ਮੇਲੇ-ਮਿਲਣੀਆਂ, ਸਿਰਜਣਾ-ਸੰਵਾਦ, ਵਾਅਦੇ-ਤਹੱਈਏ, ਗੁੱਸੇ-ਗਿਲੇ, ਨਖਰੇ-ਨਿਹੋਰੇ, ਮੋਹ-ਮੁਹੱਬਤਾਂ ਗਲਵੱਕੜੀਆਂ-ਸੈਲਫੀਆਂ… ਮਨੁੱਖ ਦੇ ਜਿਉਂਦੇ ਹੋਣ ਦੀ ਨਿਸ਼ਾਨੀਆਂ ਹਨ…
ਕਿਸੇ ਨੇ ਪੁੱਛਿਆ : ਕਿੱਧਰ ਚੱਲਿਐਂ?
ਜੁਆਬ ਸੀ : ਜਿੱਥੇ ਪੈਰ ਲੈ ਜਾਣਗੇ…
ਫਿਰ ਸੁਆਲ ਸੀ : ਅਜ਼ਨਬੀਆਂ ਵਿਚ ਜਾ ਕੇ ਕੀ ਕਰੇਂਗਾ?
ਜੁਆਬ ਸੀ : ਅਜ਼ਨਬੀ ਤਦ ਤਕ ਹੀ ਅਜਨਬੀ ਹੁੰਦੈ, ਜਦ ਤਕ ਉਸ ਨੂੰ ਮਿਲਿਆ ਨਹੀਂ ਜਾਂਦਾ…ਮਿਲਣ ਤੇ ਵੀ ਜੇਕਰ ਬੰਦਾ ਅਜਨਬੀ ਰਹਿ ਜਾਂਦਾ ਹੁੰਦਾ ਤਾਂ ਇਹ ਸੰਸਾਰ ਹੁਣ ਤਕ ਅਜਨਬੀਆਂ ਦਾ ਹੀ ਹੁੰਦਾ…
ਕਿਸੇ ਆਪਣੇ ਨੂੰ ਮਿਲ ਕੇ ਜਿਹੜੀ ਚਿਹਰਿਆਂ ‘ਤੇ ਸੂਹੀ ਭਾਅ ਮਾਰਦੀ ਹੈ, ਉਹ ਬਿਲਕੁਲ ਉਵੇਂ ਹੁੰਦੀ ਹੈ, ਜਿਵੇਂ ਫੁੱਲ ਦੀ ਪੱਤੀ ਤੇ ਲਟਕਦੇ ਤ੍ਰੇਲ ਦੇ ਤੁਪਕੇ ਵਿੱਚੋਂ ਪ੍ਰਿਜ਼ਮ ਵਾਂਗ ਰੰਗਾਂ ਦੀ ਛਹਿਬਰ ਲਗਦੀ ਹੈ।
ਕਿਸੇ ਆਪਣੇ ਦੇ ਮੋਢੇ ਤੇ ਸਿਰ ਧਰ ਰੀਲੈਕਸ ਹੋਣਾ, ਉਸ ਦੀ ਹੱਥ ਘੁਟਣੀ ਰਾਹੀਂ ਧਰਵਾਸ ਮਿਲਣਾ ਤੇ ਕਿਸੇ ਆਪਣੇ ਦੀ ਛਾਤੀ ਨਾਲ ਲੱਗ ਅਖਾਂ ਦੇ ਕੋਇਆਂ ‘ਚੋਂ ਸਿੰਮੇ ਕੋਸੇ ਹੰਝੂਆਂ ਦੀ ਇਬਾਰਤ ਲਫ਼ਜ਼ਾਂ ਰਾਹੀਂ ਨਹੀਂ ਬਿਆਨੀ ਜਾ ਸਕਦੀ…
ਲੱਖ ਲਾਈਵ ਹੋ ਜਾਓ..ਵੀਡੀਓ ਕਾਨਫਰਸ਼ਿੰਗ ਕਰੋ…ਫੋਨ ਕਰੋ… ਚੈਟ ਕਰੋ…ਫਿਰ ਵੀ ਆਮ੍ਹਣੇ-ਸਾਮ੍ਹਣੇ ਮਿਲਣ ਦੀ ਚਾਹ ਕਦੇ ਨਹੀਂ ਮਰਦੀ। ਜਿਸ ਨੂੰ ਮਿਲਣ ਲਈ ਤੁਹਾਡਾ ਦਿਲ ‘ਵਾਈਬਰੇਟ’ ਕਰਦਾ ਹੈ, ‘ਹਰਟ-ਬੀਟ’ ਡਾਂਸ ਕਰਦੀ ਹੈ, ਉਸ ਨੂੰ ਬੰਦਾ ਧਾਅ ਗਲਵਕੜੀ ਪਾਉਂਦਾ ਹੈ..ਇਹ ਚਾਹ ਅਤੇ ਚਾਅ ਹੀ ਬੰਦੇ ਨੂੰ ‘ਬੰਦਾ’ ਬਣੇ ਰਹਿਣ ਦੇ ਰਾਹ ਤੋਰਦੀ ਹੈ…ਨਹੀਂ ਤਾਂ ਹੁਣ ਤਕ ਮਸ਼ੀਨਾਂ ਬੰਦੇ ਨੂੰ ਕਦੋਂ ਦੀਆਂ ਖਾ ਜਾਂਦੀਆਂ ਹੁੰਦੀਆਂ…
ਕਲਾਸ ਰੂਮ ਵਿਚ ਸ਼ਾਗਿਰਦਾਂ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਰਚਾਇਆ ਸੰਵਾਦ ਤੁਹਾਨੂੰ ਅੰਦਰ ਤਕ ਹੁਲਾਰਾ ਦਿੰਦਾ ਹੈ। ਇਸ ਦੇ ਉਲਟ ਜ਼ੂਮ ਤੇ ਕਰਾਈ ਆਨਲਾਈਨ ਪੜ੍ਹਾਈ ਵਿਚ ਇੰਝ ਲਗਦਾ ਹੈ ਜਿਵੇਂ ਤੁਸੀਂ ਕੰਧ ਨੂੰ ਲੈਕਚਰ ਦੇ ਰਹੇ ਹੋ ਤੇ ਤੁਹਾਡੀ ਹਾਲਤ ਵੀ ਕੰਧ ‘ਚ ਟੱਕਰ ਮਾਰਨ ਵਰਗੀ ਹੀ ਹੋ ਜਾਂਦੀ ਹੈ। ਵਟਸਐਪ ਤੇ ਦਿੱਤੇ ਸੁਨੇਹੇ ਸੂਚਨਾ ਤਾਂ ਦੇ ਦਿੰਦੇ ਹਨ, ਪਰ ਜੋ ਨਿੱਘ ਮਿਲ ਕੇ ਸੁਖ-ਸੁਨੇਹਾ ਦੇਣ ਵਿਚ ਹੁੰਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ…ਅਹਿਸਾਸ ਦੀ ਸਰਜਮੀਂ ਤੇ ਉੱਗੇ ਫੁੱਲਾਂ ਨੂੰ ਲਾਈਵ ਹੀ ਮਾਣਿਆਂ ਜਾ ਸਕਦਾ ਹੈ, ਉਹਨਾਂ ਦੀ ਸੂਚਨਾ ਨਾਲ ਨਹੀਂ…
ਸੁਪਨੇ ਵੀ ਬੰਦੇ ਨੂੰ ਕੁਝ ਪਲਾਂ ਲਈ ਮਿਲਣ ਦਾ ਚਾਅ ਤਾਂ ਦਿੰਦੇ ਹਨ, ਪਰ ਅਗਲੇ ਹੀ ਪਲ ਚਿਹਰੇ ਤੇ ਆਇਆ ਨੂਰ ਬੁਸਬੁਸਾ ਹੋ ਜਾਂਦਾ ਹੈ ਤੇ ਬੰਦਾ ਮੁੜ ਅੱਖਾਂ ਮੀਟਦਾ ਹੋਇਆ ਵੀ ਹੱਥ ਮਲਦਾ ਰਹਿ ਜਾਂਦਾ ਹੈ।
ਬੰਦਾ ਮਸ਼ੀਨ ਨਹੀਂ ਹੁੰਦਾ ਕਿ ਬਟਨ ਦੱਬ ਦਿਉ ਸ਼ੁਰੂ ਹੋ ਜਾਏਗਾ…ਸੁਣਨ ਵਾਲੇ ਦੇ ਹੁੰਗਾਰੇ ਤੋਂ ਬਿਨਾ ਬੋਲਣ ਵਾਲਾ ਬੋਲ ਹੀ ਨਹੀਂ ਸਕਦਾ। ਤੁਸੀਂ ਕਦੇ ਦੋ ਬੰਦੇ ਇਕ ਦੂਜੇ ਵੱਲ ਪਿੱਠਾਂ ਕਰਕੇ ਗੱਲਾਂ ਕਰਦੇ ਨਹੀਂ ਵੇਖੋਗੇ..ਕਿਉਂਕਿ ਬੰਦੇ ਦੇ ਸਿਰਫ਼ ਬੋਲ ਨਹੀਂ ਬੋਲਦੇ, ਮੂੰਹ ਦੇ ਸਾਰੇ ਅੰਦਾਜ਼ ਬੋਲਦੇ ਨੇ…ਤੇ ਸੁਣਨ ਵਾਲਾ ਵੀ ਉਹਨਾਂ ਬੋਲਾਂ ਨੂੰ ਸਾਰੇ ਅੰਦਾਜ਼ਾਂ ਸਮੇਤ ਗ੍ਰਹਿਣ ਕਰਦਾ ਹੈ…
ਜਿਵੇਂ ਜਿਵੇਂ ਤੁਸੀਂ ਕੁਰਖ਼ਤ ਹੁੰਦੇ ਹੋ, ਤੁਹਾਡੀ ਆਵਾਜ਼ ਉੱਚੀ ਹੁੰਦੀ ਜਾਂਦੀ ਹੈ ਤੇ ਅਖੀਰ ਗਾਲੀ-ਗਲੋਚ ਤਕ ਪਹੁੰਚ ਜਾਂਦੀ ਹੈ..ਜਿਵੇਂ ਜਿਵੇਂ ਤੁਸੀਂ ਮੁਹੱਬਤ ਵਿਚ ਹੁੰਦੇ ਹੋ, ਤੁਹਾਡੀ ਆਵਾਜ਼ ਧੀਮੀ ਹੁੰਦੀ ਜਾਂਦੀ ਹੈ, ਸਿਰਫ਼ ਧੜਕਣ ਦੀ ਆਵਾਜ਼ ਵੀ ਮਹਾਂਕਾਵਿ ਬਣ ਜਾਂਦਾ ਹੈ..
ਕ੍ਰਿਕੇਟ/ਹਾਕੀ/ਫੁਟਬਾਲ ਦਾ ਮੈਚ ਗਰਾਉਂਡ ਦੇ ਚਾਰੇ ਪਾਸੇ ਲੱਗੇ ਕੈਮਰਿਆਂ ਰਾਹੀਂ ਟੀਵੀ ਦੀ ਸਕਰੀਨ ਦੇ ਬਹੁਤ ਸਾਫ਼ ਦਿਖਦਾ ਹੈ, ਪਰ ਫਿਰ ਵੀ ਆਫਲਾਈਨ ਦੇਖਣ ਸਮੇਂ ਸਾਰੀਆਂ ਟਿਕਟਾਂ ‘ਸੋਲਡ’ ਹੁੰਦੀਆਂ ਹਨ..ਇਸੇ ਤਰ੍ਹਾਂ ਤੁਹਾਡਾ ਕੋਈ ਮਹਿਬੂਬ ਕਲਾਕਾਰ ਜਦ ਕਿਤੇ ਆਫਲਾਈਨ ਰੂਪ ਵਿਚ ਲਾਈਵ ਪਰਫਾਰਮੈਂਸ ਦਿੰਦਾ ਹੈ ਤਾਂ ਹਾਉਸ ਫੁੱਲ ਹੋ ਜਾਂਦਾ ਹੈ, ਜਦ ਕਿ ਉਸ ਨੂੰ ਤੁਸੀਂ ਪਹਿਲਾਂ ਸੈਂਕੜੇ ਵਾਰ ਕੈਸਿਟਾਂ, ਯੂ ਟਿਉਬਾਂ ਆਦਿ ਵਿਚ ਸੁਣਿਆਂ ਹੁੰਦਾ ਹੈ। ਜੋ ਤਰੰਗਾਂ ਸਾਡੇ ਅੰਦਰ ਕਿਸੇ ਆਪਣੇ ਦੇ ਸਾਮ੍ਹਣੇ ਹੋਣ ਤੇ ਉਠਦੀਆਂ ਹਨ, ਉਹ ਬੇਸਕੀਮਤੀ ਹੁੰਦੀਆਂ ਹਨ।
ਮਹਿਬੂਬ ਨੂੰ ਪਹਿਲੀ ਮਿਲਣੀ ਵਿਚ ਮਿਲਣ ਦੀ ਬੈਚੈਨੀ, ਉਤਸੁਕਤਾ, ਚਾਅ, ਸੰਗ, ਉਮਾਹ, ਲੋਰ, ਕੰਬਣੀ ਕਿਸੇ ਪਰਿਭਾਸ਼ਾ ਵਿਚ ਨਹੀਂ ਬੰਨ੍ਹੇ ਜਾ ਸਕਦੇ। ਇਹ ਗੂੰਗੇ ਦੇ ਗੁੜ ਵਾਂਗ ਮਹਿਸੂਸੇ ਤਾਂ ਜਾ ਸਕਦੇ ਹਨ, ਪਰ ਦੱਸੇ ਨਹੀਂ ਜਾ ਸਕਦੇ। ਇਸ ਲਈ ਮਿਲਣੀ ਸਮੇਂ ਵਕਤ ਨੂੰ ਖੰਭ ਲਗ ਜਾਂਦੇ ਨੇ ਤੇ ਬੰਦਾ ਸੋਚਦਾ ਕਾਸ਼ ਵਕਤ ਦੇ ਪੈਰਾਂ ਵਿਚ ਸੰਗਲ ਪਾਇਆ ਜਾ ਸਕਦਾ ਹੁੰਦਾ… ਇਸ ਦੇ ਉਲਟ ਗ਼ਮ ਵਿਚ ਘੜੀ ਵੀ ਪਹਾੜ ਬਣ ਜਾਂਦੀ ਹੈ।
ਉਂਝ੍ਹ ਇਹ ਵੀ ਸੱਚ ਹੈ ਕਿ ਨਾ ਖੁਸ਼ੀ ਬਿਨ ਮਿਲਿਆਂ ਮਾਣੀ ਜਾ ਸਕਦੀ ਹੈ ਤੇ ਨਾ ਗ਼ਮ ਬਿਨ ਮਿਲਿਆਂ ਵੰਡਿਆਂ ਜਾ ਸਕਦਾ ਹੈ। ਜਦ ਤੁਹਾਡੇ ਹਿੱਸੇ ਕੋਈ ਵਿਸ਼ੇਸ਼ ਪ੍ਰਾਪਤੀ ਆਉਂਦੀ ਹੈ ਤਾਂ ਤੁਹਾਡਾ ਜੀਅ ਕਰਦਾ ਹੈ ਕਿ ਵਕਤ ਜਹਾਜ਼ ਬਣ ਜਾਵੇ ਤੇ ਬੰਦਾ ਵਕਤ ਦੇ ਪਰ੍ਹਾਂ ਤੇ ਸਵਾਰ ਸਿੱਧਾ ਉਸ ਕੋਲ ਪਹੁੰਚ ਜਾਵੇ, ਜੋ ਤੁਹਾਨੂੰ ਜਾਨ ਤੋਂ ਪਿਆਰਾ ਹੁੰਦਾ ਹੈ।
ਠੀਕ ਇਸੇ ਤਰ੍ਹਾਂ ਜਦ ਤੁਸੀਂ ਸਦਮੇ ਵਿਚ ਹੁੰਦੇ ਹੋ ਤੇ ਤੁਹਾਨੂੰ ਧਰਵਾਸ ਲਈ ਮੋਢਾ ਚਾਹੀਦਾ ਹੈ, ਤਦ ਵੀ ਤੁਸੀਂ ਇੰਝ ਹੀ ਕਿਸੇ ਆਪਣੇ ਵੱਲ ਦੌੜਦੇ ਹੋ ਤੇ ਉਸ ਦੇ ਮੋਢੇ ਤੇ ਸਿਰ ਰੱਖ ਡੁਸਕਦੇ ਹੋ…ਤੇ ਹੰਝੂਆਂ ਰਾਹੀਂ ਸਾਰਾ ਗ਼ਮ ਉਸ ਦੀ ਝੋਲੀ ਵਿਚ ਪਾ ਧੁਰ ਅੰਦਰੋਂ ਰਾਹਤ ਮਹਿਸੂਸ ਕਰਦੇ ਹੋ..
ਕਹਿੰਦੇ ਨੇ ਜੇ ਗ਼ਮ ਵਿਚ ਕੋਈ ਸਾਥ ਨਾ ਮਿਲੇ ਤਾਂ ਗ਼ਮਾਂ ਦੀ ਆਰਜਾ ਉਮਰਾਂ ਲੰਮੀ ਹੋ ਜਾਂਦੀ ਹੈ..ਬਿਰਲੇ ਹੁੰਦੇ ਹਨ, ਜੋ ਬਿਰਹਾ ਨੂੰ ਸੁਲਤਾਨ ਬਣਾ ਲੈਂਦੇ ਨੇ..ਬਾਕੀਆਂ ਨੂੰ ਤਾਂ ਗ਼ਮ ਘੁਣ ਵਾਂਗ ਖਾ ਜਾਂਦਾ ਹੈ…ਖੁਦਕੁਸ਼ੀ ਇਸੇ ਕਰਕੇ ਇੱਕਲਤਾ ਵਿਚ ਹੁੰਦੀ ਹੈ, ਭੀੜ ਵਿਚ ਨਹੀਂ ਹੁੰਦੀ…
ਪੈਸਿਆਂ ਨਾਲ ਤੁਸੀਂ ਲਗਜ਼ਰੀ ਤਾਂ ਖਰੀਦ ਸਕਦੇ ਹੋ, ਸਕੂਨ ਨਹੀਂ ਖਰੀਦ ਸਕਦੇ। ਲਗਜ਼ਰੀ ਹੋਰ ਲਗਜ਼ਰੀ ਦੀ ਤ੍ਰਿਸ਼ਨਾ ਪੈਦਾ ਕਰਦੀ ਹੈ ਤੇ ਬੰਦਾ ਨੜਿੰਨਵੇਂ ਦੇ ਚੱਕਰ ਵਿਚ ਪੈ ਜਾਂਦਾ ਹੈ। ਜ਼ਿੰਦਗੀ ਦਾ ਅਨੰਦ ਮੇਲੇ ਤੇ ਮਿਲਣੀਆਂ ਵਿਚ ਹੁੰਦਾ ਹੈ…ਇਕ ਦੂਜੇ ਦੇ ਕੰਮ ਆਉਣ ਵਿਚ ਹੁੰਦਾ ਹੈ ਅਤੇ ਇਸ ਦਾ ਸਿਖਰ ਕਿਸੇ ਬਹੁਤ ਆਪਣੇ ਲਈ ਆਪਾ ਵਾਰਨ ਵਿਚ ਵੀ ਹੁੰਦਾ ਹੈ..
ਤਾਂ ਹੀ ਇਕ ਦੇ ਤਾਪ ਚੜ੍ਹੇ ਤੇ ਦੂਜਾ ਹੂੰਗਦਾ ਹੈ, ਤਾਂ ਹੀ ਕੋਈ ਦੂਜੇ ਦੀ ਬਾਤ ਦਾ ਹੁੰਗਾਰਾ ਬਣਦਾ ਹੈ ਅਤੇ ਤਾਂ ਹੀ ਕੋਈ ਇਕ ਦੂਜੇ ਦੀ ਆਈ ਮਰਨ ਲਈ ਤਿਆਰ ਹੋ ਜਾਂਦਾ ਹੈ…
ਜਿਉਣ ਲਈ ਅੰਦਰ ‘ਅੱਗ’ ਦਾ ਹੋਣਾ ਜ਼ਰੂਰੀ ਹੈ। ਜਿਹੜੇ ਇਸ ਅੱਗ ਨੂੰ ਕਾਬੂ ਕਰਕੇ ਤੀਲੀ ਬਣਾ ਲੈਂਦੇ ਹਨ, ਤੇ ਜਦ ਜੀ ਕਰੇ, ਜਲਾ ਲੈਂਦੇ ਹਨ, ਉਹ ਅੱਗ ਨਾਲ ਖੇਡਣਾ ਸਿੱਖ ਲੈਂਦੇ ਹਨ ਨਹੀਂ ਤਾਂ ਅੱਗ ਦੀ ਖੈਡ ਬਹੁਤ ਖਤਰਨਾਕ ਹੁੰਦੀ ਹੈ, ਦੂਜਿਆਂ ਨੂੰ ਸਾੜਦੀ ਸਾੜਦੀ ਕਦੇ ਨਾ ਕਦੇ ਤੁਹਾਨੂੰ ਵੀ ਸਾੜ ਦਿੰਦੀ ਹੈ..
ਆਓ ਮਾਤਮੀ ਚੁੱਪ ਤੇ ਸਾਜ਼ਿਸ਼ੀ ਮਾਇਆ ਦੇ ਵਾਇਰਸ ਨੂੰ ਮਿਲਣੀਆਂ ਦੇ ਐਂਟੀਵਾਇਰਸ ਨਾਲ ਰੀਸਾਈਕਲ ਬਿਨ ਵਿਚ ਸੁੱਟ ਦਈਏ ਅਤੇ ਮਨ ਦੀ ਹਾਰਡ ਡਿਸ਼ਕ ਨੂੰ ਵਾਇਰਸ ਮੁਕਤ ਕਰਕੇ ਇਕ ਦੂਜੇ ਦਾ ਹੱਥ ਫੜ ਅਤੇ ਕਰਿੰਘੜੀ ਪਾ ਸੰਵਾਦ ਦੇ ਰਾਹ ਤੁਰੀਏ..
ਇਹ ਕਹਿੰਦੇ ਹੋਏ ਸਫ਼ਰਾਂ ਤੇ ਨਿਕਲ ਪਈਏ…
ਜਿੱਥੇ ਚੱਲੇਂਗਾ ਚਲੂੰਗਾ ਨਾਲ ਤੇਰੇ, ਟਿਕਟਾਂ ਦੋ ਲੈ ਲਈਂ…
ਕੁਲਦੀਪ ਸਿੰਘ ਦੀਪ (ਡਾ.)
9876820600