ਨਾਮੁਮਕਿਨ ਨਹੀਂ | nammukin nahi

ਇਹ ਲੌਣਾ ਕਦੋਂ ਕਿਥੇ ਤੇ ਕਿੱਦਾਂ ਸ਼ੁਰੂ ਕੀਤਾ..ਲੰਮੀ ਚੌੜੀ ਕਹਾਣੀ ਏ..ਸਾਰਾਂਸ਼ ਇਹੋ ਕੇ ਘਰ ਕੋ ਅੱਗ ਲਗੀ ਘਰ ਕੇ ਹੀ ਚਿਰਾਗ ਸੇ..ਇੱਕ ਦਿਨ ਬੜੀ ਜਿਆਦਾ ਟੈਨਸ਼ਨ ਵਿੱਚ ਸਾਂ..ਘਰੇ ਕਲੇਸ਼ ਵੀ ਸੀ..ਇੱਕ ਨੇੜੇ ਦਾ ਰਿਸ਼ਤੇਦਾਰ ਆਹਂਦਾ ਆਹ ਦਵਾਈ ਲੈ ਲੈ..ਸਭ ਕੁਝ ਹਟ ਜੂ..ਪਰ ਲੈਣੀ ਨਾੜ ਵਿਚ ਹੀ ਪੈਣੀ..ਨਾਂਹ ਨੁੱਕਰ ਦੀ ਭੋਰਾ ਜਿੰਨੀਂ ਵੀ ਕੋਸ਼ਿਸ਼ ਵੀ ਨਾ ਕੀਤੀ..ਫਸਿਆਂ ਹੀ ਏਡੀ ਬੁਰੀ ਤਰਾਂ ਸਾਂ..ਪਹਿਲੀ ਵੇਰ ਡੌਲਾ ਨੱਪ ਨਾੜ ਵੀ ਓਸੇ ਨੇ ਹੀ ਲਭੀ..ਸੂਈ ਅੰਦਰ ਜਾਂਦਿਆਂ ਹੀ ਇੱਕ ਝਟਕਾ ਜਿਹਾ ਲੱਗਾ..ਸੌ ਵੋਲਟ ਦੇ ਕਰੰਟ ਵਰਗਾ..ਮਗਰੋਂ ਨੀਂਦਰ ਆਉਣੀ ਸ਼ੁਰੂ ਹੋ ਗਈ..ਫੇਰ ਮੈਂ ਹਵਾ ਵਿਚ ਉੱਡਦਾ ਗਿਆ..ਉੱਪਰ ਹੀ ਉੱਪਰ..ਮਗਰੋਂ ਕੋਈ ਹੋਸ਼ ਨਾ ਰਹੀ..ਜਾਗ ਆਈ ਤਾਂ ਸ਼ਾਮਾਂ ਪੈ ਚੁਕੀਆਂ ਸਨ..ਪਰ ਸਰੀਰ ਟੁੱਟਿਆ ਹੋਇਆ..ਇੰਝ ਜਿੱਦਾਂ ਕਿਸੇ ਛੱਲੀਆਂ ਵਾਂਙ ਕੁੱਟਿਆ ਹੋਵੇ..ਗਈ ਹੋਈ ਟੈਨਸ਼ਨ ਨੇ ਇੱਕ ਵੇਰ ਫੇਰ ਘੇਰ ਲਿਆ..!
ਉਹ ਹੱਸਦਾ ਹੋਇਆ ਅੰਦਰ ਆਇਆ..ਆਖਣ ਲੱਗਾ ਓਏ ਬਿੱਲਿਆ ਕਿੱਦਾਂ ਫੇਰ..ਪਿਆ ਫਰਕ ਕੇ ਨਹੀਂ..ਮੇਰਾ ਮੂੰਹ ਸੁੱਕ ਰਿਹਾ ਸੀ..ਕੋਲ ਪਾਣੀ ਦਾ ਜੱਗ ਪਿਆ ਸੀ ਸਾਰਾ ਡੀਕ ਲਾ ਇੱਕੋ ਸਾਹੇ ਪੀ ਗਿਆ..ਮੁੜ ਆਖਿਆ ਮਾਸੜਾ ਓਹੀ ਕੇਰਾਂ ਫੇਰ ਲਵਾ ਦੇ..ਉਸ ਆਖਿਆ ਨਹੀਂ ਨਹੀਂ..ਏਨੀ ਹੀ ਬੜੀ ਏ..ਪਰ ਮੈਂ ਆਖਿਆ ਨਹੀਂ ਥੋੜੀ ਜਿਹੀ ਹੀ ਲਾ ਦੇ ਨਹੀਂ ਤਾਂ ਮਰ ਜੂ..ਆਖਣ ਲੱਗਾ ਪਹਿਲੀ ਵੇਰ ਤੇ ਮੁਫ਼ਤ ਸੀ ਪਰ ਹੁਣ ਮੁੱਲ ਲੱਗੂ..ਮਾਸਿਆਂ ਦੇ ਭਾਅ ਮਿਲਦੀ ਸੋਨੇ ਵਾਂਙ ਮਹਿੰਗੀ..ਫੇਰ ਮੈਂ ਬੋਝੇ ਅੰਦਰ ਜਿੰਨੇ ਵੀ ਹੈ ਸਨ ਸਭ ਢੇਰੀ ਕਰ ਦਿੱਤੇ..ਮੁੜ ਸਿਲਸਿਲਾ ਵਧਦਾ ਗਿਆ..ਦਲਦਲ ਹੋਰ ਡੂੰਗੀ ਹੁੰਦੀ ਗਈ..ਇੱਕ ਦਿਨ ਨਾਲਦੀ ਚਲੀ ਗਈ..ਬੱਚੇ ਵੀ ਲੈ ਗਈ..ਸਭ ਚੇਤੇ ਆਉਂਦੇ ਤਾਂ ਹੋਰ ਲਾ ਲੈਂਦਾ..ਚੁਗਾਠਾਂ ਤੀਕਰ ਵੇਚ ਦਿੱਤੀਆਂ..ਜਿਸਨੇ ਲਵਾਈ ਸੀ ਓਹੀਓ ਗਾਹਲਾਂ ਕੱਢਿਆ ਕਰੇ..ਅਖ਼ੇ ਹਿੱਸੇ ਆਉਂਦੇ ਦੋ ਵਿਘੇ ਵੇਚ ਲੈ..ਬੁਰੇ ਹਾਲ ਬਾਂਕੇ ਦਿਹਾੜੇ..ਸਮਝ ਨਾ ਆਇਆ ਕਰੇ ਕੀ ਕਰਾਂ..!
ਇੱਕ ਦਿਨ ਜੰਡਿਆਲੇ ਲਾਗੇ ਸੜਕ ਕੰਢੇ ਬੇਸੁੱਧ ਪਿਆ ਸਾਂ..ਬਿੜਕ ਹੋਈ..ਘੋੜੇ ਤੇ ਚੜਿਆ ਕਲਗੀਆਂ ਵਾਲਾ..ਅਖ਼ੇ ਉੱਠ ਸਿੰਘਾਂ..ਤੈਨੂੰ ਜਗਾਉਣ ਆਇਆਂ ਹਾਂ..ਵੇਖਿਆ ਕੋਲੋਂ ਵਿਹੀਰ ਲੰਘ ਰਹੀ ਸੀ..ਓਥੇ ਅੱਪੜ ਗਿਆ..ਸਾਰੇ ਚਿੱਟੇ ਬਾਣੇ ਵਿੱਚ..ਸਤਿਗੁਰ ਦੀ ਬਾਣੀ ਪੜਦੇ ਹੋਏ..ਮੈਨੂੰ ਲੱਗਾ ਮੈਨੂੰ ਇਸ ਜਿੱਲਣ ਵਿਚੋਂ ਬੱਸ ਏਹੀ ਬਾਹਰ ਕੱਢ ਸਕਦੇ..ਮੈਂ ਭੱਜ ਕੇ ਉਸ ਲੰਮੇ ਜਿਹੇ ਸਿੰਘ ਦੇ ਪੈਰੀ ਪੈ ਗਿਆ..ਕਿੰਨਾ ਕੁਝ ਦੱਸਿਆ..ਪਰ ਮੇਰੇ ਵਾਂਙ ਕਹਾਣੀਆਂ ਦੱਸਣ ਵਾਲੇ ਹੋਰ ਵੀ ਬਹੁਤ ਸਨ..ਓਹਨਾ ਸਾਨੂੰ ਆਪਣੀ ਸ਼ਰਨ ਵਿੱਚ ਲੈ ਲਿਆ..ਇੱਕ ਥਾਂ ਲੈ ਗਏ..ਕਿੰਨੇ ਸਾਰੇ ਮੰਜੇ ਬਿਸਤਰੇ ਸਨ..!
ਅਸਾਂ ਓਥੇ ਹੀ ਬਾਣੀ ਪੜਨੀ ਸਿੱਖੀ..ਜਿਸ ਸ਼ੈ ਲਈ ਦੀਨੇ ਰਾਤ ਤਰਲੇ ਕੱਢੀਦੇ ਸਨ ਉਸ ਵੱਲ ਵੇਖਣ ਨੂੰ ਵੀ ਜੀ ਨਾ ਕਰਿਆ ਕਰੇ..ਪਰਮ ਅਨੰਦ ਆਇਆ ਕਰੇ..ਉਹ ਰੋਜ ਸਾਖੀਆਂ ਸੁਣਾਉਂਦੇ..ਬੀਰ ਰਸ ਦੀਆਂ..ਤੀਰ ਵਾਲੇ ਬਾਬੇ ਦੀਆਂ..ਦਸਮ ਪਿਤਾ ਦੀਆਂ..ਅਸੰਭਵ ਸੰਭਵ ਹੋ ਗਿਆ..!
ਫੇਰ ਇੱਕ ਦਿਨ ਪਤਾ ਲੱਗਾ ਉਸਨੂੰ ਫੜ ਲਿਆ..ਹਾਕਮਾਂ ਨੇ..ਡੇਰਾ ਸੁੰਞਾ ਹੋ ਗਿਆ..ਪੁਲਸ ਦੀ ਧਾੜ ਆਈ..ਅਖ਼ੇ ਭੱਜ ਜਾਵੋ ਇਥੋਂ..ਨਸ਼ੇ ਛੁਡਾਉਣ ਦਾ ਲਾਈਸੇਂਸ ਹੈਨੀ..ਮੈਂ ਹੈਰਾਨ ਸਾਂ ਜੇ ਲਵਾਉਣ ਵਾਲੇ ਸ਼ਰੇਆਮ ਬੁੱਕਦੇ ਫੇਰਦੇ ਤਾਂ ਛੁਡਾਉਣ ਵਾਲੇ ਨੂੰ ਕਿਹੜੇ ਲਾਈਸੇਂਸ ਦੀ ਲੋੜ..ਪਰ ਅਸੀਂ ਥੋੜੇ ਸਾਂ ਤੇ ਉਹ ਸੈਂਕੜਿਆਂ ਦੀ ਤਾਦਾਤ ਵਿੱਚ..ਸਾਨੂੰ ਦੁੜਾ ਦਿੱਤਾ..ਮੈਂ ਕੇਰਾਂ ਫੇਰ ਓਥੇ ਹੀ ਆ ਗਿਆ ਜਿਥੋਂ ਤੁਰਿਆ ਸਾਂ..ਪਰ ਇਸ ਵੇਰ ਮੇਰੇ ਨਾਲ ਬਾਣੀ ਸੀ..ਉਸਦਾ ਨਾਮ ਸੀ..ਸਿਮਰਨ ਅਤੇ ਨਿੱਤਨੇਮ ਸੀ..ਸਾਖੀਆਂ ਸਨ..ਓਟ ਆਸਰਾ ਸੀ..ਮਨ ਕਰੜਾ ਰਖਿਆ..!
ਇੱਕ ਦਿਨ ਓਹੀ ਰਿਸ਼ਤੇਦਾਰ ਫੇਰ ਮਿਲ ਗਿਆ..ਅਖ਼ੇ ਬਿੱਲਿਆ ਲਵਾਵਾਂ..ਮੁਫਤੋ-ਮੁਫ਼ਤ..ਮੇਰੇ ਤੇ ਬੀਰ ਰਸ ਭਾਰੂ ਹੋ ਗਿਆ..ਲੂਕਾ ਕੇ ਰੱਖੀ ਕਿਰਪਾਨ ਕੱਢ ਲਈ ਤੇ ਮਗਰ ਹੋ ਤੁਰਿਆ..ਉਹ ਅੱਗੇ ਅਗੇ..ਵਾਹਣਾ ਥਾਣੀ..ਉਹ ਆਖੇ ਬਿੱਲਿਆ ਸਿਆਣਾ ਬਣ..ਮੈਂ ਤੇ ਠਿੱਠ ਕੀਤਾ ਸੀ..ਅਗਿਓਂ ਨਹੀਂ ਕਰਦਾ..ਫੇਰ ਕਿਧਰੋਂ ਵਾਜ ਆਈ ਸਿੰਘਾਂ ਮਾਰੇ ਨਾਲੋਂ ਭਜਾਇਆ ਚੰਗਾ..ਕਿਓਂ ਹੱਥ ਗੰਦੇ ਕਰਦਾ ਇਸ ਦੁਸ਼ਟ ਦੇ ਗੰਦੇ ਖੂਨ ਨਾਲ..ਤੇਰੇ ਗੋਚਰੇ ਅਜੇ ਹੋਰ ਵੀ ਕਈ ਕੰਮ ਨੇ..!
ਬੱਸ ਉਸ ਦਿਨ ਤੋਂ ਤੁਰਿਆ ਫਿਰਦਾ ਹਾਂ..ਪਿੰਡੋ-ਪਿੰਡ..ਗੁਰੂ ਦਾ ਸਿੰਘ..ਦਸਮ ਪਿਤਾ ਦਾ ਕੂਕਰ ਬਣ..ਆਪਣੀ ਕਹਾਣੀ ਦੱਸਦਾ ਹੋਇਆ..ਇਹ ਯਕੀਨ ਦਵਾਉਂਦਾ ਹੋਇਆ ਕੇ ਇਹ ਨਾਮੁਮਕਿਨ ਨਹੀਂ ਬੱਸ ਥੋੜਾ ਮਨ ਕਰੜਾ ਕਰਨਾ ਪੈਣਾ!
“ਖੁਦ ਸੇ ਹੀ ਜੀਤਨੇ ਕੀ ਜ਼ਿਦ ਹੈ..ਮੁਝੇ ਖੁਦ ਕੋ ਹੀ ਤੋ ਹਰਾਣਾ ਹੈ..ਮੈਂ ਭੀੜ ਨਹੀਂ ਹੂੰ ਦੁਨੀਆ ਕੀ..ਮੇਰੇ ਅੰਦਰ ਭੀ ਇੱਕ ਜਮਾਨਾ ਹੈ”
ਹਰਪ੍ਰੀਤ ਸਿੰਘ ਜਵੰਦਾ

Leave a Reply

Your email address will not be published. Required fields are marked *