ਪੰਜਾਂ ਧੀਆਂ ਮਗਰੋਂ ਮੁੰਡਾ ਹੋਇਆ ਤੇ ਇੱਕ ਧੀ ਓਹਦੇ ਨਾਲ ਹੋਰ ਆ ਗਈ ਯਾਨੀ ਕਿ ਬੱਚੇ ਜੌੜੇ (ਟਵਿਨਜ਼) ਸਨ। ਡਲਿਵਰੀ ਹਸਪਤਾਲ ਚ ਹੋਈ।ਮੁੰਡਾ ਪੂਰਾ ਤੰਦਰੁਸਤ ਤੇ ਕੁੜੀ ਬਹੁਤ ਕਮਜ਼ੋਰ ! ਜਨੇਪੇ ਦੀਆਂ ਪੀੜਾਂ ਭੰਨੀ ਮਾਂ ਨੇ ਜਦੋਂ ਆਪਾ ਸੰਭਾਲਿਆ ਤਾਂ ਨਰਸ ਨੇ ਫਟਾ ਫਟ ਮੁੰਡਾ ਨਾਲ ਪਾ ਦਿੱਤਾ ਤੇ ਵਧਾਈ ਦਿੱਤੀ! ਪਰ ਓਹ ਪੰਜ ਧੀਆਂ ਦੀ ਮਾਂ ਖੁਸ਼ ਹੋਣ ਦੀ ਥਾਂ ਕਿਸੇ ਤਲਾਸ਼ ਚ ਐਧਰ ਓਧਰ ਦੇਖਣ ਲੱਗੀ।( ਮਾਂ ਦੀ ਬੇਵਸਾਹੀ ਦਾ ਵੀ ਕਾਰਨ ਸੀ,ਜਿਸ ਦਾ ਜਿਕਰ ਕਿਤੇ ਫੇਰ ਕਰੂੰਗੀ) ਬੱਚਿਆਂ ਦੀ ਪੁਰਾਣੇ ਵਿਚਾਰਾਂ ਵਾਲੀ ਦਾਦੀ ,ਜਿਸਦੀ ਜਾਨ ਸਹਿ ਸਹਿ ਕਰ ਰਹੀ ਸੀ ਕਿ 🤔ਕਿਤੇ ਦੋਵੇਂ ਕੁੜੀਆਂ ਈ ਨਾ ਹੋ ਜਾਣ …ਨੂੰ ਹੁਣ ਰੱਬ ਦਾ ਸ਼ੁਕਰ ਕਰਨ ਦੀ ਥਾਂ ਮੁੰਡੇ ਨਾਲ ਜੰਮੀ..ਇਹ ਕੁੜੀ ਜਰਨੀ ਔਖੀ ਹੋਈ ਪਈ ਸੀ।ਉਹ ਬੋਲੀ” ਮੁੰਡੇ ਨੂੰ ਸਾਂਭ ਭਾਈ ,ਮਸਾਂ ਕਿਰਪਾ ਹੋਈ ਐ ਵਾਗਰੂ ਦੀ,ਪਤਾ ਨੀ ਰੱਬ ਨੇ ਕਿਵੇਂ ਮਸਾਂ ਡੀਕਦੀ ਨੂੰ ਪੋਤੇ ਦਾ ਮੂੰਹ ਦਿਖਾਇਆ ਐ”। ਪੜ੍ਹੀ ਲਿਖੀ ਮਾਂ ਨੂੰ ਜੌੜੇ ਬੱਚਿਆਂ ਬਾਰੇ ਡਾਕਟਰ ਨੇ ਪਹਿਲਾਂ ਦੱਸ ਦਿੱਤਾ ਸੀ ਏਸੇ ਕਰਕੇ ਡਲਿਵਰੀ ਸ਼ਹਿਰ ਦੇ ਸਰਕਾਰੀ ਹਸਪਤਾਲ ਚ ਕਰਵਾਈ। ਵੈਸੇ ਓਹਨਾ ਸਮਿਆਂ ਚ ਜਨੇਪੇ ਆਮ ਤੌਰ ਤੇ ਘਰਾਂ ਚ ਹੀ ਦਾਈਆਂ ਕਰ ਦਿੰਦੀਆਂ ਸਨ। ਇਸ ਮਾਂ ਦੀਆਂ ਵੀ ਪਹਿਲੀਆਂ ਪੰਜੇ ਧੀਆਂ ਚੰਗੀਆਂ ਭਲੀਆਂ ਘਰੇ ਹੀ ਪੈਦਾ ਹੋਈਆਂ ਸਨ। ਵੇਲੇ ਭਲੇ ਸਨ.. ਪਰ ਫੇਰ ਵੀ ਛੇਵੀਂ ਧੀ ਓਹਨਾਂ ਵੇਲਿਆਂ ਚ ਵੀ ਸਮਾਜ ਲਈ ਜਰਨੀ ਔਖੀ ਸੀ ਤੇ ਸਭ ਦਾ ਜੀ ਕਰਦਾ ਸੀ ਕਿ ਕੁੜੀ ਨੂੰ ਅਣਗੌਲਿਆ ਕਰ ਮੁੰਡੇ ਦੀ ਸੰਭਾਲ ਕਰਨ।ਡਾਕਟਰ ਨੇ ਕਿਹਾ ਕੁੜੀ ਬਹੁਤ ਕਮਜ਼ੋਰ ਐ ਜੀ ਬਹੁਤ ਕੇਅਰ ਕਰਨੀ ਪਵੇਗੀ। ਮਾਂ ਨੂੰ ਵੀ ਏਹੀ ਸਹਿਮ ਸੀ ਕਿ ਕਿਤੇ ਲਾਪ੍ਰਵਾਹੀ ਕਾਰਨ ਬੱਚੀ ਦਾ ਨੁਕਸਾਨ ਨਾ ਹੋ ਜਾਵੇ। ਸੋ ਸਾਰਿਆਂ ਦੀ ਪ੍ਰਵਾਹ ਛੱਡ ਓਸ ਜਿੰਦਾ ਦਿਲ ਮਾਂ ਨੇ ਕੁੜੀ ਫੜ ਛਾਤੀ ਨਾਲ ਲਾ ਲਈ ਤੇ ਡਾਕਟਰ ਨੂੰ ਕਹਿ ਦਿੱਤਾ ਕਿ ਮੇਰੀ ਕੁੜੀ ਨੂੰ ਕੁੱਛ ਨਹੀਂ ਹੋਣਾ ਚਾਹੀਦਾ… ਬਸ ਫੇਰ ਦਾਦੀ ਵੀ ਮਨ ਮਸੋਸ ਕੇ ਬਹਿ ਗਈ ! ਓਸ ਪਰਮਾਤਮਾ ਨੂੰ ਮੰਨਣ ਵਾਲੇ ਮਾਂ-ਬਾਪ ਦੀਆਂ ਅਰਦਾਸਾਂ ਤੇ ਵਧੀਆ ਪਾਲਣ ਪੋਸ਼ਣ ਨਾਲ ਦਿਨਾਂ ਚ ਹੀ ਕੁੜੀ ਨੌ ਬਰ ਨੌ ਹੋ ਗਈ। ਮੁੰਡੇ ਵਾਂਗ ਹੀ ਕੁੜੀ ਪਾਲੀ, ਪੜ੍ਹਾਈ ,ਨੌਕਰੀ ਲਵਾਈ …ਤੇ ਅੱਜ ਕੱਲ ਅਧਿਆਪਕ ਦੇ ਅਹੁਦੇ ਤੋਂ ਰਿਟਾਇਰ (ਨਾਨੀ- ਦਾਦੀ ਬਣ )ਵਧੀਆ ਖੁਸ਼ ਜਿੰਦਗੀ ਬਤੀਤ ਕਰ ਰਹੀ ਹੈ..।
ਦੋਸਤੋ ..ਇਹ ਕੋਈ ਕਿਸੇ ਦੀ ਕਹਾਣੀ ਨਹੀਂ ..ਸਗੋਂ ਇਹ ਸਾਡੇ ਆਪਣੇ ਪਰਿਵਾਰ ਦੀ ਹੱਡ ਬੀਤੀ ਹੈ..!
ਚਲੋ ਦੱਸ ਹੀ ਦੇਵਾਂ …..☺️
ਉਪਰੋਕਤ ਮਾਂ ਦੀਆਂ ਛੇ ਧੀਆਂ ਵਿੱਚੋਂ ਚੌਥੀ ਧੀ ਮੈਂ ਹੀ ਹਾਂ 😊😊 ਸਾਡੇ ਮਾਂ ਬਾਪ ਨੇ ਸਾਨੂੰ ਪੁੱਤਾਂ ਵਾਂਗ ਪਾਲਿਆ ਪੜ੍ਹਾਇਆ ਤੇ ਹੁਣ ਵਾਹਿਗੁਰੂ ਦੀ ਅਪਾਰ ਕਿਰਪਾ ਸਦਕਾ ਤੇ ਓਸ ਸੁਲਝੇ ਮਾਂ ਬਾਪ ਦੀ ਘਾਲਣਾ ਸਦਕਾ (ਸੱਤੇ ਭੈਣ ਭਰਾ) ਛੇ ਭੈਣਾਂ ਤੇ ਸਾਡਾ ਇੱਕਲੋਤਾ ਭਰਾ ਵਧੀਆ ਸਰਕਾਰੀ ਨੌਕਰੀਆਂ ਕਰ ਕੇ ਰੀਟਾਇਰ ਹੋ ਕੇ ਪੈਨਸ਼ਨਾਂ ਲੈ ਰਹੇ ਹਾਂ ਤੇ ਆਪੋ ਆਪਣੇ ਪਰਿਵਾਰਾਂ ਵਿੱਚ ਵਧੀਆ ਜੀਵਨ ਬਤੀਤ ਕਰ ਰਹੇ ਹਾਂ !🙏❤️🙏