ਜਦੋ ਮੈ ਕਾਲਜ ਵਿਚ ਦਾਖਿਲਾ ਲਿਆ ਤਾਂ ਕਾਲਜ ਕੰਟੀਨ ਦਾ ਠੇਕਾ ਸੋਹਣ ਲਾਲ ਕੋਲ ਹੁੰਦਾ ਸੀ। ਚਾਹ ਦੇ ਨਾਲ ਸਮੋਸੇ ਤੇ ਬਰਫੀ ਹੀ ਮਿਲਦੇ ਹਨ। ਹੋਰ ਕੁੱਝ ਨਹੀਂ ਸੀ ਮਿਲਦਾ। ਅਸੀਂ ਪਿੰਡਾਂ ਵਾਲੇ ਸਮੋਸਿਆ ਨੂੰ ਵੀ ਵਰਦਾਨ ਸਮਝਦੇ ਸੀ। ਪਰ ਸ਼ਹਿਰੀ ਮੁੰਡੇ ਨਾਲ ਸਿਗਰਟਾਂ ਵੀ ਭਾਲਦੇ ਸਨ। ਜੋ ਕਾਲਜ ਦੀ ਕੰਟੀਨ ਤੇ ਮਿਲਣੀਆਂ ਸੰਭਵ ਨਹੀਂ ਸਨ। ਫਿਰ ਕਾਲਜ ਦੇ ਉਰਲੇ ਗੇਟ ਕੋਲੇ ਬਣੀਆਂ ਦੁਕਾਨਾਂ ਵਿੱਚ ਕਮਲ ਨਾਮ ਦੇ ਬੰਦੇ ਨੇ ਚਾਹ ਦਾ ਕੰਮ ਸ਼ੁਰੂ ਕਰ ਲਿਆ। ਉਸਤੇ ਸਿਗਰਟਾਂ ਨਾ ਵੇਚਣ ਦੀ ਪਬੰਧੀ ਨਹੀਂ ਸੀ। ਸਿਗਰਟਾਂ ਦੇ ਲਾਲਚ ਵਿੱਚ ਉਸਦੀ ਚਾਹ ਤੇ ਸਮੋਸੇ ਵੀ ਵੱਧ ਵਿੱਕਦੇ। ਕਮਲ ਦਾ ਘਰ ਮੀਨਾ ਬਜ਼ਾਰ ਵਿੱਚ ਸੀ ਤੇ ਉਹ ਸ਼ਹਿਰ ਦੀਆਂ ਬਹੁਤੀਆਂ ਗੱਲਾਂ ਤੋਂ ਵਾਕਿਫ ਸੀ। ਉਹ ਅਕਸਰ ਸ਼ਹਿਰ ਵਿਚ ਵਾਪਰੀਆਂ ਗੰਦੀਆਂ ਮੰਦੀਆਂ ਗੱਲਾ ਦੇ ਕਿੱਸੇ ਬਣਾ ਸੰਵਾਰ ਕੇ ਸਣਾਉਂਦਾ। ਓਹ ਆਪਣੇ ਖੋਖੇ ਵਰਗੀ ਦੁਕਾਨ ਤੇ ਦੋ ਮੰਜੇ ਵੀ ਡਾਹ ਕੇ ਰੱਖਦਾ। ਚਾਸੜੂਆਂ ਦੀ ਮੇਹਫਿਲ ਲੱਗੀ ਰਹਿੰਦੀ। ਇੱਕ ਦਿਨ ਉਸਨੇ ਸ਼ਹਿਰ ਦੇ ਕਿਸੇ ਅਮੀਰਯਾਦੇ ਦੀ ਗੱਲ ਸੁਣਾਈ ਜੋ ਕਿਸੇ ਕੁੜੀ ਨਾਲ ਫਡ਼ਿਆ ਗਿਆ ਸੀ। ਕੁੜੀ ਦਾ ਜ਼ਿਕਰ ਵੀ ਉਸਨੇ ਕੁੜੀ ਦੇ ਪਿਓ ਦਾ ਨਾਮ ਉਸਦੇ ਅਹੁਦੇ ਦਾ ਜ਼ਿਕਰ ਕਰਕੇ ਦੱਸਿਆ। ਯਾਨੀ ਕੁੜੀ ਅਤੇ ਉਸਦੇ ਪਰਿਵਾਰ ਦੀ ਪਹਿਚਾਣ ਜੱਗ ਜਾਹਿਰ ਕਰ ਦਿੱਤੀ। ਪਰ ਅਫਸੋਸ ਕਿ ਉਸ ਕੁੜੀ ਦਾ ਭਰਾ ਵੀ ਸਾਡੀ ਉਸ ਮੇਹਫਿਲ ਦਾ ਹਿੱਸਾ ਸੀ ਤੇ ਸਾਡਾ ਹਮ ਜਮਾਤੀ ਸੀ। ਅਸੀਂ ਸਾਰੇ ਚੁੱਪ ਵੱਟ ਗਏ।ਤੇ ਆਪਣੀ ਚਾਹ ਤੇ ਸਮੋਸੇ ਵਿਚਾਲੇ ਛੱਡ ਕੇ ਹੋਲੀ ਹੋਲੀ ਖਿਸਕ ਆਏ। ਅੱਜ ਵੀ ਉਸ ਵਾਰਤਾ ਨੂੰ ਯਾਦ ਕਰਕੇ ਰੂਹ ਕੰਬ ਜਾਂਦੀ ਹੈ।
#ਰਮੇਸ਼ਸੇਠੀਬਾਦਲ