ਬਤੌਰ ਡਰਾਈਵਰ ਸਾਡੀ ਰੇਲ ਜਦੋਂ ਵੀ ਫਾਟਕ ਕੋਲ ਬਣੇ ਉਸ ਫਾਰਮ ਹਾਊਸ ਕੋਲ ਅੱਪੜਦੀ ਤਾਂ ਖੁਸ਼ੀ ਵਿਚ ਨੱਚਦੇ ਹੋਏ ਕਿੰਨੇ ਸਾਰੇ ਨਿਆਣੇ ਵੇਖ ਮੇਰਾ ਮਨ ਖਿੜ ਜਾਇਆ ਕਰਦਾ..!
ਮੈਂ ਵੀ ਕੋਲੇ ਵਾਲੇ ਇੰਜਣ ਦੀ ਲੰਮੀ ਸੀਟੀ ਵਜਾ ਕੇ ਓਹਨਾ ਦੀ ਖੁਸ਼ੀ ਵਿਚ ਸ਼ਾਮਿਲ ਹੋ ਜਾਇਆ ਕਰਦਾ..!
ਇੱਕ ਵੇਰ ਇੰਜਣ ਐਨ ਓਥੇ ਖਰਾਬ ਹੋ ਗਿਆ..!
ਮਕੈਨਿਕ ਅੰਮ੍ਰਿਤਸਰੋਂ ਆਉਣੇ ਸਨ..ਘੜੀ ਲੱਗ ਜਾਣੀ ਸੀ..ਮੈਂ ਹੇਠਾਂ ਉੱਤਰ ਓਸੇ ਘਰ ਚਲਾ ਗਿਆ..ਬੜੀ ਸੇਵਾ ਕੀਤੀ..ਗੱਲਾਂ ਗੱਲਾਂ ਵਿਚ ਨਾਨਕੇ ਪਿੰਡੋਂ ਮੇਰੀ ਰਿਸ਼ਤੇਦਾਰੀ ਵੀ ਨਿੱਕਲ ਆਈ..!
ਮਗਰੋਂ ਸਾਰੇ ਮਹਿਕਮੇਂ ਵਿਚ ਵੀ ਉਹ ਘਰ “ਭਾਊ ਦੇ ਨਾਨਕੇ” ਕਰਕੇ ਮਸ਼ਹੂਰ ਹੋ ਗਿਆ..!
ਕੋਟ ਖਾਲਸਾ ਦਾ ਹੋਣ ਕਰਕੇ ਸਾਰੇ ਮੈਨੂੰ ਭਾਉ ਆਖ ਸੱਦਿਆ ਕਰਦੇ ਸਨ..ਚੁਰਾਸੀ ਪਚਾਸੀ ਵੇਲੇ ਵੇਖਦਾ ਉਹ ਘਰ ਅਕਸਰ ਹੀ ਪੁਲਸ ਸੀ.ਆਰ.ਪੀ ਨੇ ਘੇਰਿਆ ਹੁੰਦਾ..ਸ਼ਾਇਦ ਕੌਮੀਂ ਸੇਵਾ ਵਿਚ ਲੱਗਿਆ ਕੋਈ ਰੂਪੋਸ਼ ਹੋ ਗਿਆ ਸਰਕਾਰ ਨੂੰ ਲੁੜੀਂਦਾ ਸੀ!
ਇੱਕ ਦਿਨ ਯੂਨੀਅਨ ਦੇ ਇੱਕ ਡਰਾਈਵਰ ਨੇ ਦੱਸਿਆ ਕੇ ਦਿਨ ਢਲੇ ਓਸੇ ਘਰ ਗੋਲੀ ਚਲ ਰਹੀ ਸੀ..ਦੂਰ ਪਟੜੀ ਤੱਕ ਪੁਲਸ ਹੀ ਪੁਲਸ ਸੀ..!
ਨਾਲ ਹੀ ਟਿਚਕਰ ਜਿਹੀ ਵੀ ਕੀਤੀ..ਜਿਸ ਹਿਸਾਬ ਨਾਲ ਘੇਰਾ ਏ..ਲੱਗਦਾ “ਭਾਊ ਦੇ ਨਾਨਕੇ” ਅੱਜ ਉੱਜੜ ਜਾਣੇ..!
ਮੈਂ ਰੋਹ ਵਿਚ ਆ ਗਿਆ..ਆਖਿਆ ਜਿੰਨੀ ਦੇਰ ਦਸਮ ਪਿਤਾ..ਬਾਬੇ ਦੀਪ ਸਿੰਘ ਅਤੇ ਤੀਰ ਵਾਲੇ ਦੀ ਮੇਹਰ ਏ..”ਭਾਊਆਂ ਦੇ ਨਾਨਕੇ” ਕਦੇ ਨਹੀਂ ਉੱਜੜ ਸਕਦੇ..!
ਛੇਤੀ ਮਗਰੋਂ ਹੀ ਮੇਰੀ ਬਦਲੀ ਅੰਬਾਲੇ ਡਿਵੀਜਨ ਹੋ ਗਈ..ਮੇਰਾ ਪਰਿਵਾਰ ਵੀ ਚੰਡੀਗੜ ਸਿਫਟ ਹੋ ਗਿਆ..ਫੇਰ ਮਗਰੋਂ ਓਥੋਂ ਹੀ ਰਿਟਾਇਰਮੈਂਟ ਵੀ ਹੋ ਗਈ!
ਕੁਝ ਵਰ੍ਹਿਆਂ ਮਗਰੋਂ ਕਨੇਡਾ ਆਉਣ ਕਰਕੇ ਸਾਰਾ ਕੁਝ ਹੀ ਬਦਲ ਜਿਹਾ ਗਿਆ..!
ਕਈ ਵੇਰ ਮੇਰਾ ਅਤੀਤ ਸੁਫਨਾ ਬਣ ਮੇਰੇ ਸਾਮਣੇ ਆਣ ਖਲੋਂਦਾ ਤੇ ਜੀ ਕਰਦਾ ਉੱਡ ਕੇ ਮਾਝੇ ਦੇ ਓਸੇ ਇਲਾਕੇ ਵਿੱਚ ਅੱਪੜ ਜਾਵਾਂ!
ਕਿੰਨੇ ਵਰ੍ਹਿਆਂ ਬਾਅਦ ਦੰਦ ਲਵਾਉਣ ਅਤੇ ਹੋਰ ਨਿੱਕੇ ਮੋਟੇ ਕੰਮ ਕਰਾਉਣ ਕੱਲੇ ਨੂੰ ਹੀ ਏਧਰ ਆਉਣਾ ਪਿਆ..ਕਾਰ ਡਰਾਈਵਰ ਦਾ ਪੱਕਾ ਬੰਦੋਬਸਤ ਕਰ ਦਿੱਤਾ ਗਿਆ ਸੀ..!
ਅੰਮ੍ਰਿਤਸਰ ਦਾ ਬਦਲਿਆਂ ਹੋਇਆ ਮੁਹਾਂਦਰਾਂ ਵੇਖ ਹੌਲ ਜਿਹਾ ਪਿਆ..ਡਰਾਈਵਰ ਨੂੰ ਆਖਿਆ ਗੱਡੀ ਬਟਾਲੇ ਸ਼ਹਿਰ ਵੱਲ ਨੂੰ ਮੋੜ ਲਵੇ..ਓਥੇ ਵੀ ਕੁਝ ਵੇਖਣਾ!
ਓਥੇ ਅੱਪੜੇ..ਕਿੰਨਾ ਕੁਝ ਬਦਲ ਗਿਆ ਸੀ..ਮਾਹੌਲ,ਰਹਿਣ ਸਹਿਣ,ਗੱਡੀਆਂ ਖੇਤ ਟਿਊਬਵੈੱਲਾਂ ਦਾ ਮੂੰਹ ਮੁਹਾਂਦਰਾਂ..ਸਭ ਕੁਝ!
ਝੰਡੇ ਪਿੰਡ ਰੇਲ ਫਾਟਕ ਕੋਲ ਕਾਰ ਰੁਕਵਾ ਲਈ..ਪਟੜੀ ਦੇ ਨਾਲ ਨਾਲ ਕੱਲਾ ਹੀ ਤੁਰਨ ਲੱਗ ਪਿਆ..ਇੱਕਦਮ ਠੇਡਾ ਲੱਗਾ ਤੇ ਮਸੀਂ ਸੰਭਲ ਕੁਝ ਕਦਮ ਹੋਰ ਤੁਰਿਆ..ਅਖੀਰ ਪੈਰ ਇੱਕ ਜਗਾ ਰੁਕ ਜਿਹੇ ਗਏ..ਵੱਡੀ ਸਾਰੀ ਫੈਕਟਰੀ ਕੋਲ ਇੱਕ ਆਲੀਸ਼ਾਨ ਦਫਤਰ ਬਣਿਆ ਹੋਇਆ ਸੀ..!
ਕਿਸੇ ਪੂਰਾਣੇ ਘਰ ਦੀ ਇਮਾਰਤ ਲੱਭਦਿਆਂ ਖਿਆਲ ਆਇਆ ਕੇ ਪੈਂਤੀ ਸਾਲ ਥੋੜਾ ਅਰਸਾ ਤੇ ਨਹੀਂ ਹੁੰਦਾ..ਦੋ ਪੀੜੀਆਂ ਦਾ ਸਫ਼ਰ..ਜਰੂਰ ਭੁਲੇਖਾ ਲੱਗ ਗਿਆ ਹੋਣਾ..ਪਰ ਅਗਲੇ ਹੀ ਪਲ ਦਰਖਤਾਂ ਦੇ ਝੁੰਡ ਵਿਚੋਂ ਕਿਸੇ ਤਰਾਂ ਬਚ ਗਏ ਇੱਕ ਮੋਟੇ ਸਾਰੇ ਬੋਹੜ ਨੇ ਸਾਰੀ ਕਹਾਣੀ ਸਾਫ ਕਰ ਦਿੱਤੀ..!
ਇਸੇ ਹੇਠ ਖਲੋ ਕੇ ਹੀ ਤਾਂ ਨਿੱਕੇ ਨਿੱਕੇ ਕਿੰਨੇ ਸਾਰੇ ਜਿਊਣ ਜੋਗੇ ਲੰਘਦੀ ਗੱਡੀ ਵੱਲ ਵੇਖ ਟਾ-ਟਾ ਕਰਦੇ ਹੋਏ ਰੌਲਾ ਪਾਇਆ ਕਰਦੇ ਸਨ..!
ਅਤੀਤ ਦੇ ਘੋੜੇ ਤੇ ਚੜੇ ਹੋਏ ਦੀਆਂ ਅੱਖੀਆਂ ਕਦੋਂ ਗਿੱਲੀਆਂ ਹੋ ਗਈਆਂ..ਪਤਾ ਹੀ ਨਹੀਂ ਲੱਗਾ!
ਮਗਰ ਤੁਰੇ ਆਉਂਦੇ ਡਰਾਈਵਰ ਨੇ ਪੁੱਛ ਲਿਆ ਬਾਬਾ ਜੀ ਕੀ ਗੱਲ ਹੋਈ..ਅੱਖੀਆਂ ਕਿਓਂ ਪੂੰਝੀ ਜਾਂਦੇ ਓ?
ਆਖਿਆ ਕੁਝ ਨੀ ਪੁੱਤਰ ਬੱਸ “ਭਾਊਆਂ ਦੇ ਨਾਨਕੇ” ਚੇਤੇ ਆ ਗਏ..ਲੱਗਦਾ ਬਦਲਿਆ ਹੋਇਆ ਮਾਹੌਲ ਅਤੇ ਆਹ ਫੈਕਟਰੀ ਹੀ ਉਸਨੂੰ ਖਾ ਗਈ ਏ..!
“ਕਿਹੜੇ ਭਾਊਆਂ ਦੇ ਨਾਨਕੇ”?
ਇਸਤੋਂ ਪਹਿਲਾਂ ਕੇ ਜੁਆਬ ਦੇ ਸਕਦਾ..ਕੋਲੋਂ ਲੰਘਦੀ ਤੇਜ ਰਫਤਾਰ ਗੱਡੀ ਦੀ ਉੱਚੀ ਸਾਰੀ ਅਵਾਜ ਡਰਾਈਵਰ ਦਾ ਕੀਤਾ ਸਵਾਲ ਅਤੇ ਮੇਰਾ ਜਵਾਬ ਦੋਵੇਂ ਹੀ ਨਿਗਲ ਗਈ!
ਫੇਰ ਬਿੜਕ ਜਿਹੀ ਹੋਈ..ਇੰਝ ਲੱਗਾ ਇੱਕ ਜਥਾ ਏਨੀ ਗੱਲ ਆਖ ਕੋਲ ਕਮਾਦ ਅੰਦਰ ਵੜ ਕਿਧਰੇ ਗਾਇਬ ਹੋ ਗਿਆ ਸੀ ਕੇ ਬਾਬਾ..ਭਾਊਆਂ ਦੇ ਨਾਨਕੇ ਤਾਂ ਸਦੀਆਂ ਤੋਂ ਹੀ ਉੱਜੜਦੇ ਆਏ ਨੇ..ਕਦੇ ਆਪਣਿਆਂ ਹੱਥੋਂ ਤੇ ਕਦੀ ਬੇਗਾਨਿਆਂ ਹੱਥੋਂ..ਤੂੰ ਐਵੇਂ ਨਾ ਦਿਲ ਹੌਲਾ ਕਰਿਆ ਕਰ..ਬੱਸ ਕਦੇ ਕਦੇ ਹਾਲ ਚਾਲ ਪੁੱਛਣ ਆ ਜਾਇਆ ਕਰ..ਅਸੀਂ ਏਧਰ ਹੀ ਹੁੰਨੇ ਹਾਂ..ਕਮਾਦਾਂ ਜੂਹਾਂ ਤੇ ਬਾਕੀ ਬਚੀਆਂ ਕੱਸੀਆਂ ਦੇ ਕੰਢੇ..ਕੋਲੋਂ ਲੰਘਦੀ ਰੇਲ ਦੇ ਹਰੇਕ ਇੰਝਣ ਵੱਲ ਵੇਖਦੇ ਹੋਏ..!
ਹਰਪ੍ਰੀਤ ਸਿੰਘ ਜਵੰਦਾ