ਸੱਚ ਦੀ ਤਲਾਸ਼ | sach di talaash

ਤੀਹ ਸਾਲ ਪੂਰਣੀ ਗੱਲ..ਮੈਂ ਲੈਕਚਰਰ ਅੰਗਰੇਜੀ ਦੀ ਸਾਂ ਪਰ ਲਿਖਣ ਦਾ ਸ਼ੋਕ ਪੰਜਾਬੀ ਦਾ ਸੀ..ਮਿੰਨੀ ਕਹਾਣੀ ਸੰਗ੍ਰਹਿ ਦਾ ਨਾਮ ਰੱਖਿਆ “ਸੱਚ ਦੀ ਤਲਾਸ਼”..!
ਬੜੀ ਕੋਸ਼ਿਸ਼ ਕੀਤੀ ਪਰ ਸਮਝ ਨਹੀਂ ਸੀ ਆ ਰਹੀ ਕੇ ਹੁਣ ਇਸਦਾ ਅੰਤ ਕਿੱਦਾਂ ਕਰਾ..!
ਮਾਂ ਨਾਲ ਗੱਲ ਕਰਦੀ ਤਾਂ ਆਖਦੀ..ਰਸੋਈ ਵੱਲ ਧਿਆਨ ਦੇ..ਅੱਜ ਕੱਲ ਪੜਾਈ ਲਿਖਾਈ ਤੋਂ ਇਲਾਵਾ ਹੋਰ ਵੀ ਕਿੰਨੀਆਂ ਚੀਜਾਂ ਵੇਖਦੇ ਨੇ..!
ਫੇਰ ਰਿਸ਼ਤੇ ਦੀ ਦੱਸ ਪਈ..ਪਰਿਵਾਰ ਥੋੜਾ ਬਹੁਤ ਜਾਣਦਾ ਸੀ..ਮੁੰਡਾ ਸਿਹਤ ਵਿਭਾਗ ਵਿਚ ਐੱਸ.ਡੀ.ਓ ਸੀ!
ਮਾਂ ਨੀ ਪੱਕੀਆਂ ਕੀਤੀਆਂ..ਕਿੰਨਾ ਕੁਝ ਸਿਖਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ..ਚਾਹ..ਚਟਣੀ..ਫੁਲਕੇ..ਸਬਜੀ ਤੇ ਹੋਰ ਵੀ ਕਿੰਨਾ ਕੁਝ..!
ਜਿਸ ਦਿਨ ਪ੍ਰਾਹੁਣਿਆਂ ਨੇ ਆਉਣਾ ਸੀ..ਉਸ ਦਿਨ ਵੀ ਚੰਗੀ ਤਰਾਂ ਸਮਝਾਇਆ..ਇਹੋ ਜਿਹੇ ਸਵਾਲ ਜਿਆਦਾਤਰ ਸੱਸਾਂ ਕਰਦੀਆਂ ਹੁੰਦੀਆਂ..ਜੇ ਪੁੱਛਣ ਤਾਂ ਆਖੀਂ ਸਾਰਾ ਕੁਝ ਆਉਂਦਾ ਏ..ਵਿਆਹ ਤੱਕ ਤੈਨੂੰ ਸਭ ਕੁਝ ਸਿਖਾ ਦੇਊ..ਮੈਂ ਅੱਗਿਓਂ ਹਾਂ ਹਾਂ ਕਰੀ ਗਈ..!
ਪਰ ਐਨ ਮੌਕੇ ਤੇ ਹਾਲਾਤ ਕੁਝ ਹੋਰ ਹੋ ਗਏ..ਬਾਕੀ ਸਾਰੇ ਪੜਾਈ ਲਿਖਾਈ ਬਾਰੇ ਪੁੱਛੀ ਗਏ ਤੇ ਚੁੱਲੇ-ਚੌਂਕੇ ਬਾਰੇ ਸਵਾਲ ਕੀਤਾ ਐੱਸ ਡੀ ਓ ਸਾਬ ਦੇ ਦਾਦਾ ਜੀ ਨੇ..
ਨਾਜ਼ੁਕ ਮੌਕਿਆਂ ਤੇ ਮੈਥੋਂ ਕਦੇ ਵੀ ਗੱਲ ਬਣਾਈ ਨਹੀਂ ਸੀ ਜਾਂਦੀ..ਸੋ ਮੈਂ ਛੇਤੀ ਨਾਲ ਸੱਚ ਬੋਲ ਖਹਿੜਾ ਛੁਡਾਉਣ ਦੀ ਕੀਤੀ..ਸੱਚ ਸੱਚ ਆਖ ਦਿੱਤਾ ਕੇ ਚਟਣੀ ਕੁੱਟਣ ਅਤੇ ਆਂਡੇ ਉਬਾਲਣ ਤੋਂ ਸਿਵਾਏ ਮੈਨੂੰ ਹੋਰ ਕੁਝ ਵੀ ਨਹੀਂ ਆਉਂਦਾ..ਚਾਰੇ ਪਾਸੇ ਹਾਸਾ ਪੈ ਗਿਆ ਤੇ ਮਾਂ ਸਿਰ ਫੜ ਕੇ ਬੈਠ ਗਈ!
ਮਗਰੋਂ ਮੰਗਣੀ ਦੀ ਰਸਮ ਮੌਕੇ ਦਾਦੇ ਜੀ ਹੁਰਾਂ ਨੇ ਲੰਮਾ ਚੌੜਾ ਭਾਸ਼ਣ ਦਿੱਤਾ..ਆਖਣ ਲੱਗੇ ਚੁੱਲ੍ਹਾ ਚੌਂਕਾ ਤੇ ਫੇਰ ਵੀ ਸਿਖਿਆ ਜਾ ਸਕਦਾ ਪਰ ਜਿਸ ਸੱਚ ਦੀ ਤਲਾਸ਼ ਸਾਨੂੰ ਪਿਛਲੇ ਕਿੰਨਿਆਂ ਵਰ੍ਹਿਆਂ ਤੋਂ ਸੀ ਉਹ ਆਖਿਰ ਅੱਜ ਇਥੇ ਅੱਪੜ ਮੁੱਕ ਹੀ ਗਈ ਏ..!
ਮਨ ਹੀ ਮਨ ਮੈਂ ਵੀ ਸ਼ੁਕਰ ਮਨਾਂ ਰਹੀ ਸਾਂ ਕੇ ਸੱਚ ਦੀ ਤਲਾਸ਼ ਵਿੱਚ ਕਾਮਯਾਬ ਹੋਏ ਉਹ ਇਕੱਲੇ ਇਨਸਾਨ ਨਹੀਂ ਸਨ..ਉਸ ਕਾਫਲੇ ਵਿੱਚ ਮੈਂ ਵੀ ਸ਼ਾਮਿਲ ਸਾਂ..ਆਪਣੇ ਕਾਵਿ ਸੰਗ੍ਰਹਿ ਸਮੇਤ..!
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *