ਸਾਡੇ ਵਾਰੀ ਨੌਂਵੀ ਤੇ ਦਸਵੀਂ ਦੋਨੇ ਬੋਰਡ ਦੀਆਂ ਕਲਾਸਾਂ ਸਨ ਤੇ ਸਾਡਾ ਘੁਮਿਆਰੇ ਸਕੂਲ ਵਾਲਿਆਂ ਦਾ ਪ੍ਰੀਖਿਆ ਕੇਂਦਰ ਸਰਕਾਰੀ ਹਾਈ ਸਕੂਲ ਲੰਬੀ ਹੁੰਦਾ ਸੀ। ਇਹ ਗੱਲ 1974 ਦੀ ਹੈ ਉਸ ਸਾਲ ਅਬੁਲ ਖੁਰਾਣੇ ਤੋਂ ਕੋਈਂ ਓਮ ਪ੍ਰਕਾਸ਼ ਨਾਮ ਦੇ ਅਧਿਆਪਕ ਦੀ ਡਿਊਟੀ ਇਸ ਕੇਂਦਰ ਵਿੱਚ ਬਤੌਰ ਡਿਪਟੀ ਸੁਪਰਡੈਂਟ ਲੱਗੀ ਸੀ। ਉਸ ਸਾਲ ਅਸੀਂ ਦੋਨੇ ਭੈਣ ਭਰਾ ਨੌਂਵੀ ਦੇ ਪੇਪਰ ਦੇ ਰਹੇ ਸੀ। ਅਸੀਂ ਨਾ ਫਸਟ ਡਵੀਜਨ ਵਾਲੇ ਸੀ ਤੇ ਨਾ ਫੇਲ ਹੋਣ ਵਾਲੇ। ਪਰ ਡਿਪਟੀ ਸਾਹਿਬ ਨੂੰ ਪਤਾ ਲੱਗ ਗਿਆ ਕਿ ਇਹ ਦੋਨੇ ਪਟਵਾਰੀ ਸਾਹਿਬ ਦੇ ਬੱਚੇ ਹਨ। ਉਹਨਾਂ ਦਿਨਾਂ ਵਿੱਚ ਇੱਕ ਪੇਪਰ ਪਾਸ ਕਰਾਉਣ ਦਾ ਰੇਟ ਦੋ ਸੌ ਰੁਪਏ ਹੁੰਦਾਂ ਸੀ। ਆਮ ਤੋਰ ਤੇ ਕਿਹਾ ਜਾਂਦਾ ਸੀ ਕਿ ਸੁਪਰਡੈਂਟ ਅਤੇ ਡਿਪਟੀ ਸੁਪਰਡੈਂਟ ਡਿਊਟੀ ਤੋਂ ਸਕੂਟਰ ਬਣਾ ਹੀ ਲੈਂਦੇ ਹਨ। ਡਿਪਟੀ ਸਾਹਿਬ ਨੇ ਸਾਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਉਹ ਸਾਡੀ ਹੀ ਸੀਟ ਕੋਲੇ ਆ ਖੜ੍ਹਦੇ, ਮੇਜ਼ ਤੇ ਫੁੱਟਾ ਮਾਰਦੇ ਯ ਸਾਡਾ ਪੇਪਰ ਪੜ੍ਹਨ ਲੱਗ ਜਾਂਦੇ। ਇਸ ਤਰਾਂ ਅਸੀਂ ਹੋਰ ਲਿਖ ਨਾ ਪਾਉਂਦੇ ਤੇ ਡਿਸਟਰਬ ਹੁੰਦੇ। ਅਸੀਂ ਦੋਨੇ ਪਰਚੀ ਤੋਂ ਬਹੁਤ ਡਰਦੇ ਸੀ। ਡਿਪਟੀ ਸਾਬ ਸਾਡੇ ਤੋਂ ਦੋ ਸੌ ਦੀ ਝਾਕ ਕਰਦਾ ਸੀ। ਪਰ ਅਸੀਂ ਅਜਿਹਾ ਕਰਨਾ ਚਾਹੁੰਦੇ ਨਹੀਂ ਸੀ ਤੇ ਨਾ ਹੀ ਇੰਨੀ ਗੁੰਜਾਇਸ਼ ਸੀ। ਡਿਪਟੀ ਸਾਹਿਬ ਸਿਗਰੇਟ ਪੀਣ ਦੇ ਸ਼ੁਕੀਨ ਸਨ। ਪੇਪਰ ਮੋਰਨਿੰਗ ਤੇ ਇਵਨਿੰਗ ਸ਼ਿਫਟਾਂ ਵਿੱਚ ਹੁੰਦੇ ਸਨ। ਪਾਪਾ ਜੀ ਨੇ ਸਕੀਮ ਲਾਈ ਤੇ ਇੱਕ ਸਿਗਰਟਾਂ ਦੀ ਡੱਬੀ ਤੇ ਮਾਚਿਸ ਦੀ ਡੱਬੀ ਨਾਲ ਕੁਝ ਖੁੱਲ੍ਹੇ ਪੈਸੇ (ਭਾਣ) ਦੇ ਕੇ ਮੈਨੂੰ ਡਿਪਟੀ ਸਾਹਿਬ ਕੋਲ ਭੇਜ ਦਿੱਤਾ। ਮੋਰਨਿੰਗ ਸ਼ਿਫਟ ਤੋਂ ਬਾਦ ਉਹ ਸਾਰੇ ਸਟਾਫਰੂਮ ਵਿੱਚ ਬੈਠੇ ਸਨ। ਸਾਰਿਆਂ ਦੇ ਬੈਠੇ ਉਹ ਸਮਾਨ ਮੈਂ ਡਿਪਟੀ ਓਮ ਪ੍ਰਕਾਸ਼ ਨੂੰ ਫੜਾ ਦਿੱਤਾ।
“ਸ਼ੈਤਾਨੀ ਕਰ ਗਿਆ ਤੂੰ।” ਪੇਪਰ ਦੌਰਾਨ ਡਿਪਟੀ ਸਾਹਿਬ ਮੈਨੂੰ ਕਿਹਾ। ਅਸਲ ਵਿੱਚ ਸਿਗਰਟਾਂ ਦੀ ਡੱਬੀ ਵਿੱਚ ਪਾਪਾ ਜੀ ਨੇ ਪੰਜਾਹ ਦਾ ਨੋਟ ਵੀ ਪਾ ਦਿੱਤਾ ਸੀ। ਜਿਸ ਬਾਰੇ ਪਾਪਾ ਜੀ ਨੇ ਮੈਨੂੰ ਸ਼ਾਮ ਨੂੰ ਦੱਸਿਆ। ਉਸ ਨੋਟ ਨਾਲ ਡਿਪਟੀ ਸਾਹਿਬ ਦੇ ਸ਼ਾਮ ਵਾਲੇ ਕੌੜੇ ਤਰਲ ਕੈਮੀਕਲ ਦਾ ਇੰਤਜ਼ਾਮ ਹੋ ਗਿਆ ਸੀ।
ਊਂ ਗੱਲ ਆ ਇੱਕ।
#ਰਮੇਸਸੇਠੀਬਾਦਲ
ਸਾਬਕਾ ਸੁਪਰਡੈਂਟ