ਕੇਰਾਂ ਤੜਕੇ ਮਨੇਰੇ ਬਟਾਲਿਓਂ ਹਰਚੋਵਾਲ ਜਾਣਾ ਪੈ ਗਿਆ..ਕਿਸੇ ਨੇੜੇ ਦੇ ਰਿਸ਼ਤੇਦਾਰ ਦੀ ਧੀ ਦੀ ਵੇਖਾ ਵਿਖਾਈ ਦਾ ਜਰੂਰੀ ਸੁਨੇਹਾ ਸੀ..ਸਿਆਲਾਂ ਦੇ ਦਿਨ..ਮੂੰਹ ਹਨੇਰੇ..ਮਾਂ ਨੇ ਪਰੌਂਠਿਆਂ ਦਾ ਨਾਸ਼ਤਾ ਕਰਵਾ ਦਿੱਤਾ..ਬੰਦ ਗਲੇ ਦਾ ਸਵੈਟਰ..ਦਸਤਾਨੇ ਜੁਰਾਬਾਂ ਤੇ ਉੱਤੇ ਲੋਈ..ਨਾਲੇ ਪੱਕੀ ਕੀਤੀ ਜਿਥੇ ਧੁੰਦ ਹੋਈ ਓਥੇ ਸਾਈਕਲ ਹੌਲੀ ਕਰਕੇ ਹੇਠਾਂ ਉੱਤਰ ਜਾਵੀਂ..!
ਮੈਂ ਕੰਧ ਸਾਬ ਮੱਥਾ ਟੇਕ ਕਾਦੀਆਂ ਵਾਲੀ ਚੁੰਗੀ ਹੁੰਦਾ ਹੋਇਆ ਸ਼ਾਹਬਾਦ ਸੰਗਤਪੁਰ ਅੱਪੜਿਆ ਤਾਂ ਹੱਥ ਸੁੰਨ ਅਤੇ ਨੱਕ ਲਾਲ ਹੋ ਗਿਆ..ਹਵਾ ਅੱਗਿਓਂ ਦੀ ਸੀ..ਸੂਰਜ ਦੀ ਟਿੱਕੀ ਦੀ ਲਾਲੀ ਮਾੜੀ ਮਾੜੀ ਦਿਸਣੀ ਸ਼ੁਰੂ ਹੋਈ ਹੀ ਸੀ ਕੇ ਵਡਾਲਾ ਗ੍ਰੰਥੀਆਂ ਟੱਪ ਗਿਆ..ਅੱਗੋਂ ਲੀਲ ਕਲਾਂ ਵਾਲਾ ਪੁਲ..ਦੋਝੀ ਦਿਹਾੜੀਆਂ ਵਾਲੇ ਅਤੇ ਫੈਕਟਰੀਆਂ ਦੀ ਲੇਬਰ..ਵਾਹੋ ਦਾਹੀ ਸ਼ਹਿਰ ਵੱਲ ਨੂੰ ਭੱਜੀ ਤੁਰੀ ਆ ਰਹੀ ਸੀ..!
ਡੱਲੇ ਵਾਲੇ ਮੋੜ ਤੋਂ ਥੋੜੀ ਅੱਗੇ ਕਾਹਲਵਾਂ ਤੋਂ ਪਹਿਲਾਂ ਇੱਕ ਥਾਂ ਪਾਸੇ ਜਿਹੇ ਗੁੜ ਨਿੱਕਲ ਰਿਹਾ ਸੀ..ਅਜੇ ਪਹਿਲੀ ਪੱਤ ਤਾਜੀ ਤਾਜੀ ਹੀ ਚੁੰਬੇ ਵਿਚੋਂ ਕੱਢ ਲੱਕੜ ਦੇ ਰਖਣੇ ਵਿਚ ਪਾਈ ਸੀ..ਇੱਕ ਬਾਬਾ ਜੀ ਕਾਹਲੀ ਕਾਹਲੀ ਵਿਚ ਰੰਬਾ ਫੇਰ ਰਹੇ ਸਨ..ਮੈਨੂੰ ਵੇਖ ਥੋੜਾ ਰੁਕ ਗਏ ਤੇ ਆਖਣ ਲੱਗੇ ਓਏ ਜਵਾਨਾਂ ਆਜਾ ਅੱਗ ਸੇਕ ਲੈ..ਨਾਲੇ ਗੁੜ ਖਾਂਦਾ ਜਾਵੀਂ..ਅਵਾਜ ਏਨੀ ਅਪਣੱਤ ਅਤੇ ਪਿਆਰ ਵਾਲੀ ਉੱਤੋਂ ਲੋਹੜੇ ਦੀ ਠੰਡ..ਮੈਂ ਸਾਈਕਲ ਰੋਕ ਲਿਆ..ਕੋਲ ਬੈਠ ਪਹਿਲੋਂ ਤੇ ਗਿਰੀਆਂ ਵਾਲਾ ਗੁੜ ਖਾਦਾ..ਫੇਰ ਪਿੰਡੋਂ ਆਈ ਤਾਜੀ ਦੁੱਧ ਪੱਤੀ ਵਾਲਾ ਗਿਲਾਸ ਅੱਗੇ ਕਰ ਦਿੱਤਾ..ਤਕਰੀਬਨ ਵੀਹ ਕੂ ਮਿੰਟ ਲਈ ਪੜਾਅ ਕੀਤਾ ਹੋਣਾ..ਕਿੰਨੇ ਸਵਾਲ..ਕਿੰਨਾ ਦਾ ਮੁੰਡਾ..ਕਿਧਰੋਂ ਆਇਆ..ਕਿੱਧਰ ਚੱਲਿਆਂ..ਕਿੰਨੇ ਭੈਣ ਭਾਈ..ਕਿਹੜੇ ਕਾਲਜ ਪੜਦਾ..!
ਆਖਿਆ ਇਥੋਂ ਕੋਲ ਹੀ ਹਰਪੂਰੇ ਧੰਦੋਈ ਮੇਰੀ ਭੂਆ ਵਿਆਹੀ ਏ ਤਾਂ ਬੜਾ ਖੁਸ਼ ਹੋਏ..ਫੇਰ ਮਾਸੀਆਂ ਮਾਸੜ ਮਾਮੇ ਮਾਮੀਆਂ ਅਤੇ ਹੋਰ ਵੀ ਵਾਕਫ਼ੀਆਂ ਰਿਸ਼ਤੇਦਾਰੀਆਂ ਸਭ ਕੁਝ ਵੀਹਾਂ ਮਿੰਟਾਂ ਵਿਚ ਹੀ ਸਮੋ ਗਈਆਂ..ਅਖੀਰ ਗੁੜ ਦੀਆਂ ਚਾਰ ਪੇਸੀਆਂ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿਚ ਬੰਨ ਦਿੱਤੀਆਂ..ਬੜਾ ਜ਼ੋਰ ਦਿੱਤਾ ਕੇ ਕੋਈ ਲੋੜ ਨਹੀਂ ਪਰ ਉਹ ਬਜਿਦ ਰਹੇ..ਅਖੀਰ ਓਥੇ ਹੀ ਏਨਾ ਵਾਅਦਾ ਕਰਕੇ ਛੱਡ ਗਿਆ ਕੇ ਹੁਣੇ ਦੋ ਘੰਟਿਆਂ ਬਾਅਦ ਵਾਪਿਸ ਪਰਤਣਾ..ਓਦੋਂ ਲੈਂਦਾ ਜਾਵਾਂਗਾ..!
ਆਹ ਲਹਿੰਦੇ ਪੰਜਾਬ ਦੀ ਫੋਟੋ ਵੇਖ ਉਹ ਬਿਰਤਾਂਤ ਚੇਤੇ ਆ ਗਿਆ..!
ਦੋਸਤੋ ਪੁਲਾਂ ਹੇਠੋਂ ਇੱਕ ਵੇਰਾਂ ਲੰਘੇ ਬੇਸ਼ਕ ਵਾਪਿਸ ਨਹੀਂ ਪਰਤਿਆ ਕਰਦੇ ਪਰ ਮਨ ਦੀਆਂ ਤੈਹਾਂ ਅੰਦਰ ਸਮੋਇਆ ਕਿੰਨਾ ਸਾਰਾ ਅਤੀਤ ਕਿਧਰੇ ਵੀ ਨਹੀਂ ਜਾਂਦਾ..ਜਦੋਂ ਵੀ ਮਾਫਿਕ ਮਾਹੌਲ ਮਿਲਦਾ ਬੀਤੇ ਸਮੇਂ ਦੀ ਬੁੱਕਲ ਵਿਚੋਂ ਨਿੱਕਲ ਵਰਤਮਾਨ ਬਣ ਸਾਮਣੇ ਆਣ ਹੀ ਖਲੋਂਦਾ..!
ਹਰਪ੍ਰੀਤ ਸਿੰਘ ਜਵੰਦਾ