ਇੱਕ ਜ਼ਮਾਨਾ ਸੀ ਜਦੋਂ ਦੋ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਸੀ। ਪਰ ਜੇ ਕਿਸਮਤ ਮਾੜੀ ਹੋਵੇ ਤਾਂ ਦੋ ਘਰਾਂ ਦੀ ਉਮੀਦ ਤੇ ਗੁਜਾਰਾ ਕਰਨ ਵਾਲੇ ਨੂੰ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਅੱਜ ਛੋਟੂ ਨੂੰ ਨਾਲ ਲੈ ਕੇ ਮੇਰੀ ਸ਼ਰੀਕ ਏ ਹਯਾਤ ਆਪਣੀ ਭੂਆ ਦਰਸ਼ਨ ਨੂੰ ਝੀਲਾਂ ਦੀ ਨਗਰੀ ਬਠਿੰਡਾ ਚਲੀ ਗਈ। ਸ਼ਾਮੀ ਚਾਰ ਵਜੇ ਤੋਂ ਦਸ ਵਜੇ ਤੱਕ ਸੇਵਾ ਪਾਣੀ ਦੀ ਜਿੰਮੇਦਾਰੀ ਦੋ ਢਾਈ ਘਰਾਂ ਦੇ ਸਿਰ ਸੀ। ਅਜੇ ਘਰੇ ਵੜਿਆ ਹੀ ਸੀ ਕਿ ਉਧਰੋਂ ਕੌਫੀ ਦੀ ਆਫ਼ਰ ਆ ਗਈ। ਬਹੁਤ ਨਾ ਨੁਕਰ ਕੀਤੀ ਕੌਫੀ ਤੋੰ ਟਾਲਾ ਕੀਤਾ ਤਾਂ ਦੇਸੀ ਸੇਵੀਆਂ ਦਾ ਡੋਲੂ ਆ ਗਿਆ। ਪੇਟ ਪੂਜਾ ਕਰਕੇ ਸੌਣ ਬਾਰੇ ਸੋਚਿਆ ਤਾਂ ਛੋਟੇ ਭਰਾ ਨੇ ਪੁੱਛਿਆ ਡੋਸਾ ਲੈਣ ਚਲਿਆਂ ਹਾਂ ਲਿਆਵਾਂ। ਮਖਿਆ ਮੈਂ ਸੋ ਰਿਹਾ ਹਾਂ।ਮੈਂ ਕੁਝ ਨਹੀਂ ਖਾਣਾ। ਫਿਰ ਬਾਰ ਬਾਰ ਫੋਨ ਦੀ ਘੰਟੀ ਨੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੈਂ ਫੋਨ ਨੂੰ ਸਾਈਲੇਂਟ ਕਰ ਦਿੱਤਾ। ਫਿਰ ਵੱਡਾ ਭਤੀਜ ਆ ਗਿਆ। ਤਾਊ ਜੀ ਕੁੱਝ ਲਿਆਵਾਂ ਖਾਣ ਲਈ ਬਜ਼ਾਰੋਂ। ਮਸਾਂ ਟਰਕਾਇਆ। ਕੌਫੀ ਬਾਰੇ ਹੁੰਦੀ ਵਾਰ ਵਾਰ ਪੁੱਛ ਪੜਤਾਲ ਨੇ ਸੌਣ ਨਹੀਂ ਦਿੱਤਾ। ਸ਼ਾਮੀ ਫਿਰ ਇਹੀ ਵਾਰ ਵਾਰ ਦੁਰਾਹਿਆ ਗਿਆ। ਭਾਜੀ ਮੈਂ ਬਜ਼ਾਰ ਹਾਂ ਬਸ ਇੱਕ ਹੀ ਜਬਾਬ ਦਿਓਂ ਡੋਸਾ ਖਾਉਂਗੇ ਯ ਭੱਲੇ। ਕੋਈ ਬਹਾਨਾ ਨਹੀਂ। ਇਹ ਰਾਜੂ ਦਾ ਆਰਡਰ ਸੀ। ਮਰਦੀ ਕੀ ਨਾ ਕਰਦੀ।ਹੁਣ ਭੱਲੇ ਦੀ ਪੂਰੀ ਪਲੇਟ ਮੁਕਣ ਦਾ ਨਾ ਹੀ ਨਹੀ ਲੈ ਰਹੀ। ਅਜੇ ਰੋਟੀ ਦਾ ਟਿਫ਼ਨ ਸਿਰਹਾਣੇ ਪਿਆ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਹੈ।
ਬਾਕੀ ਅਜੇ ਡਾਕਟਰ ਮਹੇਸ਼ ਬਾਂਸਲ ਨੂੰ ਨਹੀਂ ਪਤਾ ਲੱਗਿਆ ਨਹੀਂ ਤਾਂ ਇਹ ਪ੍ਰਾਹੁਣਾ ਤਿੰਨ ਘਰਾਂ ਦੀ ਚੱਕੀ ਵਿਚ ਪਿਸ ਜਾਣਾ ਸੀ।
ਵਾਖਰੂ ਵਾਖਰੂ।
#ਰਮੇਸ਼ਸੇਠੀਬਾਦਲ