“ਕਦੇ ਸ਼ਮੋਛਾ ਖਾਧਾ ਹੈ ਤੁਸੀਂ?” ਬਾਬੇ ਕੇ ਮੀਤੇ ਨੇ ਸਾਨੂੰ ਪੁੱਛਿਆ।
“ਕੀ ਹੁੰਦਾ ਹੈ ਸ਼ਮੋਛਾ?” ਅਸੀਂ ਸਾਰੇ ਹੈਰਾਨੀ ਨਾਲ ਇੱਕਠੇ ਹੀ ਬੋਲੇ।
“ਕਾਲੇਜ ਵਾਲੀ ਕਲਟੀਨ ਚੋਂ ਮਿਲਦਾ ਹੁੰਦਾ ਹੈ।”
“ਭੈਨਦਿਆ ਚੱਜ ਨਾਲ ਦੱਸ ਦੇ ਜ਼ਰ।”
“ਆਲੂਆਂ ਨੂੰ ਰੋਟੀ ਦੇ ਫਲਾਫੇ ਚ ਬੰਦ ਕਰਕੇ ਬਣਦਾ ਹੈ। ਫਿਰ ਖੱਟੀ ਚਟਨੀ ਨਾਲ ਖਾਂਦੇ ਹਨ ਜਨਾਰਾ ਆ ਜਾਂਦਾ ਹੈ। ਕੱਲ ਬੀਰਾਂ ਭੈਣ ਨੇ ਖਵਾਇਆ ਸੀ ਬੋਹਰ (ਅਬੋਹਰ ) ਕ਼ਲੇਜ ਚ। ਸੱਚੀ ਯਰ ਬੋਤ ਸਵਾਦ ਸੀ।” ਉਸਨੇ ਸਾਰੀ ਗੱਲ ਦੱਸੀ। ਮੀਤਾ ਅਬੋਹਰ ਆਪਣੀ ਕਾਲੇਜ ਪੜ੍ਹਦੀ ਭੈਣ ਨੂੰ ਮਿਲਣ ਅਬੋਹਰ ਗਿਆ ਸੀ ਕੱਲ। ਓਹ ਓਥੇ ਹੋਟਲ (ਹੋਸਟਲ ) ਚ ਰਹਿੰਦੀ ਸੀ। ਉਸਦੀ ਗੱਲ ਸੁਣਕੇ ਸਾਡਾ ਵੀ ਸ਼ਮੋਛੇ ਖਾਣ ਨੂੰ ਜੀ ਕਰੇ। ਪਰ ਸਾਡੇ ਪਿੰਡ ਤਾਂ ਪਤੋੜ ਹੀ ਮਿਲਦੇ ਸੀ ਠੇਕੇ ਕੋਲੇ। ਫਿਰ ਕਈ ਮਹੀਨਿਆਂ ਬਾਅਦ ਇੱਕ ਦਿਨ ਮੰਡੀ ਆਕੇ ਜਦੋ ਮਾਸੀ ਨੇ ਖੁਆਏ ਤਾਂ ਮੈ ਖਾਕੇ ਝੱਟ ਦੱਸ ਦਿੱਤਾ।
“ਮਾਸੀ ਇਹ ਸ਼ਮੋਛਾ ਹੈ ਨਾ?”
“ਸਮੋਛਾ ਨਹੀ ਓਏ ਕਮਲਿਆ ਸਮੋਸਾ ਹੁੰਦਾ ਹੈ।” ਮਾਸੀ ਨੇ ਦੱਸਿਆ।
——-
ਅਸੀਂ ਨੀਲ ਗਗਨ NEEL GAGAN ਵਾਲੀ ਕਾਪੀ ਅਜੇ ਪਹਿਲੀ ਵਾਰੀ ਵੇਖੀ ਸੀ। ਚੁਆਨੀ ਸੀ ਆਉਂਦੀ ਸੀ।
“ਆਹ ਨੀਲ ਗਗਨ ਕੀ ਹੁੰਦਾ ਹੈ।” ਇੱਕ ਦਿਨ ਫਿਰ ਮੀਤੇ ਨੇ ਸਾਨੂੰ ਆਪਣੇ ਮਗਰ ਲਾ ਲਿਆ। ਸਾਨੂੰ ਕੀ ਪਤਾ ਇਹ ਨੀਲ ਗਗਨ ਕੀ ਹੁੰਦਾ ਹੈ। ਸਾਡੇ ਭਾਣੇ ਨੀਲ ਗਗਨ ਦਾ ਮਤਲਬ ਕਾਪੀ ਹੀ ਹੁੰਦਾ ਸੀ।
“ਤੂੰ ਦਸ ਯਰ।” ਅਸੀਂ ਉਸ ਦੀਆਂ ਮਿਨਤਾਂ ਕੀਤੀਆਂ ਪਰ ਉਸਨੇ ਨਾ ਦੱਸਿਆ।
“ਦੱਸ ਦੇ ਯਰ।”
“ਦੱਸ ਦੇ ਯਰ।” ਅਸੀਂ ਉਸਦਾ ਖਹਿੜਾ ਨਾ ਛੱਡਿਆ।
“ਨੀਲ ਗਗਨ ਦਾ ਮਤਲਬ ……………।”
ਉਸਨੇ ਮੂੰਹ ਖੁਲ੍ਹਾ ਹੀ ਰੱਖਿਆ ਤੇ ਅੱਗੇ ਨਾ ਬੋਲਿਆ।
“ਦੱਸ ਵੀ ਦੇ ਹੁਣ।”
ਅਸੀਂ ਸੁਣਨ ਲਈ ਕਾਹਲੇ ਸੀ
“ਮੈਨੂ ਵੀ ਕੱਲ ਭੈਣ ਬੀਰਾਂ ਨੇ ਦੱਸਿਆ ਹੈ। ਬੋਹਰ (ਅਬੋਹਰ ) ਪੜ੍ਹਦੀ ਹੈ ਨਾ ਕਾਲੇਜ ਚ ਤੇ ਹੋਟਲ (ਹੋਸਟਲ ) ਰਹਿੰਦੀ ਆ।”
“ਹਾਹੋ ਪਤਾ ਹੈ ਸਾਨੂੰ।” “ਕੱਲ ਆਈ ਹੈ ਘਰੇ। ਮੈ ਤਾਏ ਨਾਲ ਆਉਂਦੀ ਵੇਖੀ ਸੀ। ਤੂੰ ਨੀਲ ਗਗਨ ਵਾਲੀ ਗੱਲ ਦਸ। ਸਾਨੂੰ ਬਾਹਲਾ ਟਰਕਾ ਨਾ।” ਮੈਂ ਥੋੜਾ ਖਿੱਝ ਕੇ ਬੋਲਿਆ।
“ਓਉਊ ਲੀਲਾ ਆਸਮਾਂ।”
“ਝੂਠਾ।”
“ਸਚੀ ਨੀਲ ਮਤਲਬ ਨੀਲਾ ਤੇ ਗਗਨ ਮਤਲਬ ਅਸਮਾਨ।”
ਪਰ ਸਾਨੂੰ ਯਕੀਨ ਜਿਹਾ ਨਾ ਆਵੇ। ਫਿਰ ਇੱਕ ਦਿਨ ਮੈ ਪਾਪਾ ਜੀ ਨੂੰ ਪੁੱਛਿਆ। ਓਹਨਾ ਦੀ ਹਾਂ ਤੇ ਹੀ ਯਕੀਨ ਆਇਆ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ
ਸਾਬਕਾ ਸੁਪਰਡੈਂਟ