“ਸੁਣਿਓਂ ਆਪਾਂ ਗਗਨ ਨੂੰ ਡਾਇਮੰਡ ਦਾ ਮੰਗਲ ਸੂਤਰ ਨਹੀਂ ਢੋਇਆ। ਹੁਣ ਬਣਵਾ ਦੇਈਏ।” ਨਵੰਬਰ 2017 ਵਿੱਚ ਹੋਈ ਵੱਡੇ ਬੇਟੇ ਦੀ ਸ਼ਾਦੀ ਤੋਂ ਮਹੀਨਾ ਕੁ ਬਾਅਦ ਰਾਤੀ ਸੌਣ ਲੱਗੇ ਨੂੰ ਬੇਗਮ ਨੇ ਬੜੇ ਢਿੱਲ਼ਾ ਜਿਹਾ ਮੂੰਹ ਕਰਦੀ ਹੋਈ ਨੇ ਕਿਹਾ। ਘਰ ਵਿੱਚ ਪਹਿਲਾ ਵਿਆਹ ਹੋਣ ਕਰਕੇ ਮੈਂ ਪੂਰੇ ਚਾਵਾਂ ਨਾਲ ਬੇਟੇ ਦਾ ਵਿਆਹ ਕੀਤਾ ਸੀ। ਮੇਰੇ ਜ਼ਹਿਨ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੀਤਾ ਗਿਆ ਵਿਸ਼ਾਲ ਤੇ ਮਹਿੰਗਾ ਵਿਆਹ ਘੁੰਮ ਰਿਹਾ ਸੀ। ਉਸ ਬਰਾਤ ਵਿੱਚ ਹਜ਼ਾਰਾਂ ਹਾਥੀ, ਘੋੜੇ ਸਨ। ਪਰ ਮੇਰੇ ਬੇਟੇ ਦੀ ਬਰਾਤ ਵਿੱਚ ਵੀ ਸਵਾ ਲੱਖ ਹਾਥੀ ਸੀ। ਸ਼ਹਿਰ ਵਿੱਚ ਤੇ ਰਿਸ਼ਤੇਦਾਰੀਆਂ ਵਿੱਚ ਕਾਫੀ ਚਰਚਾ ਹੋਈ। ਗੋਰਖਪੁਰ ਤੋਂ ਦੁੱਧ ਦਾ ਸਟਾਲ, ਆਬੂ ਤੋਂ ਚਾਹ ਵਾਲਾ ਤੇ ਲੁਧਿਆਣੇ ਤੋਂ ਬੇਕਰੀ ਵਾਲੇ ਬੁਲਵਾਏ ਸਨ। ਸੋਨਾ ਤਾਂ ਦੋਨਾਂ ਬੱਚਿਆਂ ਦੇ ਵਿਆਹ ਲਈ ਗੁਜਾਰੇ ਨਾਲੋਂ ਵੀ ਵੱਧ, ਮੈਂ ਪਹਿਲਾਂ ਹੀ ਹੋਲੀ ਹੋਲੀ ਬਣਵਾ ਲਿਆ ਸੀ। ਡਾਇਮੰਡ ਮੈਨੂੰ ਵੈਸੇ ਵੀ ਪਸੰਦ ਨਹੀਂ। ਇਸ ਲਈ ਮੈਂ ਖ੍ਰੀਦਿਆਂ ਵੀ ਨਹੀਂ ਤੇ ਨਾ ਹੀ ਮੈਨੂੰ ਡਾਇਮੰਡ ਬਾਰੇ ਬਹੁਤੀ ਜਾਣਕਾਰੀ ਸੀ।
“ਹੁਣ ਇੰਨੇ ਪੈਸੇ ਲਗਾਕੇ ਵਧੀਆ ਵਿਆਹ ਕਰ ਦਿੱਤਾ। ਥੋੜ੍ਹਾ ਟਾਈਮ ਰੁੱਕਕੇ ਬਣਵਾ ਦਿਆਂਗੇ।” ਮੈਂ ਮਿੱਠਾ ਜਿਹਾ ਜਵਾਬ ਦਿੱਤਾ। ਮੈਨੂੰ ਸੀ ਕਿ ਡਾਇਮੰਡ ਦਾ ਮੰਗਲ ਸੂਤਰ ਦੋ ਤਿੰਨ ਲੱਖ ਤੋਂ ਘੱਟ ਨਹੀਂ ਬਣਨਾ। ਪਰ ਮੈਡਮ ਹੁਬਕੀਆਂ ਜਿਹੀਆਂ ਲੈਣ ਲੱਗ ਪਈ। ਇੰਨੇ ਵਧੀਆ ਕੀਤੇ ਵਿਆਹ ਦਾ ਸਵਾਦ ਫਿੱਕਾ ਹੋ ਗਿਆ। ਮੈਨੂੰ ਸਾਰੀ ਰਾਤ ਨੀਂਦ ਨਾ ਆਈ। ਇੰਨਾ ਵਧੀਆ ਵਿਆਹ ਕਰਕੇ ਬੇਗਮ ਖੁਸ਼ ਨਹੀਂ ਸੀ। ਅਖੇ ਮਰਦੀ ਕੀ ਨਾ ਕਰਦੀ। ਅਗਲੇ ਦਿਨ ਹੀ ਮੈਂ ਉਸਦੀ ਰੀਝ ਪੂਰੀ ਕਰਦੇ ਹੋਏ ਡਾਇਮੰਡ ਦਾ ਮੰਗਲ ਸੂਤਰ ਲਿਆ ਦਿੱਤਾ। ਮੇਰੀ ਉਮੀਦ ਤੋਂ ਅੱਧੇ ਹਿੱਸੇ ਦੇ ਪੈਸੇ ਮਸਾਂ ਲੱਗੇ। ਬੇਗਮ ਦੇ ਚੇਹਰੇ ਤੇ ਲਾਲੀ ਪਰਤ ਆਈ। ਹਰ ਮਾਂ ਪਿਓ ਦੀ ਰੀਝ ਹੁੰਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਵਿਆਹ ਰੀਝਾਂ ਨਾਲ ਕਰੇ। ਬਹੁਤੇ ਮਾਪੇ ਵਿੱਤੋਂ ਬਾਹਰ ਹੋਕੇ ਫਜ਼ੂਲ ਖਰਚੀ ਕਰਦੇ ਹਨ। ਜਨਤਾ ਦੀ ਵਾਹਵਾਹੀ ਲੈਣ ਲਈ ਚਾਦਰ ਛੋਟੀ ਹੋਣ ਦੇ ਬਾਵਜੂਦ ਪੂਰੇ ਪੈਰ ਪਸਾਰਦੇ ਹਨ।
ਮੇਰੇ ਵਿਆਹ ਵੇਲੇ ਪਾਪਾ ਜੀ ਨੇ ਬਹੁਤ ਵਧੀਆ ਵਰੀ ਬਣਵਾਈ ਸੀ। ਪਰ ਮੈਨੂੰ ਤੇ ਪਾਪਾ ਜੀ ਨੂੰ ਸਾੜ੍ਹੀ ਪਸੰਦ ਨਹੀਂ ਸੀ। ਇਸ ਲਈ ਅਸੀਂ ਕੋਈਂ ਸਾੜ੍ਹੀ ਨਹੀਂ ਖਰੀਦੀ। ਪਰ ਮੇਰੀ ਮਾਤਾ ਨੂੰ ਆਪਣੇ ਪੁੱਤ ਦੀ ਵਰੀ ਵਿੱਚ ਨੂੰਹ ਲਈ ਸਾੜ੍ਹੀਆਂ ਵੀ ਚਾਹੀਦੀਆਂ ਸੀ। ਕੁਝ ਕੁ ਦਿਨ ਇਹ ਰੇੜਕਾ ਚੱਲਿਆ। ਪਰ ਮੇਰੀ ਮਾਤਾ ਦੀ ਰੀਝ ਮੂਹਰੇ ਪਾਪਾ ਜੀ ਹਾਰ ਗਏ। ਫਿਰ ਬਠਿੰਡਾ ਤੋਂ ਦੋ ਸਾੜ੍ਹੀਆਂ ਖ੍ਰੀਦਿਆਂ ਗਈਆਂ।
ਮਾਵਾਂ ਦੀਆਂ ਰੀਝਾਂ ਕੱਪੜਿਆਂ ਤੇ ਗਹਿਣਿਆਂ ਤੱਕ ਸੀਮਤ ਹੁੰਦੀਆਂ ਹਨ ਪਰ ਅੱਜਕਲ੍ਹ ਦੇ ਬਹੁਤੇ ਬਾਪੂ ਤਾਂ ਖੁਲ੍ਹੀ ਦਾਰੂ ਪਿਆਕੇ ਹੀ ਵਿਆਹ ਨੂੰ ਸਫਲ ਤੇ ਵਧੀਆ ਮੰਨਦੇ ਹਨ।
ਊਂ ਗੱਲ ਆ ਇੱਕ।
#ਰਮੇਸ਼ਸੇਠੀਬਾਦਲ