ਸਾਡੇ ਇੱਕ ਇੰਚਾਰਜ ਹੈਡ ਮਾਸਟਰ ਸਾਹਿਬ ਹੁੰਦੇ ਸੀ। ਸ੍ਰੀ ਰਾਜਿੰਦਰ ਸਿੰਘ ਸਚਦੇਵ ।ਓਹਨਾ ਦੀ ਮੈਡਮ ਵੀ ਸਾਡੇ ਸਕੂਲ ਵਿਚ ਪੰਜਾਬੀ ਟੀਚਰ ਸਨ। ਮਾਸਟਰ ਜੀ ਬਹੁਤ ਖੁਸ਼ਮਿਜਾਜ ਬੰਦੇ ਸਨ। ਉਹਨਾਂ ਕੋਲੇ ਓਹਨਾ ਵੇਲਿਆਂ ਵਿਚ ਇੱਕ ਬੰਦੂਕ ਤੇ ਇੱਕ ਪਿਸਤੋਲ ਹੁੰਦਾ ਸੀ। ਸ਼ਾਇਦ ਓਹਨਾ ਦਾ ਕੋਈ ਰਿਸ਼ਤੇਦਾਰ ਬਾਹਰਲੇ ਦੇਸ਼ ਰਹਿੰਦਾ ਸੀ। ਤੇ ਉਸੇ ਰਿਸ਼ਤੇਦਾਰ ਦੀ ਵਿਦੇਸ਼ੀ ਕਰੰਸੀ ਦੇ ਉਪਰਾਲੇ ਨਾਲ ਓਹ ਨਵਾਂ ਨੁੱਕ ਪੀਲੇ ਰੰਗ ਦਾ ਵੇਸਪਾ 150 ਸਕੂਟਰ ਲੈ ਆਏ। ਉਸ ਜਮਾਨੇ ਵਿਚ ਮਾਸਟਰਾਂ ਲਈ ਨਵਾ ਸਾਇਕਲ ਲੈਣਾ ਹੀ ਮੁਸ਼ਕਿਲ ਹੁੰਦਾ ਸੀ। ਸ੍ਕੂਟਰ ਦਾ ਤਾਂ ਸੁਫਨਾ ਹੀ ਵੱਡਾ ਹੁੰਦਾ ਸੀ। ਸਕੂਟਰ ਤਾਂ ਮਾਸਟਰ ਜੀ ਲਿਆਏ ਤੇ ਚਾਅ ਸਾਨੂੰ ਚੜਿਆ ਰਹਿੰਦਾ ਸੀ। ਅਸੀਂ ਨਿੱਤ ਓਹਨਾ ਦੇ ਪੀਰੀਅਡ ਵਿਚ ਸਕੂਟਰ ਦੀ ਗੱਲ ਛੇੜਦੇ ਤੇ ਓਹ ਫਿਰ ਸ੍ਕੂਟਰ ਦੀਆਂ ਗੱਲਾਂ ਸਣਾਉਣ ਲਗ ਪੈਦੇ ਤੇ ਸਾਨੂੰ ਪੜਾਈ , ਹੋਮ ਵਰਕ , ਕਾਪੀ ਚੇਕ ਤੋ ਛੁੱਟੀ ਮਿਲ ਜਾਂਦੀ। ਵੈਸੇ ਓਹ ਬਹੁਤ ਸਾਫ਼ ਦਿਲ ਤੇ ਨੇਕ ਇਨਸਾਨ ਸਨ।
ਇੱਕ ਦਿਨ ਮੈ ਕਿਹਾ ਮਾਸਟਰ ਜੀ ਹੁਣ ਟੈਂਕੀ ਪਟਰੋਲ ਦੀ ਭਰਾ ਲਿਆ ਕਰੋ ਤੇ ਖੂਬ ਸੈਰ ਕਰਿਆ ਕਰੋ ਜੀ।
“ਮਰ ਮਰ ਬੁਡੜੀ ਗੀਤ੍ੜੇ ਗਾਵੇ , ਲੋਕਾਂ ਭਾਣੇ ਵਿਆਹ। ” ਓਹਨਾ ਨੇ ਕਿਹਾ।
ਮਾਸਟਰ ਜੀ ਦੇ ਮੂੰਹੋ ਸਹਿਜ ਸੁਭਾ ਨਿਕਲੀ ਇਹ ਗੱਲ ਦਾ ਉਸ ਸਮੇ ਤੇ ਸਾਨੂੰ ਬਹੁਤਾ ਗਿਆਨ ਨਹੀ ਸੀ। ਚਾਹੇ ਓਹਨਾ ਦੇ ਕਹਿਣ ਦਾ ਭਾਵ ਅਸੀਂ ਸਮਝ ਗਏ ਸੀ।
ਹੁਣ ਪਤਾ ਲਗਦਾ ਹੈ ਓਹਨਾ ਦੀ ਉਸ ਗੱਲ ਵਿਚ ਕਿੰਨਾ ਵਜਨ ਸੀ ਤੇ ਕਿੰਨੇ ਹਾਲਾਤ ਬਿਆਨ ਕਰਦੀ ਸੀ ਓਹਨਾ ਦੀ ਇਹ ਗੱਲ।
ਜਦੋ ਕੋਈ ਕਬੀਲਦਾਰੀ ਵਿਚੋਂ ਕਿਰਸ ਕਰਕੇ ਕੋਈ ਨਵੀ ਵਸਤੂ ਖਰੀਦਦਾ ਹੈ ਤਾਂ ਆਪਣੀ ਮਜਬੂਰੀ ਤੇ ਓਹਨਾ ਦੀ ਗੱਲ ਸ਼ਤ ਪ੍ਰ੍ਤੀਸ਼ਤ ਢੁਕਦੀ ਨਜਰ ਆਉਂਦੀ ਹੈ
#ਰਮੇਸ਼ਸੇਠੀਬਾਦਲ