਆ ਹੈ ਵਿਰਾਸਤੀ ਬਾਗ਼ ਵਾਲਿਆਂ ਪ੍ਰਬੰਧਕਾਂ ਨੇ ਆਪਣਾ ਮੇਲਾ ਮੁਲਤਵੀ ਕਰ ਦਿੱਤਾ?” ਮੈਂ ਗੋਲ ਜਿਹੇ ਤਰੀਕੇ ਨਾਲ ਪੁੱਛਣ ਦੀ ਕੋਸ਼ਿਸ਼ ਕੀਤੀ।
“ਹਾਂਜੀ ਕਹਿੰਦੇ ਹੜ੍ਹ ਬਹੁਤ ਆਏ ਹਨ। ਬਹੁਤ ਸਾਰੇ ਇਲਾਕਿਆਂ ਵਿੱਚ ਪਾਣੀ ਭਰ ਗਿਆ। ਮੈਂ ਕੱਲ੍ਹ ਹੀ ਪੜ੍ਹਿਆ ਸੀ।” ਉਸਨੇ ਫਬ ਤੋਂ ਪ੍ਰਾਪਤ ਆਪਣੀ ਜਾਣਕਾਰੀ ਅਨੁਸਾਰ ਦੱਸਿਆ।
“ਪਰਸੋਂ Baljeet Sidhu ਨੇ ਕੋਈਂ ਪੋਸਟ ਪਾਈ ਸੀ ਅਖੇ ਵੀਰਪਾਲ ਬਹੁਤ ਹਿੰਮਤੀ ਹੈ ਉਹ ਹੀ ਬਣਾ ਸਕਦੀ ਹੈ। ਅਖੇ ਮੀਂਹ ਤੋਂ ਬਾਅਦ ਨਜ਼ਾਰਾ ਆ ਗਿਆ ਖਾ ਕੇ।” ਮੈਂ ਫਿਰ ਗੱਲ ਗੋਲ ਜਿਹੀ ਕਰ ਗਿਆ।
“ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਕਦੇ ਅੰਬ ਦਾ ਅਚਾਰ, ਕਦੇ ਵੇਰਕਾ ਦੀ ਖੀਰ, ਕਦੇ ਵਿਰਾਸਤੀ ਬਾਗ ਵਾਲਾ ਮੇਲਾ ਤੇ ਕਦੇ ਬਹਿਮਨ ਦੀਵਾਨੇ ਵਾਲੇ ਬਲਜੀਤ ਤੇ ਵੀਰਪਾਲ ਦੀ ਗੱਲ। ਇਹਨਾਂ ਗੱਲਾਂ ਦੀ ਕੋਈਂ ਕੜ੍ਹੀ ਤਾਂ ਜੁੜਦੀ ਨਹੀਂ ਆਪਸ ਵਿੱਚ।” ਉਸਨੇ ਥੋੜ੍ਹਾ ਖਿੱਝ ਕੇ ਕਿਹਾ।
“ਨਾ ਗੱਲ ਇਹ ਹੈ ਕਿ ਆਪਾਂ ਹੁਣ ਮੇਲੇ ਵੀ ਨਹੀਂ ਜਾ ਸਕਦੇ। ਪਹਿਲਾਂ ਹੀ ਬਲਜੀਤ ਕਾ ਖੀਰ ਵਾਲਾ ਡੋਲੂ ਵਾਪਿਸ ਨਹੀਂ ਕੀਤਾ। ਉਸ ਤੋਂ ਹੋਰ ਝਾਕ ਕੀ ਰੱਖੀਏ? ਜਦੋਂ ਘਰੇ ਅੰਬ ਦਾ ਅਚਾਰ ਵੀ ਹੈਗਾ ਤੇ ਖੀਰ ਵੀ। ਫਿਰ ਕਿਉਂ ਨਾ ਪੂੜੇ ਘਰੇ ਹੀ ਬਣਾ ਲਈਏ।” ਮੈਂ ਇਕੋ ਸਾਂਹ ਸਾਰੀ ਗੱਲ ਕਹੀ। ਤੇ ਪ੍ਰਤੀਕਿਰਿਆ ਉਡੀਕਣ ਲੱਗਿਆ ਜਿਵੇਂ ਜੁਆਕ ਪਟਾਕੇ ਦੀ ਬੱਤੀ ਨੂੰ ਤੀਲੀ ਲਾਕੇ ਕੰਨਾਂ ਤੇ ਉਂਗਲੀ ਰੱਖ ਲੈਂਦੇ ਹਨ ਤੇ ਸੰਭਾਵੀ ਧਮਾਕੇ ਨੂੰ ਉਡੀਕਦੇ ਹਨ। ਪਰ ਓਹ ਚੁੱਪ ਚਾਪ ਓਥੋਂ ਚਲੀ ਗਈ ਤੇ ਮੈਂ ਫਬ ਮਾਸੀ ਨਾਲ ਉਲਝ ਗਿਆ। ਦਸ ਕੁ ਮਿੰਟਾਂ ਬਾਦ ਜਦੋਂ ਦਰਵਾਜਾ ਖੁੱਲ੍ਹਿਆ ਤਾਂ ਉਸ ਦੇ ਹੱਥ ਇਹ ਪਲੇਟ ਸੀ। ਸ਼ੁਕਰ ਹੈ ਕਈ ਦਿਨਾਂ ਦੀ ਮੱਚਦੀ ਜੀਭ ਨੂੰ ਭੋਰਾ ਠੰਢਕ ਮਿਲੀ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ