ਸ਼ਿਵ ਅੰਕਲ | shiv uncle

ਪੰਜਾਬੀਆਂ ਦੇ ਘਰਾਂ ਦੇ ਵਿੱਚੋਂ ਜੇ ਕੋਈ ਮੇਰਾ ਪਸੰਦੀ ਦਾ ਘਰ ਸੀ ਤਾਂ ਉਹ ਸੀ ਸ਼ਿਵ ਅੰਕਲ ਦਾ ਘਰ. ਸ਼ਿਵ ਅੰਕਲ ਦੀ ਉਮਰ 80 ਆਂ ਦੇ ਆਸੇ ਪਾਸੇ ਹੋਣੀ ਆ. ਬਹੁਤ ਪਹਿਲੀਆਂ ਦਾ ਦੁਆਬੇ ਦਾ ਉਹ ਬੰਦਾ ਇਧਰ ਕਨੇਡਾ ਆਇਆ ਹੋਇਆ ਸੀ. ਸ਼ਿਵ ਅੰਕਲ ਨੇ ਪਹਿਲੀਆਂ ਦੇ ਵਿੱਚ ਆ ਕੇ ਲੰਬਰ ਮਿਲ ਦੇ ਵਿੱਚ ਕੰਮ ਕੀਤਾ ਸੀ. ਹੁਣ ਤਾਂ ਸ਼ਿਵ ਅੰਕਲ ਦਾ ਸਰੀਰ ਬੀਤ ਚੁੱਕਿਆ ਸੀ, ਬਹੁਤ ਦਰਮਿਆਨੇ ਜਿਹੇ ਸਰੀਰ ਦੇ ਸਨ ਉਹ. ਆਪਣਾ ਸਿਰ ਪਤਾ ਨਹੀਂ ਉਹ ਆਪ ਮੁਨ ਲੈਂਦੇ ਸੀ ਪਤਾ ਨਹੀਂ ਉਹਨਾਂ ਦਾ ਬੇਟਾ ਮੁਨ ਦਿੰਦਾ ਸੀ. ਪਰ ਪਹਿਲੀਆਂ ਦੇ ਵਿੱਚ ਭਲਵਾਨੀ ਦਾ ਸ਼ੌਂਕ ਸੀ ਅੰਕਲ ਨੂੰ ਤੇ ਕਹਿੰਦੇ ਸੀ ਇੱਥੇ ਦੇ ਕੰਮ ਤਾਂ ਸਾਨੂੰ ਕਦੇ ਕੰਮ ਹੀ ਨਹੀਂ ਲੱਗੇ ਅਸੀਂ ਤਾਂ ਬਥੇਰਾ ਖੂਹ ਗੇੜੇ ਹੋਏ ਨੇ ਉੱਥੇ . ਕੋਈ ਇੰਡੀਅਨ ਕੁੜੀ ਆਈ ਨੂੰ ਦੇਖ ਕੇ ਅੰਕਲ ਨੂੰ ਚਾਅ ਚੜ ਜਾਂਦਾ ਸੀ. ਸ਼ਿਵ UNCLE ਦੇ ਤਿੰਨ ਮੁੰਡੇ ਸਨ. ਤਿੰਨੇ ਹੀ ਮੁੰਡੇ ਕਨੇਡਾ ਆ ਕੇ ਜੰਮੇ ਸਨ। ਪਹਿਲਾ ਸਫਰ ਸ਼ਿਵ ਅੰਕਲ ਨੇ ਵੈਨਕੂਵਰ ਤੋਂ ਸ਼ੁਰੂ ਕੀਤਾ ਸੀ ਤੇ ਫਿਰ ਉਹ ਹੌਲੀ ਹੌਲੀ ਸਰੀ ਮੂਵ ਹੋਏ, ਤੇ ਬਾਅਦ ਵਿੱਚ ਸਰੀ ਤੋਂ ਵਾਈਟ ਰੋਕ. ਇੱਕ ਪਾਸੇ ਇਕਾਂਤ ਦੇ ਵਿੱਚ ਸ਼ਿਵ ਅੰਕਲ ਦੇ ਬੇਟੇ ਦਾ ਮਹਿਲ ਵਰਗਾ ਘਰ ਸੀ। ਵਿੱਚ ਹੀ ਸਵੀਮਿੰਗ ਪੂਲ ਵਿੱਚ ਹੀ ਜਿਮ. ਐਡੀ ਵੱਡੀ ਕਿਚਨ ਤੇ ਐਡਾ ਵੱਡਾ ਫਰਿਜ ਮੈਂ ਪਹਿਲੀ ਵਾਰ ਦੇਖਿਆ ਸੀ.
ਸ਼ਿਵ ਅੰਕਲ ਆਪਣੀ ਸਾਰੀ ਕਿਰਿਆ ਆਪ ਹੀ ਸੋਧ ਲੈਂਦੇ ਸੀ. ਸ਼ਾਇਦ ਉਹਨਾਂ ਨੂੰ ਗੱਲ ਦਾ ਕੈਂਸਰ ਸੀ ਇਸ ਕਰਕੇ ਉਹਨਾਂ ਦੇ ਗੱਲ ਦੇ ਵਿੱਚ ਇੱਕ ਪਾਈਪ ਪਾਈ ਹੋਈ ਸੀ. ਜਦੋਂ ਉਹਨਾਂ ਨੇ ਬੋਲਣਾ ਹੁੰਦਾ ਸੀ ਤਾਂ ਉਹ ਪਾਈਪ ਤੇ ਹੱਥ ਰੱਖ ਕੇ ਬੋਲਦੇ ਸੀ. ਕਈ ਵਾਰੀ ਸ਼ਿਵੰਕਲ ਨੂੰ ਗੱਲ ਸੁਣਾਉਣ ਦੀ ਇੰਨੀ ਕਾਹਲੀ ਹੁੰਦੀ ਸੀ ਤੇ ਉਹ ਪਾਈਪ ਤੇ ਹੱਥ ਰੱਖਣਾ ਹੀ ਭੁੱਲ ਜਾਂਦੇ ਸੀ ਤੇ ਅੱਧੀ ਗੱਲ ਵਿੱਚ ਹੀ ਖਾਈ ਜਾਂਦੀ ਸੀ. ਮੇਰਾ ਬੇਟਾ ਉਦੋਂ ਦੋ ਤਿੰਨ ਕੁ ਸਾਲ ਦੀ ਉਮਰ ਦਾ ਸੀ ਬੜਾ ਹੱਸਦੇ ਸੀ ਉਹਦੀਆਂ ਗੱਲਾਂ ਸੁਣ ਕੇ. ਸ਼ਿਵ ਅੰਕਲ ਦੇ ਆਪਣੇ ਪੋਤੇ ਪੋਤੀਆਂ ਮੇਰੇ ਬੇਟੇ ਦੇ ਹਾਣ ਦੇ ਹੀ ਸਨ.
ਜਦੋਂ ਕਦੇ ਸ਼ਿਵ ਅੰਕਲ ਦਾ ਬੇਟਾ ਘਰੇ ਹੁੰਦਾ ਤਾਂ ਉਹਨੇ ਕਹਿਣਾ ਪੁਨੀਤ ਤੂੰ ਬਾਪੂ ਕੋਲੇ ਬੈਠ ਚਾਹ ਤਾਂ ਮੈਂ ਆਪੇ ਕਰ ਲਿਆਉਂਗਾ. ਇਨਾ ਹਲੀਮੀ ਭਰਿਆ ਬੰਦਾ ਕਨੇਡੀਅਨ ਬੋਰਨ ਹੋ ਕੇ ਮੈਂ ਨਹੀਂ ਸੀ ਕਦੇ ਦੇਖਿਆ. ਜਦੋਂ ਉਹ ਭਾਜੀ ਨੂੰ ਕਦੇ ਮਾੜੀ ਜਿਹੀ ਵੀ ਖੰਗ ਜੁਕਾਮ ਹੋ ਜਾਣਾ ਉਹਨਾਂ ਨੇ ਸੁੰਡ ਖਾਣ ਲੱਗ ਜਾਣਾ. ਮੈਂ ਕਹਿਣਾ ਭਾਜੀ ਸੁੰਡ ਦੇ ਨਾਲ ਤਾਂ ਤੁਹਾਨੂੰ ਦੁਆਬੀਆਂ ਨੂੰ ਕੁਝ ਜਿਆਦਾ ਹੀ ਪਿਆਰ ਹੈ. ਇਹ ਮੈਂ ਪਹਿਲਾ ਬੰਦਾ ਦੇਖਿਆ ਸੀ ਜੋ ਸਵੇਰੇ ਸ਼ਾਮ ਆਪਣੇ ਬਾਪੂ ਨੂੰ ਮਿਲਣ ਤੋਂ ਬਾਅਦ ਘਰੋਂ ਨਿਕਲਦਾ ਸੀ ਤੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਉਹ ਸ਼ਿਵ ਅੰਕਲ ਕੋਲੇ ਪੰਜ-ਦਸ ਮਿੰਟ ਜਰੂਰ ਬੈਠਦੇ ਸੀ.
ਸ਼ਿਵ ਅੰਕਲ ਪਹਿਲੀਆਂ ਦਾ ਆਇਆ ਹੋਇਆ ਉਹ ਬਜ਼ੁਰਗ ਸੀ ਜਿਹੜਾ ਹੁਣ ਪੂਰੀ ਸੰਤੁਸ਼ਟੀ ਦੇ ਵਿੱਚ ਆਪਣਾ ਬੁਢਾਪਾ ਕੱਟ ਰਹੇ ਸਨ| ਸਵੇਰੇ ਉੱਠਣ ਸਾਰ ਸ਼ਿਵਾਂਕਲ ਨੇ ਟੀਵੀ ਦਾ ਬਟਨ ਦੱਬ ਲੈਣਾ ਤੇ ਪੰਜਾਬੀ ਫਿਲਮਾਂ ਦੇਖੀ ਜਾਣੀਆਂ. ਸ਼ਿਵ ਅੰਕਲ ਦੀ ਕੀਤੀ ਹੋਈ ਪਹਿਲੀ ਤਪੱਸਿਆ ਨੂੰ ਉਹਨਾਂ ਦਾ ਬੇਟਾ ਚੰਗੀ ਤਰ੍ਹਾਂ ਸਮਝਦਾ ਸੀ.
ਤਿੰਨ ਬੇਟਿਆਂ ਦੇ ਵਿੱਚੋਂ ਇੱਕ ਬੇਟਾ 18 ਸਾਲ ਦੀ ਉਮਰ ਦੇ ਵਿੱਚ ਹੀ ਪੂਰਾ ਹੋ ਗਿਆ ਸੀ.
ਅੰਕਲ ਨੇ ਦੱਸਿਆ ਕਿ ਜਦੋਂ ਉਹ 18 ਸਾਲਾਂ ਦਾ ਹੋਇਆ ਤਾਂ ਘਰੋਂ ਇੱਕ ਪੁਰਾਣੀ ਕਾਰ ਲੈ ਕੇ ਆਪਣੇ ਤਿੰਨ ਹੋਰ ਦੋਸਤਾਂ ਦੇ ਨਾਲ ਅਮਰੀਕਾ ਨੂੰ ਨਿਕਲ ਗਿਆ. ਘਰੋਂ ਨਿਕਲਣ ਲੱਗੇ ਨੂੰ ਸ਼ਿਵ ਅੰਕਲ ਨੇ ਕਿਹਾ ਵੀ ਸੀ ਕਿ ਕਾਰ ਤਾਂ ਚੱਜ ਦੀ ਲੈ ਜਾ.
ਕਹਿੰਦੇ ਉਹਨੇ ਬਹੁਤ ਬੇਪਰਵਾਹੀ ਨਾਲ ਕਿਹਾ ਸੀ ਡੈਡ ਜਿੱਥੇ ਖੜ ਗਈ ਉੱਥੇ ਹੀ ਛੱਡ ਆਊ. ਪਰ ਉਹਨੇ ਅਮਰੀਕਾ ਦੀ ਹਾਈਵੇ ਤੇ ਗੱਡੀ ਇੰਨੀ ਤੇਜ਼ ਭਜਾ ਲਈ ਕਿ ਗੱਡੀ ਬੇਕਾਬੂ ਹੋ ਗਈ ਤੇ ਬਾਅਦ ਵਿੱਚ ਉਹਦੀ ਘਰੇ ਲਾਸ਼ ਹੀ ਆਈ ਸੀ। ਬਾਕੀ ਦੇ ਦੋ ਪੁੱਤ ਦੋਨੇ ਚੰਗੀ ਤਰ੍ਹਾਂ ਇਥੇ ਕਨੇਡਾ ਵਿੱਚ ਸੈੱਟ ਸਨ ਤੇ ਇਸ ਭਾਜੀ ਦੀ ਆਪਣੀ ਟਰੱਕਾਂ ਦੀ ਕੰਪਨੀ ਸੀ.
ਸ਼ਿਵ ਅੰਕਲ ਦੇ ਕਮਰੇ ਦੇ ਅੰਦਰ ਹੀ ਵੱਡੀ ਕਰਾ ਕੇ ਉਹਨਾਂ ਦੀ ਪਤਨੀ ਦੀ ਫੋਟੋ ਲੱਗੀ ਹੋਈ ਸੀ. ਸ਼ਿਵ ਅੰਕਲ ਨੇ ਫੋਟੋ ਇਸ ਪਾਸੇ ਲਾਈ ਹੋਈ ਸੀ ਕਿ ਜਦੋਂ ਸਵੇਰੇ ਉੱਠਣ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਪਤਨੀ ਦਾ ਮੂੰਹ ਦਿਖੇ. ਮੈਂ ਕਦੇ ਕਦੇ ਅੰਕਲ ਨੂੰ ਛੇੜ ਦੇਣਾ ਅੰਕਲ ਆਂਟੀ ਨਾ ਕੁਝ ਜਿਆਦਾ ਹੀ ਪਿਆਰ ਲੱਗਦਾ ਤੁਹਾਡਾ. ਅੰਕਲ ਕਹਿੰਦੇ ਕਿ ਇਸ ਤੀਵੀਂ ਦਾ ਦੇਣ ਮੈਂ ਕਦੇ ਨਹੀਂ ਦੇ ਸਕਦਾ. ਕਹਿੰਦੇ ਕਦੇ ਇਹਨੇ ਆਪਣੇ ਲਈ ਕੁਝ ਨਹੀਂ ਮੰਗਿਆ. ਤੈਨੂੰ ਪਤਾ ਪੁਨੀਤ ਸਾਨੂੰ ਇੱਥੇ ਤੱਕ ਪਹੁੰਚਾਉਣ ਵਾਲੀ ਵੀ ਇਹੀ ਹੈ. ਮੈਂ ਕਿਹਾ ਨਾਲੇ ਕਹਿੰਦੇ ਹੋ ਕਿ ਤੁਸੀਂ ਪਹਿਲਾਂ ਆਏ ਸੀ ਕਨੇਡਾ. ਕਹਿੰਦੇ ਆਇਆ ਤਾਂ ਮੈਂ ਸੀ ਪਰ ਘਰ ਬਾਰ ਵਾਲੇ ਇਹਨੇ ਕੀਤਾ.
ਕਹਿੰਦੇ ਜਦੋਂ ਅਸੀਂ ਵੈਨਕੂਵਰ ਦੇ ਵਿੱਚ ਰਹਿੰਦੇ ਸੀ ਤਾਂ ਉੱਥੇ ਤਾਂ ਘਰ ਬਹੁਤ ਮਹਿੰਗੇ ਸੀ ਪਰ ਅਸੀਂ ਸੋਚਿਆ ਚਲੋ ਸਰੀ ਘਰ ਲੈ ਲੈਦੇ ਆਂ. ਕਹਿੰਦੇ ਸਾਡੇ ਸਾਰੇ ਰਿਸ਼ਤੇਦਾਰ ਸਾਨੂੰ ਪਾਗਲ ਕਹਿੰਦੇ ਸੀ ਕਿਉਂਕਿ ਸਰੀ ਦੇ ਵਿੱਚ ਉਦੋਂ ਆਬਾਦੀ ਹੈ ਨਹੀਂ ਸੀ. ਕਹਿੰਦੇ ਜਦੋਂ ਅਸੀਂ ਪੂਰਾ ਵਿਚਾਰ ਕਰ ਲਿਆ ਸਾਰਾ ਘਰ ਪਸੰਦ ਕਰ ਲਿਆ ਸਭ ਕੁਝ ਕਰ ਲਿਆ ਤਾਂ ਉਦੋਂ ਪਤਾ ਲੱਗਿਆ ਕਿ ਦੋ ਕੁ ਹਜ਼ਾਰ ਡਾਲਰ ਘੱਟਦਾ. 2000 ਡਾਲਰ ਉਦੋਂ ਬਹੁਤ ਵੱਡੀ ਰਕਮ ਸੀ ਕਹਿੰਦੇ ਕੋਈ ਨਹੀਂ ਸੀ ਮੰਗੇ ਤੋਂ ਦਿੰਦਾ. ਸ਼ਿਵ ਅੰਕਲ ਕਹਿੰਦੇ ਮੇਰੀ ਘਰ ਵਾਲੀ ਕੋਲ ਹੀ ਬੈਠੀ ਸੀ। ਕਹਿੰਦੇ ਮੈਂ ਉਹਨੇ ਮੈਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਇਨਾ ਕਿਉਂ ਸੋਚੀ ਜਾਦੇ ਹੋ.
ਕਹਿੰਦੇ ਮੈਂ ਕਿਹਾ ਕਿ ਭਾਗਵਾਨੇ ਆਪਾਂ ਤਾਂ ਰੌਲਾ ਵੀ ਸਾਰੇ ਕਿਤੇ ਪਾ ਦਿੱਤਾ ਕਿ ਅਸੀਂ ਘਰ ਲੈਣ ਲੱਗੇ ਆਂ ਪਰ ਹੁਣ ਪੈਸੇ ਨਹੀਂ ਕਿਤੋਂ ਬਣਦੇ ਦਿਖਦੇ.
ਕਹਿੰਦੇ ਤੇਰੀ ਆਂਟੀ ਨੇ ਪੁੱਛਿਆ ਕਿ ਜੀ ਕਿੰਨੇ ਪੈਸੇ ਘੱਟਦੇ ਨੇ
ਕਹਿੰਦੇ ਮੈਂ ਕਿਹਾ ਤੇਰੇ ਵੱਸ ਦੀ ਗੱਲ ਨਹੀਂ ਹੈ.
ਕਹਿੰਦੀ ਕਿ ਪਰ ਦੱਸੋ ਤਾਂ ਸਹੀ ਘੱਟ ਦਾ ਕੀ ਹੈ
ਕਹਿੰਦੇ ਮੈਂ ਦੱਸਿਆ ਕਿ 2000 ਡਾਲਰ ਘੱਟਦਾ
ਕਹਿੰਦੇ ਤੇਰੀ ਆਂਟੀ ਨੇ 3000 ਡਾਲਰ ਲਿਆ ਕੇ ਮੇਰੇ ਹੱਥ ਤੇ ਰੱਖ ਦਿੱਤਾ
ਕਹਿੰਦੇ ਤੂੰ ਸੋਚ ਨਹੀਂ ਸਕਦੇ ਪੁਨੀਤ ਕਿ ਮੇਰੀਆਂ ਅੱਖਾਂ ਟੱਡੀਆਂ ਰਹਿ ਗਈਆਂ.
ਕਹਿੰਦੇ ਮੈਂ ਕਿਹਾ ਤੇਰੇ ਕੋਲੇ ਇੰਨੇ ਪੈਸੇ ਕਿੱਥੋਂ ਆ ਗਏ?
ਤਾਂ ਆਂਟੀ ਨੇ ਕਿਹਾ ਕਿ ਜਿਹੜੀ ਮੈਂ ਬੇਰੀ ਤੋੜਦੀ ਹੁੰਦੀ ਸੀ ਮੈਤੋਂ ਕਿਹੜਾ ਕਦੇ ਕਿਸੇ ਨੇ ਪੈਸੇ ਲਏ ਨੇ ਤੇ ਨਾ ਮੈਂ ਉਹਨਾਂ ਪੈਸਿਆਂ ਨੂੰ ਵਰਤਣਾ ਹੁੰਦਾ ਸੀ ਤੇ ਮੈਂ ਉਹ ਪੈਸੇ ਸਾਂਭੀ ਗਈ.
ਕਹਿੰਦੇ ਮੈਂ ਜ਼ਿੰਦਗੀ ਚ ਨਹੀਂ ਸੋਚਿਆ ਕਿ ਆਂਟੀ ਤੇਰੀ 3000 ਦੀ ਬੇਰੀ ਤੋੜ ਗਈ ਹੋਊਗੀ
ਕਹਿੰਦੇ ਕਿ ਉਹ ਦਿਨ ਤੇ ਆਹ ਦਿਨ ਮੈਂ ਇਹਦਾ ਕਰਜ ਨਹੀਂ ਭੁੱਲਦਾ ਇਹਨੇ ਮੈਨੂੰ ਪਹਿਲਾਂ ਘਰ ਲੈਣ ਜੋਗਾ ਕੀਤਾ ਸੀ ਤੇ ਉਸ ਤੋਂ ਬਾਅਦ ਬੱਚੇ ਆਪੇ ਹੀ ਦੁਗਣਾ ਤਿਗਣਾ ਕਰੀ ਗਏ .
ਉਸ ਤੋਂ ਬਾਅਦ ਇੱਕ ਦਿਨ ਸ਼ਿਵ ਅੰਕਲ ਨੂੰ ਨਮੂਨੀਆ ਹੋ ਗਿਆ ਕਿਉਂਕਿ ਪਹਿਲਾਂ ਤੋਂ ਹੀ ਉਹਨਾਂ ਦੇ ਫੇਫੜਿਆਂ ਦੇ ਅੰਦਰ ਪਾਣੀ ਭਰਦਾ ਸੀ ਤੇ ਫਿਰ ਸ਼ਿਵ ਅੰਕਲ ਕਦੇ ਮੁੜ ਕੇ ਘਰੇ ਨਹੀਂ ਆਏ. ਪਰ ਉਹ ਇੱਕ ਕੱਲਾ ਤੇ ਕੱਲਾ ਪੰਜਾਬੀ ਬੰਦਾ ਸੀ ਜਿਹਨੂੰ ਮੈਂ ਹਮੇਸ਼ਾ ਹੱਸਦੇ ਨੂੰ ਦੇਖਿਆ.
ਪੁਨੀਤ ਕੌਰ
ਕੈਨੇਡਾ

Leave a Reply

Your email address will not be published. Required fields are marked *