ਪ੍ਰਾਹੁਣੇ ਦੀ ਜੁੱਤੀ | prahune di jutti

ਭੈਣ ਰਾਜਪਾਲ ਕੌਰ ਭੁੱਲਰ ਕੋਲ ਅੱਜ ਫਿਰੋਜ਼ਪੁਰ ਗਏ ਸਾਂ । ਉਹਨੇ ਪੁਰਾਣੇ ਸਮਿਆਂ ਦੀ ਗੱਲ ਸੁਣਾਈ ਜਦੋਂ ਪੈਸੇ ਟਕੇ ਦੀ ਬਹੁਤ ਘਾਟ ਹੁੰਦੀ ਸੀ। ਉਸ ਵੇਲੇ ਇਕ ਵਿਅਕਤੀ ਦਾ ਨਵਾਂ ਨਵਾਂ ਵਿਆਹ ਹੋਇਆ ਸੀ । ਵਿਆਹ ਤੋਂ ਬਾਅਦ ਪਹਿਲੀ ਵਾਰ ਉਹਨੇ ਆਪਣੀ ਘਰਵਾਲੀ ਨੂੰ ਲੈਣ ਸਹੁਰੇ ਘਰ ਜਾਣਾ ਸੀ । ਉਹਨੇ ਨਵੀਂ ਜੁੱਤੀ ਪਾਈ ਤੇ ਕੁੜਤਾ ਪਜਾਮਾ ਪਾ ਕੇ ਪੂਰੀ ਟੌਹਰ ਕੱਢ ਕੇ ਸੋਹਰਿਆ ਨੂੰ ਜਾਣ ਦੀ ਤਿਆਰੀ ਕੀਤੀ । ਉਸ ਵੇਲੇ ਬੱਸਾਂ ਵੀ ਵਿਰਲੀਆਂ ਟਾਵੀਆਂ ਚੱਲਦੀਆਂ ਸਨ ਤੇ ਕਈ ਬੱਸਾਂ ਤਾਂ ਖਟਾਰਾ ਹੀ ਹੁੰਦੀਆਂ ਸਨ । ਉਹ ਬੱਸ ਵਿੱਚ ਬੈਠ ਗਿਆ। ਥੋੜੇ ਚਿਰ ਬਾਅਦ ਉਸ ਨੇ ਪੈਰਾਂ ਵਿਚ ਪਾਈ ਜੁੱਤੀ ਲਾਹ ਲਈ ਤਾਂ ਕਿ ਪੈਰਾਂ ਨੂੰ ਥੋੜਾ ਅਰਾਮ ਮਿਲ ਸਕੇ । ਬੱਸ ਵਿੱਚ ਬੈਠੇ ਦੀ ਹੀ ਉਹਦੀ ਅੱਖ ਲੱਗ ਗਈ । ਜਦੋਂ ਸ਼ਹਿਰ ਆਇਆ ਤਾਂ ਉਹਦੀ ਜਾਗ ਖੁੱਲ੍ਹੀ । ਪੈਰਾਂ ਵਿਚ ਜੁੱਤੀ ਪਾਉਣ ਲੱਗਾ । ਪਰ ਇਕ ਜੁੱਤੀ ਤਾਂ ਹੈ ਹੀ ਨਹੀਂ ਸੀ । ਉਹਨੇ ਆਸੇ ਪਾਸੇ ਵੇਖਿਆ , ਫੇਰ ਉਹਦਾ ਧਿਆਨ ਬੱਸ ਦੇ ਟੁੱਟੇ ਹੋਏ ਪੱਤਰੇ ਵੱਲ ਪਿਆ । ਜੁੱਤੀ ਤਾਂ ਕਿਤੇ ਰਾਹ ਵਿੱਚ ਹੀ ਉਸ ਮੋਰੇ ਵਿੱਚ ਦੀ ਡਿੱਗ ਪਈ ਸੀ। ਉਹ ਬੜਾ ਪ੍ਰੇਸ਼ਾਨ ਹੋਇਆ । ਕਿਉਂਕਿ ਪੈਸੇ ਤਾਂ ਉਹਨੂੰ ਘਰਦਿਆਂ ਨੇ ਮਸਾਂ ਕਿਰਾਏ ਭਾੜੇ ਯੋਗੇ ਦੇ ਕੇ ਹੀ ਤੋਰਿਆ ਸੀ ਉਹ ਨਵੀਂ ਜੁੱਤੀ ਕਾਹਦੇ ਨਾਲ ਖਰੀਦਦਾ ।
ਬੱਸ ਤੋਂ ਹੇਠਾਂ ਉੱਤਰਿਆ ਤਾਂ ਉਹਦੀ ਨਜ਼ਰ ਧਰਤੀ ਤੇ ਸੁੱਟੀ ਪਈ ਚਿੱਟੀ ਪੱਟੀ ਤੇ ਪਈ ਜੋ ਕਿਸੇ ਨੇ ਜਖਮ ਤੋਂ ਲਾ ਕੇ ਸੁੱਟੀ ਹੋਣੀ ਆ । ਉਸ ਨੂੰ ਸਕੀਮ ਸੁੱਝੀ ਕਿ ਜੁੱਤੀ ਤਾਂ ਲੈ ਨਹੀਂ ਸਕਦਾ ਕਿਉਂ ਨਾ ਇਹ ਪੱਟੀ ਹੀ ਪੈਰ ਤੇ ਬੰਨ੍ਹ ਲਵਾ ਤੇ ਸੱਟ ਵੱਜੀ ਦਾ ਬਹਾਨਾ ਬਣਾ ਦੇਵਾ । ਉਹਨੇ ਪੈਰ ਤੇ ਪੱਟੀ ਬੰਨ ਲਈ ਤੇ ਦੂਜੇ ਪੈਰ ਵਿੱਚ ਜੁੱਤੀ ਪਾ ਲਈ । ਫੇਰ ਉਹਨੇ
ਜੁੱਤੀਆਂ ਗੱਢਣ ਵਾਲੇ ਮੋਚੀ ਦਾ ਮਿੰਨਤ ਤਰਲਾ ਕੀਤਾ ਤੇ ਕਿਹਾ ਕਿ ਇਕ ਚੱਪਲ ਮੈਨੂੰ ਦੇ । ਇਕ ਪੈਰ ਵਿੱਚ ਚੱਪਲ ਤੇ ਦੂਜੇ ਪੈਰ ਵਿੱਚ ਜੁੱਤੀ ਪਾ ਕੇ ਜਦੋਂ ਉਹ ਸੋਹਰਿਆ ਦੇ ਘਰ ਪੁੱਜਾ ਤਾਂ ਉਹ ਪਰਾਉਣੇ ਦੇ ਪੈਰ ਤੇ ਬੰਨੀ ਹੋਈ ਪੱਟੀ ਵੇਖ ਕੇ ਹੱਕੇ ਬੱਕੇ ਰਹਿ ਗਏ ਕਿ ਇਹ ਕੀ ਹੋ ਗਿਆ । ਸਾਰਾ ਟੱਬਰ ਭੱਜਿਆ ਫਿਰੇ ਪਰ ਪ੍ਰਾਉਣਾ ਪੈਰ ਨੂੰ ਹੱਥ ਨਾ ਲਾਉਣ ਦੇਵੇ । ਉਹਦੀ ਘਰਵਾਲੀ ਤਾਂ ਵਿਚਾਰੀ ਖਹਿੜੇ ਹੀ ਪਈ ਹੋਈ ਸੀ ਕਿ ਮੈਂ ਤਾਂ ਪੱਟੀ ਲਾਹ ਕੇ ਵੇਖਣੀ ਆ ਕਿ ਪੈਰ ਤੇ ਸੱਟ ਕਿੰਨੀ ਕੁ ਵੱਜੀ ਆ । ਪਰ ਪ੍ਰਾਉਣਾ ਨੇੜੇ ਨਾ ਲੱਗਣ ਦੇਵੇ । ਔਖ਼ੇ ਸੌਖੇ ਮਸਾਂ ਉਹਨੇ ਰਾਤ ਲੰਘਾਈ ਤੇ ਸਵੇਰੇ ਜਲਦੀ ਉੱਠ ਕੇ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕਿ ਆਪਾ ਹੁਣੇ ਹੀ ਜਾਣਾ ਹੈ । ਉਹ ਤਾਂ ਵਿਚਾਰਾ ਇਹ ਵੀ ਭੁੱਲ ਜਾਂਦਾ ਸੀ ਕਿ ਲੰਗ ਕਿਹੜੇ ਪਾਸੇ ਨੂੰ ਮਾਰਨਾ ਆ । ਤਿਆਰ ਹੋ ਕੇ ਉਹ ਦੋਵੇਂ ਮੀਆਂ ਬੀਵੀ ਮੁੜ ਬੱਸ ਤੇ ਚੜ ਗਏ । ਬੱਸ ਵਿੱਚ ਬੈਠੀ ਨੇ ਉਹਨੂੰ ਫੇਰ ਪੁੱਛਿਆ ਕਿ ਪੈਰ ਜਿਆਦਾ ਤਾਂ ਨਹੀਂ ਦੁੱਖਦਾ । ਪਰਾਉਣੇ ਨੇ ਪੈਰ ਤੋਂ ਪੱਟੀ ਲਾਹ ਕੇ ਬਾਰੀ ਵਿਚੋਂ ਦੀ ਬਾਹਰ ਸੁੱਟ ਦਿੱਤੀ ਤੇ ਨਾਲੇ ਆਪਣੀ ਘਰ ਵਾਲੀ ਨੂੰ ਬੱਸ ਵਿਚੋਂ ਜੁੱਤੀ ਡਿਗਣ ਵਾਲੀ ਸਾਰੀ ਗੱਲ ਦੱਸੀ । ਬੱਸੋ ਉੱਤਰ ਕੇ ਉਹ ਆਪਣੇ ਘਰ ਨੂੰ ਨਵੀਂ ਵਿਆਹੀ ਵਹੁਟੀ ਨਾਲ ਇਕ ਪੈਰੋ ਨੰਗਾ ਹੀ ਤੁਰਿਆ ਜਾ ਰਿਹਾ ਸੀ ।
—————
– ਸੁਖਪਾਲ ਸਿੰਘ ਢਿੱਲੋਂ
9815288208

Leave a Reply

Your email address will not be published. Required fields are marked *